ਔਰਨ ਕੀ ਹੋਲੀ ਮਮ ਹੋਲਾ – ਡਾ. ਨਿਸ਼ਾਨ ਸਿੰਘ ਰਾਠੌਰ
ਹੋਲਾ ਮਹੱਲਾ ਸਿੱਖ ਧਰਮ ਦਾ ਨਿਵੇਕਲਾ ਤੇ ਜੋਸ਼ੀਲਾ ਤਿਉਹਾਰ ਹੈ। ਇਹ ਤਿਉਹਾਰ ਹਰ ਸਾਲ ਹੋਲੀ ਦੇ ਅਗਲੇ ਦਿਨ ਸਿੱਖ ਜਗਤ ਵਿੱਚ ਪੂਰੇ ਜੋਸ਼ ਅਤੇ ਪੁਰਾਤਨ ਪਰੰਪਰਾ ਦੇ ਮੁਤਾਬਕ ਮਨਾਇਆ ਜਾਂਦਾ ਹੈ। ਇਸ ਸੰਬੰਧੀ ਵਿਸਥਾਰ ਪੂਰਵਕ ਵਿਚਾਰ- ਚਰਚਾ ਇਸ ਪ੍ਰਕਾਰ ਕੀਤੀ ਜਾ ਰਹੀ ਹੈ ਤਾਂ ਕਿ ਇਸ ਦੀ ਆਰੰਭਤਾ, ਵਿਕਾਸ ਅਤੇ ਮੌਜੂਦਾ ਸਰੂਪ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਜਾ ਸਕੇ। ਅੱਜ ਦੇ ਸੰਦਰਭ ਵਿੱਚ ਇਹ ਤਿਉਹਾਰ ਕਿਸ ਤਰ੍ਹਾਂ ਦਾ ਰੂਪ ਅਖ਼ਤਿਆਰ ਕਰ ਗਿਆ ਹੈ? ਇਸ ਤਿਉਹਾਰ ਨੂੰ ਆਰੰਭ ਕਰਨ ਪਿੱਛੇ ਗੁਰੂ ਸਾਹਿਬ ਜੀ ਦਾ ਮੂਲ ਉਦੇਸ਼ ਕੀ ਸੀ?, ਤੇ ਮੌਜੂਦਾ ਦੌਰ ਵਿੱਚ ਇਹ ਉਦੇਸ਼ ਕਿੰਨਾ ਕੁ ਪ੍ਰਸੰਗਕ ਰਹਿ ਗਿਆ ਹੈ? ਇਹਨਾਂ ਸਾਰੇ ਵਿਸ਼ਿਆਂ ਬਾਰੇ ਇਸ ਲੇਖ ਵਿੱਚ ਵਿਚਾਰ ਕੀਤੀ ਜਾਵੇਗੀ। ਹੋਲੇ ਮਹੱਲੇ ਦੇ ਪਿਛੋਕੜ ਅਤੇ ਇਤਿਹਾਸਕ ਪਰਿਪੇਖ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਸ ਵਕਤ ਹੋਲੇ ਮਹੱਲੇ ਦੀ ਸਾਰਥਕਤਾ ਉੱਪਰ ਵੀ ਕੁਝ ਨੁਕਤੇ ਪੇਸ਼ ਕੀਤੇ ਜਾਣਗੇ।
ਅਸਲ ਵਿੱਚ ਤਿਉਹਾਰਾਂ, ਉਤਸਵਾਂ ਦਾ ਇਤਿਹਾਸ ਉੰਨਾ ਹੀ ਪੁਰਾਣਾ ਅਤੇ ਗੌਰਵਮਈ ਹੈ ਜਿੰਨਾ ਕਿ ਮਨੁੱਖੀ ਸੱਭਿਅਤਾ ਦਾ। ਮਨੁੱਖ ਦੇ ਸਮਾਜਿਕ ਹੋਣ ਤੋਂ ਲੈ ਕੇ ਸਮਕਾਲ ਤੀਕ; ਤਿੱਥ- ਤਿਉਹਾਰ, ਰਹੁ- ਰੀਤਾਂ, ਧਾਰਮਿਕ ਆਯੋਜਨ ਅਤੇ ਉਤਸਵ ਮਨੁੱਖ ਦੇ ਨਾਲ- ਨਾਲ ਹੀ ਚੱਲਦੇ ਆ ਰਹੇ ਹਨ। ਦੂਜੀ ਅਹਿਮ ਅਤੇ ਮਹਤੱਵਪੂਰਨ ਗੱਲ, ਆਦਿਕਾਲ ਤੋਂ ਲੈ ਕੇ ਸਮਕਾਲ ਤੀਕ ਤਿੱਥਾਂ- ਤਿਉਹਾਰਾਂ, ਰਹੁ- ਰੀਤਾਂ ਅਤੇ ਉਤਸਵਾਂ ਦੇ ਸਰੂਪ, ਸਿਧਾਂਤ ਅਤੇ ਸੰਕਲਪ ਬਦਲਦੇ ਰਹੇ ਹਨ। ਕਿਸੇ ਖ਼ਾਸ ਉਦੇਸ਼ ਜਾਂ ਮਨੌਤ ਕਰਕੇ ਆਰੰਭ ਹੋਇਆ ਕੋਈ ਤਿੱਥ- ਤਿਉਹਾਰ (ਆਯੋਜਨ) ਅਜੋਕੇ ਸੰਦਰਭ ’ਚ ਕਿਸੇ ਹੋਰ ਉਦੇਸ਼ ਦੀ ਪੂਰਤੀ ਹਿੱਤ ਮਨਾਇਆ ਜਾ ਰਿਹਾ ਹੈ। ਇਹ ਬਦਲਾਓ ਲਾਜ਼ਮੀ ਅਤੇ ਕੁਦਰਤੀ ਹਨ। ਇਹਨਾਂ ’ਤੇ ਕਿਸੇ ਪ੍ਰਕਾਰ ਦੀ ਚਰਚਾ ਅਤੇ ਬਹਿਸ ਫ਼ਿਜੂਲ ਸਾਬਿਤ ਹੋਵੇਗੀ ਕਿਉਂਕਿ ਇਸ ਤੋਂ ਕਿਸੇ ਨਤੀਜੇ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹ ਕੁਦਰਤੀ ਨਿਯਮ ਹੈ ਕਿ ਵਕਤ ਦੇ ਬਤੀਤ ਹੋਣ ਦੇ ਨਾਲ- ਨਾਲ ਮਨੁੱਖ ਦੇ ਸੁਭਾਓ ਤੇ ਕੁਦਰਤ ਦੇ ਨਿਯਮ ਵਿੱਚ ਬਦਲਾਓ ਹੋ ਜਾਂਦਾ ਹੈ।
ਸਮਾਜਿਕ ਨਿਯਮਾਂ ਦੀ ਆਰੰਭਤਾ ਤੋਂ ਹੀ ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ, ਉਕੇਵੇਂ ਜਾਂ ਖ਼ਾਸ ਧਾਰਮਿਕ ਮਨੌਤਾਂ, ਪਰੰਪਰਾਵਾਂ ਦੇ ਅਧੀਨ ਤਿੱਥਾਂ- ਤਿਉਹਾਰਾਂ ਨੂੰ ਮਨਾਉਂਦਾ ਆ ਰਿਹਾ ਹੈ। ਇਹ ਤਿਉਹਾਰ ਕਦੇ ਰੁੱਤਾਂ ਦੇ ਬਦਲਣ ਮੌਕੇ ਮਨਾਏ ਜਾਂਦੇ ਹਨ/ ਕਦੇ ਇਤਿਹਾਸਕ ਪਰਿਪੇਖ ਦੀ ਇਵਜ਼ ਵਿੱਚ ਅਤੇ ਕਦੇ ਸਮਾਜਿਕ ਸੰਦਰਭ ਵਿੱਚ ਮਨਾਏ ਜਾਂਦੇ ਹਨ। ਇਹਨਾਂ ਦਾ ਮੂਲ ਉਦੇਸ਼ ਮਨੁੱਖੀ ਜੀਵਨ ਦੇ ਅੰਦਰ ਖੜੌਤ ਨੂੰ ਰੋਕਣਾ ਅਤੇ ਨਵ- ਚੇਤਨਾ ਦਾ ਸੰਚਾਰ ਕਰਨਾ ਹੁੰਦਾ ਹੈ। ਮਨੁੱਖ ਦੇ ਜੀਵਨ ਅੰਦਰ ਨਵ- ਉਰਜਾ ਦਾ ਸੰਚਾਰ ਕਰਨਾ ਹੈ।
ਮਨੁੱਖਤਾ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਜਦੋਂ ਤੋਂ ਸ੍ਰਿਸਟੀ ਦੀ ਰਚਨਾ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮਨੁੱਖੀ ਜੀਵਨ ਵਿੱਚ ਬਦਲਾਓ ਹੁੰਦੇ ਆ ਰਹੇ ਹਨ। ਉਂਝ ਇਹ ਬਦਲਾਓ ਲਾਜ਼ਮੀ ਵੀ ਹਨ ਕਿਉਂਕਿ ਖੜੌਤ ਹਮੇਸ਼ਾ ਗਿਰਾਵਟ ਅਤੇ ਵਿਨਾਸ਼ (ਖ਼ਤਮ ਹੋਣ) ਦੀ ਨਿਸ਼ਾਨੀ ਹੁੰਦੀ ਹੈ। ਆਦਿਕਾਲ ਤੋਂ ਮਨੁੱਖੀ ਸੱਭਿਅਤਾ ਵਿੱਚ ਬਦਲਾਓ ਹੁੰਦੇ ਆਏ ਹਨ ਅਤੇ ਮਨੁੱਖਤਾ ਇਹਨਾਂ ਬਦਲਾਵਾਂ ਨੂੰ ਸਹਿਜਤਾ ਨਾਲ ਸਵੀਕਾਰ ਵੀ ਕਰਦੀ ਆਈ ਹੈ। ਸਮਾਜਕ ਬਣਤਰ ਨੂੰ ਦਰੁੱਸਤ ਢੰਗ ਨਾਲ ਚਲਾਉਣ ਵਾਸਤੇ ‘ਧਰਮ’ ਨੇ ਜਨਮ ਲਿਆ। ਇਹ ਧਰਮ ਹੀ ਸੀ ਜਿਸਨੇ ਮਨੁੱਖ ਨੂੰ ਉਸਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ। ਮਨੁੱਖ ਪਹਿਲਾਂ ਨਾਲੋਂ ਵਧੇਰੇ ਜਾਗਰੁਕ ਅਤੇ ਜ਼ਿੰਮੇਵਾਰ ਬਣ ਗਿਆ।
ਫੇਰ ਸਹਿਜੇ- ਸਹਿਜੇ ਮਨੁੱਖ ਇਹਨਾਂ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਇੰਨਾ ਦੱਬ ਗਿਆ ਕਿ ਉਹ ਆਪਣੇ ਜੀਵਨ ’ਚ ਤਬਦੀਲੀਆਂ / ਬਦਲਾਓ ਚਾਹੁਣ ਲੱਗਾ। ਇਸੇ ਤਬਦੀਲੀ / ਬਦਲਾਓ ਦੀ ਚਾਹਤ ਅਤੇ ਇੱਛਾ ਕਰਕੇ ਤਿੱਥਾਂ- ਤਿਉਹਾਰਾਂ, ਉਤਸਵਾਂ ਨੇ ਜਨਮ ਲਿਆ। ਅਸਲ ਵਿੱਚ ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ ਤੋਂ ਕੁਝ ਸਮੇਂ ਲਈ ਨਿਜ਼ਾਤ ਚਾਹੁੰਦਾ ਸੀ / ਮੁਕਤੀ ਚਾਹੁੰਦਾ ਸੀ। ਇਸ ਲਈ ਉਸਨੇ ਮਨੋਰੰਜਨ ਜਾਂ ਕੁਝ ਹੱਦ ਤੱਕ ਸ਼ਰਧਾ / ਪ੍ਰੇਮ ਕਰਕੇ ਕਈ ਤਰ੍ਹਾਂ ਦੇ ਮੇਲੇ- ਤਿਉਹਾਰ ਅਤੇ ਆਯੋਜਨ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਮੇਲਿਆਂ- ਤਿਉਹਾਰਾਂ ਨੂੰ ਰੁੱਤਾਂ, ਮੌਸਮਾਂ ਦੇ ਬਦਲਾਓ ਜਾਂ ਇਤਿਹਾਸਕ, ਸਮਾਜਿਕ ਪਰਿਪੇਖ ਵਿਚ ਮਨਾਇਆ ਜਾਣ ਲੱਗਾ। ਕੁਝ ਤਿਉਹਾਰ ਦੇਵੀ- ਦੇਵਤਿਆਂ ਨੂੰ ਪ੍ਰਸੰਨ (ਖੁਸ਼) ਕਰਨ ਹਿੱਤ ਮਨਾਏ ਜਾਂਦੇ ਸਨ। ਸੰਖੇਪ ’ਚ ਕਿਹਾ ਜਾ ਸਕਦਾ ਹੈ ਕਿ ਲੋਕ ਇਹਨਾਂ ਤਿਉਹਾਰਾਂ ਨੂੰ ਸ਼ਰਧਾ ਅਤੇ ਮਨੋਰੰਜਨ ਹਿੱਤ ਹੀ ਮਨਾਉਂਦੇ ਸਨ। ਦੂਜੀ ਗੱਲ, ਆਪਣੇ ਨਿੱਤ ਦੇ ਅਕਵੇਂ ਨੂੰ ਦੂਰ ਕਰਨ ਹਿੱਤ ਕੁਝ ਆਯੋਜਨ ਸਹਿਜੇ- ਸਹਿਜੇ ਤਿਉਹਾਰਾਂ ਦੇ ਰੂਪ ਵਿੱਚ ਪ੍ਰਚੱਲਤ ਹੋ ਗਏ। ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਚੱਲਦੇ ਆ ਰਹੇ ਹਨ।
ਦੁਨੀਆਂ ਦੇ ਨਕਸ਼ੇ ਤੇ “ਖ਼ਾਲਸਾ ਪੰਥ” ਦੀ ਆਮਦ ਨਾਲ ਜਿੱਥੇ ਸਿਆਸੀ, ਸਮਾਜਿਕ ਬਦਲਾਓ ਆਇਆ ਉੱਥੇ ਹੀ ਮਨੁੱਖੀ ਜੀਵਨ ਵਿਚ ਕੇਵਲ ਮਨੋਰੰਜਨ ਅਤੇ ਸ਼ਰਧਾ ਹਿੱਤ ਮਨਾਏ ਜਾਂਦੇ ਤਿਉਹਾਰਾਂ ਦੀ ਰੂਪ- ਰੇਖਾ ਵੀ ਬਦਲ ਗਈ। ਇਹਨਾਂ ਤਿਉਹਾਰਾਂ ਵਿੱਚੋਂ ਇੱਕ ਹੈ ਹੋਲਾ- ਮਹੱਲਾ। ਹਾਲਾਂਕਿ ਹੋਲੇ ਮਹੱਲੇ ਦਾ ਹੋਲੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਪਰ ਇਹ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਅਤੇ ਇਸਦਾ ਨਾਮ ਵੀ ਹੋਲਾ ਹੈ ਸੋ ਆਮ ਲੋਕਾਂ ਨੂੰ ਭੁਲੇਖਾ ਪੈਂਦਾ ਹੈ ਕਿ ਖ਼ਬਰੇ ਇਹ ਤਿਉਹਾਰ ਹੋਲੀ ਦਾ ਸੁਧਰਿਆ ਰੂਪ ਹੈ। ਹੋਲੀ ਜਿੱਥੇ ਰੰਗਾਂ ਦਾ ਤਿਉਹਾਰ ਹੈ ਉੱਥੇ ਹੋਲਾ ਮਹੱਲਾ ਸ਼ਸਤਰ- ਵਿੱਦਿਆ ਅਤੇ ਚੜ੍ਹਦੀ ਕਲਾ ਦਾ ਤਿਉਹਾਰ ਹੈ। ਇਹ ਖ਼ਾਲਸੇ ਦਾ ਕੌਮੀ ਜੋੜ ਮੇਲਾ ਹੈ।
ਹੋਲਾ ਮਹੱਲਾ ਕੋਈ ਇਕੱਲਾ ਇੱਕ ਤਿਉਹਾਰ ਹੀ ਨਹੀਂ ਹੈ ਬਲਕਿ ਇੱਕ ਜਜ਼ਬਾ ਹੈ ਜਿਹੜਾ ਹਰ ਵਰ੍ਹੇ ਨਵੇਂ ਸੰਕਲਪ ਪੇਸ਼ ਕਰਦਾ ਹੈ। ਇਹਨਾਂ ਸੰਕਲਪਾਂ ’ਤੇ ਪੂਰਾ ਉਤਰ ਕੇ ਅੱਜ ਦਾ ਮਨੁੱਖ ਆਪਣੇ ਜੀਵਨ ਵਿੱਚ ਖੜੌਤ ਦਾ ਸ਼ਿਕਾਰ ਹੋਣ ਤੋਂ ਬਚ ਸਕਦਾ ਹੈ / ਅਕੇਵੇਂ ਦੀ ਜ਼ਿੰਦਗੀ ਤੋਂ ਛੁਟਕਾਰਾ ਪਾ ਸਕਦਾ ਹੈ ਅਤੇ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਦਾ ਹੈ। ਬਸ਼ਰਤੇ! ਉਹ ਸਹੀ ਅਰਥਾਂ ਵਿੱਚ ਹੋਲਾ ਮਹੱਲੇ ਦੇ ਸੰਕਲਪ ਨੂੰ ਸਮਝ ਸਕਣ ਦੀ ਸਮਰੱਥਾ ਰੱਖਦਾ ਹੋਵੇ।
ਹੋਲਾ ਮਹੱਲਾ — ਇਤਿਹਾਸਕ ਪਰਿਪੇਖ ਵਿੱਚ ਚਰਚਾ
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਧੀ ਇੱਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿਖੇ, ਕਿਲ੍ਹਾ ਲੋਹਗੜ੍ਹ ਦੇ ਅਸਥਾਨ ਤੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ। ਕਵੀ ਸੁਮੇਰ ਸਿੰਘ “ਗੁਰ ਪਦ ਪ੍ਰੇਮ ਪ੍ਰਕਾਸ਼” ਵਿਚ ਲਿਖਦੇ ਹਨ;
“ਔਰਨ ਕੀ ਹੋਲੀ ਮਮ ਹੋਲਾ
ਕਹਯੋ ਕ੍ਰਿਪਾਨਿਧ ਬਚਨ ਅਮੋਲਾ।”
ਦਸਮ ਪਿਤਾ ਸਿੱਖਾਂ ਅੰਦਰ ਜਿੱਤ, ਜਜ਼ਬੇ ਅਤੇ ਜੰਗ ਦੇ ਭਾਵਨਾ ਨੂੰ ਪ੍ਰਚੰਡ ਕਰਨਾ ਚਾਹੁੰਦੇ ਸਨ। ਅਸਲ ਵਿੱਚ ਇਹ ਸਮੇਂ ਦੀ ਜ਼ਰੂਰਤ ਸੀ। ਆਮ ਲੋਕਾਂ ਦੇ ਮਨਾਂ ਅੰਦਰ ਹਕੂਮਤ (ਹਾਕਮ) ਦਾ ਡਰ ਇੰਨਾ ਜ਼ਿਆਦਾ ਘਰ ਚੁਕਿਆ ਸੀ ਕਿ ਲੋਕ ਡਰ- ਡਰ ਕੇ ਜਿਉਂਦੇ ਪਏ ਸਨ। ਗੁਰੂ ਸਾਹਿਬ ਆਮ ਲੋਕਾਂ ਦੇ ਮਨਾਂ ’ਚੋਂ ਇਸ ਡਰ ਨੂੰ ਮੂਲੋਂ ਹੀ ਖ਼ਤਮ ਕਰਨਾ ਚਾਹੁੰਦੇ ਸਨ / ਰੱਦ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਜਿੱਥੇ ਖ਼ਾਲਸਾ ਪੰਥ ਸਾਜਿਆ। ਉੱਥੇ ਹੀ ਸਮਾਜ ’ਚ ਚੱਲ ਰਹੇ ਤਿੱਥਾਂ- ਤਿਉਹਾਰਾਂ ਨੂੰ ਨਵੇਂ ਰੂਪ ’ਚ ਮਨਾਉਣ ਦੀ ਆਰੰਭਤਾ ਕੀਤੀ। ਗੁਰੂ ਸਾਹਿਬ ਇਹਨਾਂ ਤਿਉਹਾਰਾਂ ਨੂੰ ਕੇਵਲ ਮਨੋਰੰਜਨ ਜਾਂ ਸ਼ਰਧਾ ਹਿੱਤ ਮਨਾਉਣ ਦੇ ਪੱਖ ਵਿੱਚ ਨਹੀਂ ਸਨ ਬਲਕਿ ਉਹ ਇਹਨਾਂ ਤਿਉਹਾਰਾਂ ਦੇ ਮਾਧਿਅਮ ਰਾਹੀਂ ਲੋਕ ਮਨਾਂ ’ਚ ਨਵ ਚੇਤਨਾ ਦਾ ਸੰਚਾਰ ਕਰਨਾ ਚਾਹੁੰਦੇ ਸਨ। ਖ਼ਾਲਸਈ ਜਾਲੋ- ਜਲਾਲ ਦਾ ਪ੍ਰਤੀਤ ਹੋਲਾ ਮਹੱਲਾ ਇਸੇ ਉਦੇਸ਼ ਦੀ ਪੂਰਤੀ ਹਿੱਤ ਨਵ- ਰੂਪ ਅਖ਼ਤਿਆਰ ਕਰ ਗਿਆ ਜਿਹੜਾ ਅੱਜ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਸਿੱਖਾਂ ਅੰਦਰ ਨਵ-ਉਰਜਾ ਦਾ ਸੰਚਾਰ ਕਰਦਾ ਹੈ।
ਹੋਲਾ ਮਹੱਲਾ ਦਾ ਸ਼ਬਦੀ ਅਰਥ ਅਤੇ ਵਿਚਾਰ — ਹੋਲਾ ‘ਅਰਬੀ’ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਬਣਿਆ ਹੈ ਜਿਸਦਾ ਅਰਥ ਹੈ ਲੋਕਾਂ ਦੀ ਭਲਾਈ ਲਈ ਜੂਝਣਾ, ਸੀਸ ਤਲੀ ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ਤੇ ਚੱਲਣਾ ਭਾਵ ਸਰਬੱਤ ਦੇ ਭਲੇ ਲਈ ਤੱਤਪਰ ਹੋਣਾ। ਇਹੋ ਉਦੇਸ਼ ਖ਼ਾਲਸੇ ਦਾ ਮੂਲ ਉਦੇਸ਼ ਹੈ। ਖ਼ਾਲਸਾ ਸਦਾ ਤੋਂ ਹੀ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਜੂਝਦਾ ਰਿਹਾ ਹੈ ਅਤੇ ਅੱਜ ਵੀ ਜੂਝ ਰਿਹਾ ਹੈ। ‘ਮਹੱਲਾ’ ਸ਼ਬਦ ਦਾ ਅਰਥ ਹੈ ਉਹ ਥਾਂ ਜਿਸ ਨੂੰ ਜਿੱਤ ਕੇ, ਫਤਿਹ ਕਰਕੇ ਉੱਥੇ ਟਿਕਾਣਾ ਕੀਤਾ ਜਾਵੇ, ਪੜਾਅ ਕੀਤਾ ਜਾਵੇ, ਰੁਕਿਆ ਜਾਵੇ।
ਭਾਈ ਕਾਨ੍ਹ ਸਿੰਘ ਨਾਭਾ ਹੋਲਾ ਦੇ ਅਰਥ ਕਰਦੇ ਹਨ, “ਹਮਲਾ ਕਰਨਾ ਅਤੇ ਜਿੱਥੇ ਹਮਲਾ ਕਰਦੇ ਹਨ।” ਮਹੱਲਾ ਇੱਕ ਤਰ੍ਹਾਂ ਦੀ ਬਨਾਉਟੀ ਲੜਾਈ ਹੈ। ਇਸ ਲੜਾਈ ਦਾ ਮੁੱਖ ਮੰਤਵ ਸ਼ਸਤਰ- ਵਿੱਦਿਆ ਦਾ ਅਭਿਆਸ ਕਰਨਾ ਹੁੰਦਾ ਹੈ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਭਾਵ ਬਨਾਉਟੀ ਲੜਾਈ ਹੁੰਦੀ ਹੈ। ਇਸ ਵਿੱਚ ਪੈਦਲ ਅਤੇ ਘੋੜ- ਸਵਾਰ ਸ਼ਸਤਰਧਾਰੀ ਸਿੰਘ (ਦੋ) ਦਲ ਬਣਾ ਕੇ ਨਕਲੀ ਲੜਾਈ ਰਾਹੀਂ ਕਈ ਪ੍ਰਕਾਰ ਦੀਆਂ ਜੰਗੀ ਕਰਤੱਬਾਂ ਦਾ ਅਭਿਆਸ ਕਰਦੇ ਸਨ। ਅਸਲ ਵਿੱਚ ਹੋਲਾ ਮਹੱਲਾ ਸਿੱਖਾਂ ਅੰਦਰ ਚੜ੍ਹਦੀ ਕਲਾ ਦੇ ਸੰਕਲਪ ਨੂੰ ਰੂਪਮਾਨ ਕਰਦਾ ਹੈ।
ਖ਼ਾਲਸੇ ਅੰਦਰ ਜੰਗਜੂ ਬਿਰਤੀ ਦਾ ਸੰਚਾਰ ਅਤੇ ਜਜ਼ਬਾ — ਗੁਰੂ ਸਾਹਿਬ ਦਾ ਮੂਲ ਮੰਤਵ ਸਿੱਖਾਂ ਅੰਦਰ ਜੰਗਜੂ ਬਿਰਤੀ ਦੀ ਪਿਰਤ ਪਾਉਣਾ ਸੀ। ਇਹ ਇਕੱਲੇ ਹੋਲਾ ਮਹੱਲੇ ਤੇ ਤਿਉਹਾਰ ਕਰਕੇ ਨਹੀਂ ਪੈ ਸਕਦੀ ਸੀ ਜਾਂ ਇਕੱਲੇ ਤਿੱਥਾ- ਤਿਉਹਾਰਾਂ ਦੇ ਨਵ-ਸਰੂਪਾਂ ਕਰਕੇ ਨਹੀਂ ਪੈ ਸਕਦੀ ਸੀ। ਇਸ ਲਈ ਗੁਰੂ ਸਾਹਿਬ ਨੇ ਜਿੱਥੇ ਦਸਤਾਰ ਬਖਸ਼ੀ ਉੱਥੇ ਤਲਵਾਰ (ਕ੍ਰਿਪਾਨ) ਰੱਖਣ ਦੀ ਤਾਕੀਦ ਕੀਤੀ। ਅਸਲ ਵਿੱਚ ਦਸਤਾਰ ਮਨੁੱਖ ਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਦਸਤਾਰ (ਉਹ ਤਾਜ) ਹੈ ਜਿਹੜਾ ਰਾਜਿਆਂ- ਮਹਾਰਾਜਿਆਂ ਦੇ ਸਿਰ ਤੇ ਸੋਭਦਾ ਹੈ। ਤਲਵਾਰ ਰੱਖਣ ਦਾ ਹੌਸਲਾ ਉਸ ਮਨੁੱਖ ਕੋਲ ਹੁੰਦਾ ਹੈ ਜਿਹੜਾ ਜੰਗਜੂ (ਲੜਾਕੂ) ਬਿਰਤੀ ਦਾ ਮਾਲਕ ਹੋਵੇ ਅਤੇ ਜਿਹੜਾ ਸੂਰਬੀਰ ਦੂਜੇ ਲੋਕਾਂ ਦੀ ਮਦਦ ਹਿੱਤ ਜੂਝਣ (ਲੜਨ) ਦਾ ਹੌਸਲਾ ਰੱਖਦਾ ਹੋਵੇ। ਖ਼ਾਲਸੇ ਅੰਦਰ ਇਹ ਸਪਿਰਟ ਹੋਲਾ ਮਹੱਲੇ ਦੇ ਮੌਜੂਦਾ ਸਵਰੂਪ ਕਰਕੇ ਕਾਰਗਰ ਸਿੱਧ ਹੋਈ ਹੈ।
ਅਜੋਕੇ ਸੰਦਰਭ ਵਿੱਚ ਹੋਲੇ ਮਹੱਲੇ ਦੀ ਪ੍ਰਸੰਗਤਾ — ਇਹ ਕੁਦਰਤੀ ਨਿਯਮ ਹੈ ਕਿ ਸਮਾਜਿਕ ਰਹੁ- ਰੀਤਾਂ ਵਿੱਚ ਤਬਦੀਲੀ ਅਤੇ ਗਿਰਾਵਟ ਆ ਜਾਂਦੀ ਹੈ। ਇਸਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਕੁਦਰਤੀ ਅਤੇ ਲਾਜ਼ਮੀ ਵਰਤਾਰਾ ਹੈ। ਹਾਂ, ਇਸ ਨੂੰ ਕੁਝ ਵਕਤ ਲਈ ਟਾਲਿਆ ਜਾ ਸਕਦਾ ਹੈ ਪਰ ਅਸਲੋਂ ਹੀ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਵਰਤਾਰਾ ਆਦਿਕਾਲ ਤੋਂ ਚੱਲਦਾ ਆ ਰਿਹਾ ਹੈ ਅਤੇ ਚੱਲਦਾ ਹੀ ਰਹੇਗਾ। ਚੀਜ਼ਾਂ ਬਣਦੀਆਂ ਹਨ/ ਟੁੱਟਦੀਆਂ ਹਨ ਤੇ ਫਿਰ ਬਣਦੀਆਂ ਹਨ। ਇਰ ਕੁਦਰਤ ਦਾ ਨਿਯਮ ਹੈ।
ਅੱਜ ਹੋਲੇ ਮਹੱਲੇ ਦੇ ਸੰਦਰਭ ’ਚ ਗੱਲ ਕਰਦਿਆਂ ਬਹੁਤ ਹੈਰਾਨੀ ਅਤੇ ਚਿੰਤਾ ਹੁੰਦੀ ਹੈ ਕਿ ਅਜੋਕਾ ਨੋਜਵਾਨ ਤਬਕਾ ਸ਼ਸਤਰ- ਵਿੱਦਿਆ ਨੂੰ ਕੇਵਲ ਨਿਹੰਗ ਸਿੰਘਾਂ ਜਾਂ ਫੌਜੀ ਦਸਤਿਆਂ ਦਾ ਕੰਮ ਸਮਝਦਾ ਹੈ। ਇਸ ਤਿਉਹਾਰ ਤੇ ਕਈ ਪ੍ਰਕਾਰ ਦੇ ਨਸ਼ੇ ਤੇ ਹੁਲੜਬਾਜ਼ੀ ਕੀਤੀ ਜਾਂਦੀ ਹੈ ਜਿਹੜੀ ਕਿ ਗੁਰੂ ਸਾਹਿਬ ਜੀ ਦੇ ਸਿਧਾਂਤ ਤੇ ਅਸਲੋਂ ਹੀ ਉਲਟ ਹੈ। ਪਹਿਲਾਂ ਲੋਕ ਹੋਲੀ ਦੇ ਤਿਉਹਾਰ ਤੇ ਭੰਗ, ਸ਼ਰਾਬ ਪੀ ਕੇ, ਨਸ਼ੇ ਕਰਕੇ; ਰੰਗ ਇੱਕ- ਦੂਜੇ ਉੱਪਰ ਸੁੱਟਦੇ ਸਨ ਪਰ! ਅਜੋਕੇ ਵਕਤ ਖ਼ਾਲਸਾਈ ਜਾਲੋ- ਜਲਾਲ ਦੇ ਪ੍ਰਤੀਤ ਤਿਉਹਾਰ ਹੋਲੇ ਮਹੱਲੇ ਤੇ ਵੀ ਕੁਝ ਲੋਕ ਨਸ਼ੇ ਦਾ ਸੇਵਨ ਕਰਦੇ ਹਨ। ਹੁਲੜਬਾਜ਼ੀ ਕਰਦੇ ਹਨ। ਇਹ ਬਹੁਤ ਮੰਦਭਾਗੀ ਗੱਲ ਹੈ।
ਆਖ਼ਰ ਵਿਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਤਿਉਹਾਰ ਮਨੁੱਖੀ ਮਨਾਂ ’ਚ ਨਵ- ਚੇਤਨਾ ਦਾ ਸੰਚਾਰ ਕਰਦੇ ਹਨ। ਸਾਨੂੰ ਸਭ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਇਹਨਾਂ ਤਿਉਹਾਰਾਂ ਦੇ ਮੂਲ ਉਦੇਸ਼ਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਸਾਡੇ ਮਨਾਂ ਅੰਦਰ ਨਵ- ਜਾਗ੍ਰਤੀ ਦਾ ਸੰਚਾਰ ਹੋ ਸਕੇ ਅਤੇ ਅਸੀਂ ਗੁਰੂ ਸਾਹਿਬ ਜੀ ਦੇ ਅਸਲ ਉਦੇਸ਼ ਅਤੇ ਸਿੱਖਿਆ ਨੂੰ ਸਮਝ ਸਕੀਏ ਅਤੇ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕੀਏ। ਉਸ ਨਾਲ ਜਿੱਥੇ ਸਾਡੇ ਮਨਾਂ ਵਿਚ ਸਕੂਨ ਪੈਦਾ ਹੋਵੇਗਾ ਉੱਥੇ ਹੀ ਅਸੀਂ ਸਮਾਜ ਨੂੰ ਸਹੀ ਸੇਧ ਅਤੇ ਸਿੱਖਿਆ ਦੇਵਾਂਗੇ। ਸਮਾਜ ਵਿਚ ਸੁਧਾਰ ਦੀ ਸੰਭਾਵਨਾ ਵੱਧ ਜਾਵੇਗੀ। ਪਰ ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ਼ ਵਿਚ ਹੈ। ਜਿਉਂਦੇ- ਵੱਸਦੇ ਰਹੋ ਸਾਰੇ।
- ••
# 1054/1, ਵਾ. ਨੰ. 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।
