ਕਾਫ਼ਲੇ ਵੱਲੋਂ ਪਰਵਿੰਦਰ ਗੋਗੀ ਦੀ ਕਿਤਾਬ ਰਲੀਜ਼ ਅਤੇ ਮਾਤ ਭਾਸ਼ਾ ਦਿਵਸ `ਤੇ ਗੱਲਬਾਤ ਹੋਈ
ਬਰੈਂਪਟਨ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਫ਼ਰਵਰੀ ਮਹੀਨੇ ਦੀ ਮੀਟਿੰਗ ਦੌਰਾਨ ਜਿੱਥੇ ਪੰਜਾਬੀ ਸ਼ਾਇਰਾ ਪਰਵਿੰਦਰ ਗੋਗੀ ਦੀ
ਕਾਵਿ ਪੁਸਤਕ ‘ਸੁਖ਼ਨ ਲੋਅ’ ਲੋਕ ਅਰਪਨ ਕੀਤੀ ਗਈ ਓਥੇ ਡਾ. ਨਾਹਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਸੰਭਾਵਨਾਵਾਂ `ਤੇ ਵਿਚਾਰ ਪੇਸ਼
ਕੀਤੇ ਗਏ।
ਪਰਵਿੰਦਰ ਗੋਗੀ ਦੀ ਕਿਤਾਬ ਰਲੀਜ਼ ਕਰਦਿਆਂ ਸੁਰਜੀਤ ਕੌਰ ਅਤੇ ਪਰਮਜੀਤ ਦਿਓਲ ਵੱਲੋਂ ਪੇਪਰ ਪੜ੍ਹੇ ਗਏ, ਕੁਲਵਿੰਦਰ ਖਹਿਰਾ, ਪਿਆਰ ਸਿੰਘ ਕੁੱਦੋਵਾਲ਼
ਅਤੇ ਬਲਰਾਜ ਧਾਲੀਵਾਲ਼ ਵੱਲੋਂ ਵਿਚਾਰ ਪੇਸ਼ ਕੀਤੇ ਗਏ ਅਤੇ ਭੁਪਿੰਦਰ ਦੁਲੇ ਵੱਲੋਂ ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸੈਸ਼ਨ ਦਾ ਸਾਰਅੰਸ਼ ਪੇਸ਼ ਕੀਤਾ
ਗਿਆ।
ਮੀਟਿੰਗ ਦੀ ਸੁਰੂਆਤ ਰਿੰਟੂ ਭਾਟੀਆ ਵੱਲੋਂ ਪਰਵਿੰਦਰ ਗੋਗੀ ਦੀ ਕਿਤਾਬ ਵਿਚਲੀ ਕਾਫੀ ‘ਮੁਰਸ਼ਦ’ ਦੇ ਗਾਇਨ ਨਾਲ਼ ਹੋਈ ਜਿਸ ਉਪਰੰਤ ਕਿਤਾਬ ਬਾਰੇ
ਬੋਲਦਿਆਂ ਪਰਮਜੀਤ ਦਿਓਲ ਨੇ ‘ਦਰਦ, ਦੇਸ ਅਤੇ ਦਰਮਿਆਨੇ ਰਾਹਾਂ ਦੀ ਕਵਿਤਾ’ ਦੇ ਸਿਰਲੇਖ ਹੇਠ ਕਿਤਾਬ ਵਿਚਲੀਆਂ ਕਵਿਤਾਵਾਂ ਦਾ ਹਵਾਲਾ ਦਿੰਦਿਆਂ
ਸੰਖੇਪ ਵਿੱਚ ਕਵਿਤਾਵਾਂ ਦੀ ਪ੍ਰਕਿਰਤੀ ਪੇਸ਼ ਕੀਤੀ ਅਤੇ ਕਿਹਾ ਕਿ ਗੋਗੀ ਨੇ ‘ਲੋਕ ਬਿੰਬਾਂ’ ਰਾਹੀਂ ਗਹਿਰੇ ਸੱਚ ਦੇ ਅਨੁਭਵ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ
ਗੋਗੀ ਦੀ ਕਵਿਤਾ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੁਦਰਤ ਨਾਲ਼ ਇੱਕ-ਮਿਕ ਹੋ ਕੇ ਉਸਦੇ ਗਹਿਰੇ ਅਨੁਭਵ ਬਿਨਾਂ ਕਵੀ ਹੋਣਾ ਬਹੁਤ
ਮੁਸ਼ਕਲ ਹੈ। ਇਸਤੋਂ ਬਿਨਾਂ ਪਰਮਜੀਤ ਨੇ ਕਿਤਾਬ ਵਿਚਲੇ ਰੂਹਾਨੀ, ਸਿਆਸੀ, ਸੱਭਿਅਚਾਰਕ ਅਤੇ ਔਰਤ ਦੇ ਹੱਕਾਂ ਪ੍ਰਤੀ ਪੱਖਾਂ ਦੀ ਗੱਲ ਕੀਤੀ।
ਸੁਰਜੀਤ ਕੌਰ ਨੇ ‘ਸੁਪਨ ਲੋਅ ਦੀ ਪੜ੍ਹਤ ਦੌਰਾਨ’ ਸਿਰਲੇਖ ਹੇਠ ਪੇਪਰ ਪੜ੍ਹਦਿਆਂ ‘ਸੁਖ਼ਨ’ ਸ਼ਬਦ ਦੀ ਪਰਿਭਾਸ਼ਾ ਕਰਦਿਆਂ ਕਿਹਾ ਕਿ ਕਿਤਾਬ ਦੇ ਨਾਂ ਤੋਂ ਹੀ
ਉਜਾਗਰ ਹੋ ਜਾਂਦਾ ਹੈ ਕਿ ਪਾਠਕ ਦਾ ਆਭਾਸ ਅਧਿਆਤਮਕ ਭਾਵਨਾ ਵਾਲ਼ੇ ਕਾਵਿ ਦੇ ਪ੍ਰਕਾਸ਼ ਵਿੱਚ ਉਤਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੇਖਿਕਾ ਦੇ
ਅਵਚੇਤਨ `ਚੋਂ ਨਿਕਲ਼ੇ ਮੈਟਾਫ਼ਰ ਪਾਠਕ ਨੂੰ ਬਹੁਤ ਟੁੰਬਦੇ ਹਨ। ਕਿਤਾਬ ਵਿਚਲੀ ‘ਸੀ-ਹਰਫ਼ੀ’ ਦਾ ਜ਼ਿਕਰ ਕਰਦਿਆਂ ਜਿੱਥੇ ਸੁਰਜੀਤ ਕੌਰ ਨੇ ਸੰਖੇਪ ਵਿੱਚ ‘ਸੀ-
ਹਰਫ਼ੀ’ ਦੇ ਰੂਪ ਅਤੇ ਇਤਿਹਾਸ ਬਿਆਨ ਕੀਤਾ ਓਥੇ ਇਸ ਕਿਤਾਬ ਵਿਚਲੀ ਸੀ-ਹਰਫ਼ੀ ਨੂੰ “ਰੱਬ ਵਿੱਚ ਅਟੁੱਟ ਵਿਸ਼ਵਾਸ ਦੀ ਕਵਿਤਾ” ਕਿਹਾ।
ਕੁਲਵਿੰਦਰ ਖਹਿਰਾ ਨੇ ਸਟੇਜ ਸੰਚਾਲਨਾ ਦੌਰਾਨ ਕਿਹਾ ਕਿ ਕਿਤਾਬ ਵਿੱਚ ਬਾਬਾ ਫ਼ਰੀਦ, ਬਾਬਾ ਨਾਨਕ ਤੋਂ ਲੈ ਕੇ ਸ਼ਿਵ ਦੇ ਅੰਦਾਜ਼ ਵਿੱਚ ਲਿਖੀ ਗਈ ਕਵਿਤਾ ਦੇ
ਮਿਲ਼ਦੇ ਰੰਗ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਗੋਗੀ ਨਿਠ ਕੇ ਸਾਹਿਤ ਪੜ੍ਹਦੀ ਹੈ, ਜੋ ਲੇਖਕ ਦੇ ਲੇਖਕ ਬਣਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ
ਕਵਿਤਾਵਾਂ ਵਿੱਚ ਵਿਰਾਸਤੀ ਬਿੰਬਾਂ ਦੀ ਵਰਤੋਂ ਦੀ ਵਰਤੋਂ ਨਾ ਸਿਰਫ ਲੇਖਕ ਦੇ ਵਿਰਸੇ ਨਾਲ਼ ਜੁੜੇ ਹੋਣ ਦੀ ਹਾਮੀ ਭਰਦੀ ਹੈ ਸਗੋਂ ਵਿੱਸਰਦੇ ਜਾ ਰਹੇ ਸ਼ਬਦਾਂ ਨੂੰ
ਸੰਭਾਲਣ ਦਾ ਕੰਮ ਵੀ ਕਰਦੀ ਹੈ।
ਪਿਆਰਾ ਸਿੰਘ ਕੁੱਦੋਵਾਲ਼ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਵਿਤਾਵਾਂ ਵਿੱਚ ਸੂਫੀ ਰੰਗ ਭਾਰੂ ਹੋਣ ਦੇ ਬਾਵਜੂਦ ਗੋਗੀ ਨੇ ਔਰਤ ਦੇ ਹੱਕਾਂ ਪ੍ਰਤੀ ਵੀ
ਕਵਿਤਾਵਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਭਾਰੀ ਅਤੇ ਤੇਜ਼-ਤਰਾਰ ਸ਼ਬਦਾਵਲੀ ਦੀ ਥਾਂ ਸਹਿਜ ਅਵਸਥਾ ਵਿੱਚ ਰਚਨਾ ਕੀਤੀ ਗਈ ਹੈ। ਬਲਰਾਜ ਧਾਲੀਵਾਲ ਨੇ
ਕਿਹਾ ਕਿ ਗੋਗੀ ਦੀ ਕਵਿਤਾ ਉਸਦੇ ਪੁਖ਼ਤਗੀ ਵੱਲ ਵਧਦੇ ਨਿਰੰਤਰ ਸਫ਼ਰ ਦੀ ਗਵਾਹੀ ਭਰਦੀ ਹੈ ਅਤੇ ਇਸ ਵਿਚਲੀ ਵਿਸ਼ਿਆਂ ਦੀ ਵਿਭਿੰਨਤਾ ਇਸਨੂੰ ਅਮੀਰ
ਬਣਾਉਂਦੀ ਹੈ।
ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਭੁਪਿੰਦਰ ਦੁਲੇ ਨੇ ਜਿੱਥੇ ਪਰਮਜੀਤ ਦਿਓਲ ਅਤੇ ਸੁਰਜੀਤ ਕੌਰ ਦੇ ਪੇਪਰਾਂ ਦੀ ਸ਼ਲਾਘਾ ਕੀਤੀ ਓਥੇ ਗੋਗੀ ਦੀ ਕਵਿਤਾ ਨੂੰ
“ਕਵਿਤਾ ਤੋਂ ਪ੍ਰਗੀਤ ਵੱਲ ਵਧਦੀ ਕਵਿਤਾ” ਕਿਹਾ। ਪੁਸਤਕ ਵਿਚਲੀ ਸ਼ਬਦਾਵਲੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਹੀ ਸਾਲਾਂ ਵਿੱਚ ਗੋਗੀ ਵੱਲੋਂ
ਸ਼ਾਇਰੀ ਵਿੱਚ ਕੀਤੀ ਗਈ ਹੈਰਾਨੀਜਨਕ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ ਜੇ ਲੇਖਕ ਸਮਕਾਲੀ ਸਾਹਿਤ ਨੂੰ ਪੜ੍ਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆਂ ਦੇ
ਕਿਸੇ ਵੀ ਕੋਨੇ `ਚ ਲਿਖੀ ਜਾ ਰਹੀ ਖੁੱਲ੍ਹੀ ਪੰਜਾਬੀ ਕਵਿਤਾ ਅੱਜ ਸਿਖਰ ਨਹੀਂ ਛੂਹ ਰਹੀ ਅਤੇ ਇਸਦੀ ਜਗ੍ਹਾ ਛੰਦ-ਬੱਧ ਕਵਿਤਾ, ਖ਼ਾਸ ਕਰਕੇ ਗ਼ਜ਼ਲ ਲੈ ਚੁੱਕੀ
ਹੈ।
ਮੀਟਿੰਗ ਦੇ ਦੂਸਰੇ ਹਿੱਸੇ ਵਿੱਚ ‘ਮਾਤ-ਭਾਸ਼ਾ ਦਿਵਸ’ ਦੀ ਗੱਲ ਕੀਤੀ ਗਈ ਜਿਸਦੀ ਸ਼ੁਰੂਆਤ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਭਾਵੇਂ ਅੱਜ ਪੰਜਾਬੀ
ਦੁਨੀਆਂ ਦੇ ਹਰ ਕੋਨੇ ਵਿੱਚ ਵੱਸ ਚੁੱਕੇ ਹਨ ਅਤੇ ਸੰਸਾਰ ਪੱਧਰ `ਤੇ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿੱਚ ਪੰਜਾਬੀ ਦਾ ਨੰਬਰ ਪਹਿਲੀਆਂ 10 ਭਾਸ਼ਾਵਾਂ ਵਿੱਚ
ਆਉਂਦਾ ਹੈ ਪਰ ਭਾਸ਼ਾ ਪੱਖੋਂ ਇਸ ਵਿੱਚ ਤੇਜ਼ੀ ਨਾਲ਼ ਆ ਰਿਹਾ ਨਿਘਾਰ ਯੂਨੈਸਕੋ ਦੀ ਭਵਿੱਖਬਾਣੀ ਨੂੰ ਸਹੀ ਠਹਿਰਾਉਂਦਾ ਪ੍ਰਤੀਤ ਹੁੰਦਾ ਹੈ ਕਿ ਇਹ ਭਾਸ਼ਾ ਤੇਜ਼ੀ
ਨਾਲ਼ ਅਲੋਪ ਹੋਣ ਵੱਲ ਵਧ ਰਹੀ ਹੈ। ਡਾ. ਨਾਹਰ ਸਿੰਘ ਨੇ “ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਸੰਭਾਵਨਾਵਾਂ” ਦੇ ਸਿਰਲੇਖ ਹੇਠ ਪੇਪਰ ਪੇਸ਼ ਕਰਦਿਆਂ ਕਿਹਾ
ਕਿ ਭਾਸ਼ਾ ਵਿਚਲੇ ਬਦਲਾਅ ਨੂੰ ਵਿਚਾਰਨ ਲਈ ਹਮੇਸ਼ਾਂ ਦੋ ਕਾਲਾਂ ਦੀ ਭਾਸ਼ਾ ਦੀ ਤੁਲਨਾ ਕੀਤੀ ਜਾਂਦੀ ਹੈ ਅਤੇ ਇਸ ਸੰਦਰਭ ਵਿੱਚ ਸਾਨੂੰ 1875 ਤੱਕ ਦੀ
ਪੰਜਾਬੀ, 1875 ਤੋਂ 1990 ਤੱਕ ਦੀ ਪੰਜਾਬੀ ਅਤੇ 1990 ਤੋਂ ਵਰਤਮਾਨ ਦੌਰ ਦੀ ਪੰਜਾਬੀ ਦੀ ਤੁਲਨਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਪਰੰਪਰਕ ਤੌਰ `ਤੇ
ਬੱਚਾ ਹਮੇਸ਼ਾਂ ਪਹਿਲਾਂ ਮਾਂ ਤੋਂ ਫਿਰ ਪਰਿਵਾਰ ਤੋਂ ਅਤੇ ਫਿਰ ਆਪਣੇ ਚੌਗਿਰਦੇ ਅਤੇ ਫਿਰ ਸਕੂਲ ਤੋਂ ਭਾਸ਼ਾ ਸਿੱਖਦਾ ਆਇਆ ਹੈ ਜਿਸ ਰਾਹੀਂ ਉਸਦੀ
ਸੱਭਿਅਚਾਰਕ, ਭਾਸ਼ਾਈ ਅਤੇ ਸਮਾਜੀ ਚੇਤਨਾ ਉੱਸਰਦੀ ਰਹੀ ਹੈ ਪਰ ਅੱਜ ਦੇ ਦੌਰ ਵਿੱਚ ਬੱਚਾ ਸਿਰਫ ਮਾਂ ਕੋਲੋਂ ਅਤੇ ਚੌਗਿਰਦੇ ਕੋਲੋਂ ਹੀ ਸਿੱਖਦਾ ਹੈ। ਉਨ੍ਹਾਂ
ਕਿਹਾ ਕਿ ਮਾਹਿਰ ਮੰਨਦੇ ਹਨ ਕਿ ਭਾਸ਼ਾ ਮਨੁੱਖੀ ਚੇਤਨਾ ਦਾ ਵਰਤਾਰਾ ਹੈ ਅਤੇ ਮਨੁੱਖੀ ਚੇਤਨਾ ਅਤੇ ਭਾਸ਼ਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਮਨੁੱਖ ਦੀ ਉਸਾਰੀ ਦਾ
ਹਰ ਪੱਖ ਭਾਸ਼ਾ ਰਾਹੀਂ ਹੀ ਉਜਾਗਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਮਨੁੱਖ ਵਾਂਗ ਇੱਕ ਜੀਵੰਤ ਵਰਤਾਰਾ ਹੈ ਜਿਸ ਵਿੱਚ ਨਿਰੰਤਰ ਬਦਲਾਅ ਆਉਂਦਾ ਹੈ; ਇਸ
ਵਿੱਚ ਨਵੇਂ ਸ਼ਬਦ ਸ਼ਾਮਿਲ ਹੁੰਦੇ ਰਹਿੰਦੇ ਹਨ ਅਤੇ ਪੁਰਾਣੇ ਅਲੋਪ ਹੁੰਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸ਼ਬਦਾਂ ਦੀ ਨਿਰਮਾਣਕਾਰੀ ਭਾਸ਼ਾ ਵਿੱਚ ਨਵੀਂ ਜਾਨ
ਭਰਦੀ ਹੈ ਅਤੇ ਨਵੀਂਆਂ ਪ੍ਰਸਿਥਤੀਆਂ ਅਨੁਸਾਰ ਭਾਸ਼ਾ ਵਿੱਚ ਨਵੇਂ ਸੰਕਲਪ ਆਉਂਦੇ ਰਹਿੰਦੇ ਹਨ ਅਤੇ ਪੁਰਾਣੇ ਅਲੋਪ ਹੁੰਦੇ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ
ਕਿ ਸੱਭਿਆਚਾਰ ਦੀ ਪੇਸ਼ਕਾਰੀ ਭਾਸ਼ਾ ਰਾਹੀਂ ਹੁੰਦੀ ਹੈ; ਸ਼ਬਦਕੋਸ਼ ਸ਼ਬਦ ਤਾਂ ਸਾਂਭ ਸਕਦੇ ਹਨ ਪਰ ਉਨ੍ਹਾਂ `ਚੋਂ ਭਾਵ ਨਹੀਂ ਉਭਾਰੇ ਜਾ ਸਕਦੇ ਜਿਸ ਕਰਕੇ ਜਦੋਂ
ਸ਼ਬਦ ਮਰਦੇ ਹਨ ਤਾਂ ਉਸ ਸੱਭਿਅਚਾਰ ਦੀ ਸਮੂਹਕ ਸਿਮ੍ਰਤੀ ਵੀ ਮਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਤੋਂ ਟੁੱਟਣ ਦਾ ਅਰਥ ਪੁਰਖਿਆਂ ਦੇ ਸੱਭਿਆਚਰਕ
ਗਿਆਨ ਤੋਂ ਵਿਰਵੇ ਹੋ ਜਾਣਾ ਤੇ ਉਨ੍ਹਾਂ ਪਰੰਪਰਾਵਾਂ ਦਾ ਭਾਵ-ਬੋਧ ਗਵਾ ਲੈਣਾ ਹੁੰਦਾ ਹੈ ਜੋ ਤੁਹਾਡਾ ਇੱਕ ਪਾਸਾ ਮਾਰੇ ਜਾਣ ਵਾਂਗ ਹੁੰਦਾ ਹੈ। ਉਨ੍ਹਾਂ ਇਸ ਗੱਲ `ਤੇ
ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਪੰਜਾਬੀ ਭਾਸ਼ਾ ਦੇ ਇਤਿਹਾਸ `ਤੇ ਬਣਦਾ ਕੰਮ ਨਹੀਂ ਹੋ ਸਕਿਆ ਅਤੇ ਜਿੰਨਾ ਹੋਇਆ ਵੀ ਹੈ ਉਹ ਬਹੁਤਾ ਉਨ੍ਹਾਂ ਹਸਤੀਆਂ ਵੱਲੋਂ
ਹੋਇਆ ਹੈ ਜੋ ਆਪ ਭਾਸ਼ਾ ਵਿਗਿਆਨੀ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਬਾਬਾ ਨਾਨਕ ਵਿਰਸੇ ਦੇ ਸਾਹਿਤ ਨੂੰ ਇਕੱਠਿਆਂ ਨਾ ਕਰਦੇ ਤਾਂ ਸਾਡੇ ਕੋਲ਼
ਪੰਜਾਬੀ ਭਾਸ਼ਾ ਦਾ ਇਤਿਹਾਸ ਸਿਰਫ ਸੋਲ਼ਵੀਂ ਸਦੀ ਤੋਂ ਸ਼ੁਰੂ ਹੋਣਾ ਸੀ ਅਤੇ ਉਸਤੋਂ ਬਾਅਦ ਵੀ ਸਿਰਫ ਜਗਜੀਤ ਸਿੰਘ ਗਿੱਲ ਵੱਲੋਂ ਹੀ ਜ਼ਿਕਰਯੋਗ ਕੰਮ ਕੀਤਾ
ਗਿਆ ਹੈ। ਉਨ੍ਹਾਂ ਕਿਹਾ ਕਿ 1873 ਵਿੱਚ ਔਰੀਐਂਟਲ ਕਾਲਿਜ ਲਾਹੌਰ ਬਣਨ ਨਾਲ਼ ਪੰਜਾਬੀ ਭਾਸ਼ਾ ਦੀ ਗੱਲ ਚੱਲੀ ਪਰ ਏਥੇ ਵੀ ਸਾਹਿਤਕ ਵੰਨਗੀ ਨੂੰ ਲੈ ਕੇ
ਸਿੱਖ ਲਹਿਰ ਵੱਲੋਂ ਧਾਰਮਿਕ ਮਸਲ ਖੜ੍ਹੇ ਕਰ ਦਿੱਤੇ ਗਏ। 1882 ਵਿੱਚ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਨਾਲ਼ ਪੰਜਾਬੀ ਭਾਸ਼ਾ ਪੰਜਾਬ ਦੇ
ਲੋਕਾਂ ਦੀ ਭਾਸ਼ਾ ਵਜੋਂ ਪਛਾਣੀ ਗਈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਬਣਿਆ ਤੇ ਵਧੀਆ ਕੰਮ ਹੋਇਆ ਪਰ 1975 ਤੋਂ ਬਾਅਦ
ਇਸ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬੀ ਭਾਸ਼ਾ ਵਿੱਚੋਂ ਸਕੌਲਰ ਅਲੋਪ ਹੋਣੇ ਸ਼ੁਰੂ ਹੋ ਗਏ।
ਡਾ. ਨਾਹਰ ਸਿੰਘ ਨੇ ਕਿਹਾ ਕਿ ਭਾਸ਼ਾ ਨੂੰ ਜਿਊਂਦਾ ਰੱਖਣ ਲਈ ਅਨੁਵਾਦਾਂ ਦੀ ਬਹੁਤ ਲੋੜ ਹੁੰਦੀ ਹੈ ਜੋ ਭਾਸ਼ਾ ਨੂੰ ਅਮੀਰ ਬਣਾਉਂਦੇ ਹਨ। ਇਸਦੇ ਨਾਲ਼ ਹੀ ਪੰਜਾਬ
ਦੇ ਹਰ ਸਕੂਲ ਵਿੱਚ ਬਾਰਵੀਂ (ਪਲੱਸ-ਟੂ) ਤੱਕ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ, ਪੰਜਾਬੀ ਪ੍ਰਸ਼ਾਸਨਿਕ ਅਤੇ ਰੋਜ਼ਗਾਰੀ ਭਾਸ਼ਾ ਹੋਣੀ ਚਾਹੀਦੀ ਹੈ ਵਰਨਾ
ਸੱਭਿਆਚਾਰਕ ਤੌਰ `ਤੇ ਤਾਂ ਪੰਜਾਬੀ ਬੋਲੀ ਵਜੋਂ ਤਾਂ ਜੀਂਦੀ ਰਹੇਗੀ ਪਰ ਭਾਸ਼ਾ ਪੱਖੋਂ ਖ਼ਤਮ ਹੋ ਜਾਵੇਗੀ।
ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਰਦੇਵ ਚੌਹਾਨ ਹੁਰਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਉਸਾਰੀ ਵਿੱਚ ਪੇਂਡੂ ਜੀਵਨ ਦੀ ਪ੍ਰਮੁੱਖ ਭੂਮਿਕਾ ਰਹੀ ਹੈ ਅਤੇ
ਕਿੱਤਿਆਂ ਦੇ ਖ਼ਤਮ ਹੋਣ ਨਾਲ਼ ਭਾਸ਼ਾ ਵੀ ਬਦਲਦੀ ਜਾ ਰਹੀ ਹੈ।
ਕਵਿਤਾ ਦੇ ਦੌਰ ਵਿੱਚ ਜਿੱਥੇ ਡਾ. ਸੁਖਪਾਲ ਅਤੇ ਨੌਜਵਾਨ ਕਵੀ ਮਨਦੀਪ ਸਿੰਘ ਨੇ ਕਵਿਤਾਵਾਂ ਸੁਣਾਈਆਂ ਓਥੇ ਹਰਜੀਤ ਸਿੰਘ ਅਤੇ ਇਕਬਾਲ ਬਰਾੜ ਜੀ ਨੇ
ਖ਼ੂਬਸੂਰਤ ਤਰੰਨਮ ਰਾਹੀਂ ਆਪਣੀ ਹਾਜ਼ਰੀ ਲਵਾਈ।
ਹਾਜ਼ਰ ਮੈਂਬਰਾਂ ਵਿੱਚ ਮਨਮੋਹਗਨ ਗੁਲਾਟੀ ਜੀ, ਸਿਕੰਦਰ ਸਿੰਘ ਗਿੱਲ, ਸੁਖਚਰਨਜੀਤ ਕੌਰ ਗਿੱਲ, ਪ੍ਰਤੀਕ ਆਰਟਿਸਟ, ਬਲਜੀਤ ਧਾਲੀਵਾਲ, ਸੁਸ਼ਮਾ ਰਾਣੀ,
ਵਾਸਦੇਵ ਦਰਜ, ਗੁਰਪ੍ਰੀਤ ਬਟਾਲਵੀ, ਬਲਜਿੰਦਰਪ੍ਰੀਤ ਦੁਲੇ, ਸੁਰਿੰਦਰ ਖਹਿਰਾ, ਸੋਨੀਆ ਮਨਜਿੰਦਰ, ਜਤਿੰਦਰ ਰੰਧਾਵਾ, ਜਗੀਰ ਸਿੰਘ ਕਾਹਲੋਂ ਅਤੇ
ਸਰਬਜੀਤ ਕੌਰ ਕਾਹਲੋਂ ਦੇ ਨਾਂ ਸ਼ਾਮਲ ਸਨ।
