ਟਾਪਫ਼ੁਟਕਲ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਗੁਰਬਾਣੀ ਤੇ ਸਿੱਖੀ ਸਿਧਾਂਤਾਂ ਦੇ ਸਤਿ ਹੋਣ ਦੀ ਲਹੂ ਭਿੱਜੀ ਗਵਾਹੀ-ਪ੍ਰੋ. ਸਰਚਾਂਦ ਸਿੰਘ ਖਿਆਲਾ। ਫੋਨ – 97681355522

“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥” (ਸਲੋਕ, ਮ: ੫)
ਸਿੱਖ ਇਤਿਹਾਸ ਦੀ ਸ਼ਹੀਦੀ ਪਰੰਪਰਾ ਸਿਰਫ਼ ਘਟਨਾਵਾਂ ਦੀ ਲੜੀ ਨਹੀਂ, ਸਗੋਂ ਇਹ ਧਾਰਮਿਕ ਰਾਜਨੀਤੀ ’ਚ  ਇਕ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਸਮੂਹ ਮਾਨਵਤਾ ਲਈ ਕਲਿਆਣਕ ਮਾਡਲ ਤੋਂ ਇਲਾਵਾ ਗੁਰਬਾਣੀ ਦੇ ਸਤਿ–ਸਤਿ ਹੋਣ ਦਾ ਪ੍ਰਮਾਣ ਵੀ ਹੈ। ਜਿਹੜੇ ਲੋਕ ਗੁਰਬਾਣੀ ਨੂੰ ਸਿਰਫ਼ ਤਰਕ ਦੀ ਕਸੌਟੀ ’ਤੇ ਪਰਖਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਲਈ ਸਿੱਖ ਇਤਿਹਾਸ ਦੇ ਸ਼ਹੀਦਾਂ ਨੇ ਆਪਣੀ ਲਹੂ-ਲਿਖਤ ਨਾਲ ਇਸ ਦੀ ਸਚਾਈ ਨੂੰ ਅਮਲੀ ਰੂਪ ਵਿੱਚ ਸਾਬਤ ਕੀਤਾ ਹੈ।
“ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥” (ਮ: ੧)
13 ਪੋਹ ਸੰਮਤ 1761 ਬਿਕ੍ਰਮੀ (ਸੰਨ 1704 ਈ.) ਨੂੰ ਸਰਹਿੰਦ ਦੀ ਧਰਤੀ ’ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ (ਲਗਪਗ 9 ਸਾਲ) ਅਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ (ਲਗਪਗ 7 ਸਾਲ) ਦੀਆਂ ਮਹਾਨ ਸ਼ਹਾਦਤਾਂ ਅਤੇ ਇਸ ਤੋਂ ਪਹਿਲਾਂ 8 ਪੋਹ ਨੂੰ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੀਆਂ ਧਰਮ, ਅਣਖ ਅਤੇ ਅਜ਼ਾਦੀ ਦੀ ਖ਼ਾਤਰ ਯੁੱਧ ਭੂਮੀ ’ਚ ਸ਼ਹਾਦਤਾਂ ਸੰਸਾਰ ਦੇ ਧਰਮ ਇਤਿਹਾਸ ’ਚ ਹਰ ਪੱਖੋਂ ਲਾਸਾਨੀ ਹਨ।
ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਤੋੜਨ ਲਈ ਹਾਕਮਾਂ ਵੱਲੋਂ ਹਰ ਤਰ੍ਹਾਂ ਦੀ ਰਣਨੀਤੀ ਵਰਤੀ ਗਈ। ਕਦੇ ਲਾਲਚ ਦਿੱਤੇ ਗਏ, ਕਦੇ ਡਰਾਇਆ ਗਿਆ, ਕਦੇ ਮੌਤ ਦੇ ਭੈ ਵਿਚੋਂ ਲੰਘਾਇਆ ਗਿਆ। ਪਰ ਨਿੱਕੀਆਂ ਜ਼ਿੰਦਾਂ ਅਡੋਲ, ਅਹਿੱਲ ਅਤੇ ਪੂਰੇ ਸਿਦਕ ਨਾਲ ਖੜੀਆਂ ਰਹੀਆਂ। ਆਖ਼ਰਕਾਰ ਉਨ੍ਹਾਂ ਨੂੰ ਬੇਰਹਿਮੀ ਨਾਲ ਨੀਂਹਾਂ ਵਿੱਚ ਚਿਣ ਕੇ ਵੀ ਸਬਰ ਨਾ ਆਇਆ ਤੇ ਮਾਸੂਮਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਇਹ ਨਿਰਸੰਦੇਹ “ਬਾਬੇਕਿਆਂ ਅਤੇ ਬਾਬਰਕਿਆਂ” ਦਰਮਿਆਨ ਚੱਲ ਰਹੇ ਉਸ ਇਤਿਹਾਸਕ ਸੰਘਰਸ਼ ਦਾ ਸਿਖਰ ਸੀ, ਜਿਸ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਐਮਨਾਬਾਦ ਵਿੱਚ ਬਾਬਰ ਨੂੰ “ਜਾਬਰ” ਕਹਿ ਕੇ ਅਤੇ
“ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥” ਨਾਲ ਹੋ ਗਈ ਸੀ।

ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਪਰੰਪਰਾ ਅਤੇ ਇਸ ਤੋਂ ਪਹਿਲਾਂ ਭਗਤੀ ਲਹਿਰ ਦੇ ਸੰਤਾਂ ਮਹਾਂਪੁਰਸ਼ਾਂ ਦਾ ਮਕਸਦ ਸਪਸ਼ਟ ਸੀ, ਭਾਰਤ ਨੂੰ ਸਦੀਆਂ ਦੀ ਵਿਦੇਸ਼ੀ ਗ਼ੁਲਾਮੀ, ਧਾਰਮਿਕ ਜ਼ਬਰ ਅਤੇ ਮਨੁੱਖੀ ਅਪਮਾਨ ਤੋਂ ਮੁਕਤ ਕਰਵਾਉਣਾ । ਇਸ ਮਕਸਦ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੇ ਅਣਗਿਣਤ ਮਹਾਨ ਸ਼ਹਾਦਤਾਂ ਦਿੱਤੀਆਂ।
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥” (ਭਗਤ ਕਬੀਰ ਜੀ)
ਇਸੇ ਖੇਤ ’ਚ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਸਿਰਫ਼ ਦੀਵਾਨ ਚੰਦੂ ਦੀ ਦੁਸ਼ਮਣੀ ਨਹੀਂ, ਸਗੋਂ ਜਹਾਂਗੀਰ ਦੀ ਉਹ ਸੋਚ ਸੀ ਜੋ ਉਸ ਨੇ ਆਪਣੀ ਡਾਇਰੀ ਵਿੱਚ ਖ਼ੁਦ ਲਿਖੀ, ਸਿੱਖੀ ਦੀ ਉਸ “ਦੁਕਾਨ” ਨੂੰ ਬੰਦ ਕਰਨਾ, ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਚੱਲ ਰਹੀ ਸੀ। ਜਹਾਂਗੀਰ ਚਾਹੁੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸਲਾਮ ਅਤੇ ਬਾਦਸ਼ਾਹ ਦੀ ਮਹਿਮਾ ਲਿਖੀ ਜਾਵੇ, ਪਰ ਗੁਰਮਤਿ ਦਾ ਅਸੂਲ
“ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ।” ਨਾਲ ਸਪਸ਼ਟ ਸੀ। ਇਸ ਵਰਤਾਰੇ ’ਚ ਸਤਿਗੁਰੂ ਜੀ ਗੁਰਬਾਣੀ ’ਚ ਅੰਕਿਤ ਬ੍ਰਹਮ ਗਿਆਨੀਆਂ ਦੇ ਲਛਣ “ਬ੍ਰਹਮ ਗਿਆਨੀ ਕੈ ਧੀਰਜੁ ਏਕ।” ਨੂੰ ਵੀ ਪ੍ਰਤੱਖ ਕਰ ਕੇ ਦਿਖਾਉਂਦੇ ਹਨ। ਉਥੇ ਹੀ ਸਾਈ ਮੀਆਂ ਮੀਰ ਜੀ ਵੱਲੋਂ ਜ਼ੁਲਮ ਰੋਕਣ ਦੀ ਆਗਿਆ ਮੰਗਣ ’ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਗੁਰਬਾਣੀ ’’ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥’’ ਪ੍ਰਤੀ ਸ਼ੰਕੇ ਦਾ ਨਿਵਾਰਨ ਵੀ ਕੀਤਾ।
ਨੌਵੇਂ ਪਾਤਿਸ਼ਾਹ ਸਤਿਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਪਾਤਿਸ਼ਾਹੀ ਧਾਰਮਿਕ ਅਜ਼ਾਦੀ ਦੇ ਸਰੋਕਾਰਾਂ ਨੂੰ ਪੂਰੀ ਤਰਾਂ ਪ੍ਰਣਾਈ ਹੋਈ ਸੀ। ਜ਼ਾਲਮ ਕੱਟੜਪੰਥੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤਲਵਾਰ ਦੇ ਜ਼ੋਰ ਨਾਲ ਭਾਰਤ ਵਿੱਚ ਮੁਸਲਿਮ ਕੱਟੜਪੰਥੀ ਰਾਜ, ਦਾਰ-ਉਲ-ਇਸਲਾਮ ਦੀ ਸਥਾਪਨਾ ਕਰਨਾ ਚਾਹੁੰਦਾ ਸੀ। ਉਸ ਨੇ ਹਿੰਦੂਆਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਕੀਤਾ। ਤਾਂ ਕਸ਼ਮੀਰੀ ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਆਣ ਫ਼ਰਿਆਦੀ ਹੋਏ। ਉਨ੍ਹਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਉਸ ਵਕਤ ਬਾਲ ਗੋਬਿੰਦ ਰਾਏ ਜੀ ਨੇ ਸੁਣਦਿਆਂ ਕਿਹਾ ਆਪ ਜੀ ਤੋਂ ਬਿਨਾ ਮਹਾਂ ਪੁਰਖ ਕੌਣ ਹੋ ਸਕਦਾ ਹੈ ? ਫਿਰ ਕੀ ਹੋਣਾ ਸੀ, ’ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।। ’’ ਵਾਪਰਿਆ। ਗੁਰੂ ਸਾਹਿਬ ਔਰੰਗਜ਼ੇਬ ਦੇ ਬੁਲਾਵੇਂ ’ਤੇ ਦਿੱਲੀ ਗਏ । ਲਾਲਚ ਅਤੇ ਧਮਕੀਆਂ ਦੇ ਬਾਵਜੂਦ ਗੁਰੂ ਜੀ ਨੇ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ ਤਾਂ 11 ਨਵੰਬਰ 1675 ਨੂੰ ਚਾਂਦਨੀ ਚੌਕ ਵਿਖੇ ਆਪ ਜੀ ਨੂੰ ਜਨਤਕ ਤੌਰ ‘ਤੇ ਸਿਰ ਕਲਮ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ।  ਇਸ ਤੋਂ ਪਹਿਲਾਂ, ਉਨ੍ਹਾਂ ਦੇ ਅਨੁਆਈ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਤਿਲਕ ਜੰਝੂ ਤੇ ਧਾਰਮਿਕ ਅਜ਼ਾਦੀ ਲਈ ਸ਼ਹਾਦਤ ਅਤੇ ਆਖ਼ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਦੀ ਸਿਰਜਣਾ, ਇਹ ਸਾਰੇ ਪੜਾਅ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿੱਚ ਆਪਣੇ ਸਿਖਰ ’ਤੇ ਪਹੁੰਚਦੇ ਹਨ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਲਿਖਿਆ—
“ਤਿਲਕ ਜੰਝੂ ਰਾਖਾ ਪ੍ਰਭ ਤਾਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥”
ਗੁਰਿਆਈ ਮਿਲਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਕੂਮਤ ਦੇ ਜ਼ੁਲਮ ਖ਼ਿਲਾਫ਼ ਲੋਕਾਂ ਵਿਚ ਜਾਗ੍ਰਿਤੀ ਪੈਦਾ ਕੀਤੀ। ਸ਼ਾਸਤਰ ਦੇ ਨਾਲ ਸ਼ਸਤਰ ਵਿੱਦਿਆ ਵਲ ਵਿਸ਼ੇਸ਼ ਧਿਆਨ ਦਿੱਤਾ। 1699 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਵਿਖੇ ਗੁਰੂ ਨਾਨਕ ਵੱਲੋਂ ਚਿਤਵੇਂ ਸਚਿਆਰ ਮਨੁੱਖ ਨੂੰ ਅਮਲੀ ਰੂਪ ’ਚ ਸੰਪੂਰਨ ਕਰਦਿਆਂ ਖ਼ਾਲਸੇ ਦੀ ਸਿਰਜਣਾ ਕੀਤੀ। ਊਚ ਨੀਚ, ਛੂਤ ਛਾਤ ਅਤੇ ਜਬਰ ਜ਼ੁਲਮ ਦੇ ਵਿਰੁੱਧ ਖੜੇ ਅਤੇ ਲੜੇ, ਰਾਜ ਅਭਿਮਾਨ ਵਿਚ ਗ੍ਰਸੇ ਪਹਾੜੀ ਰਾਜੇ ਈਰਖਾ ਵੱਸ ਗੁਰੂ ਸਾਹਿਬ ਵਿਰੁੱਧ ਔਰੰਗਜ਼ੇਬ ਅਤੇ ਉਸ ਦੀ ਸ਼ਾਹੀ ਸੈਨਾ ਦਾ ਆਸਰਾ ਲਿਆ। 1761 ਸੰਮਤ,  ਸੰਨ 1704 ਨੂੰ ਮਿਲ ਕੇ ਲਖਾਂ ਹੀ ਫ਼ੌਜਾਂ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ। ਗੁਰੂ ਸਾਹਿਬ ਕਾਬੂ ਨਾ ਆਏ ਅਤੇ ਘੇਰਾ ਲੰਮਾ ਹੋ ਗਿਆ ਤਾਂ ਗੁਰੂ ਜੀ ਨਾਲ ਅਨੰਦਪੁਰ ਸਾਹਿਬ ਛੱਡਣ ਲਈ ਝੂਠੇ ਵਾਅਦੇ ਕੀਤੇ ਗਏ। ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਕੀ ਕਿਲ੍ਹਾ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਸੰਮਤ 1761 ਬਿਕ੍ਰਮੀ 6 ਪੋਹ ਦੀ ਰਾਤ ਨੂੰ ਗੁਰੂ ਜੀ ਦੇ ਕਿਲ੍ਹਾ ਛੱਡ ਦਿੱਤਾ। ਫਿਰ ਕੀ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ।  7 ਪੋਹ ਦੀ ਸਵੇਰ ਅੰਮ੍ਰਿਤ ਵੇਲਾ ਹੋ ਗਿਆ ਤਾਂ ਸਰਸਾ ਨਦੀ ਦੇ ਕੋਲ ਗੁਰੂ ਸਾਹਿਬ ਨੇ ਆਸਾ ਦੀ ਵਾਰ ਅਤੇ ਨਿੱਤਨੇਮ ਸ਼ੁਰੂ ਕਰਨ ਦਾ ਆਗਿਆ ਕੀਤੀ । ਦੂਜੇ ਪਾਸੇ ਚੜ ਕੇ ਆਏ ਦੁਸ਼ਮਣ ਨਾਲ ਗਹਿਗੱਚ ਲੜਾਈ ਹੋਈ । ਸਰਸਾ ਨਦੀ ਵਿਚ ਭਾਰੀ ਹੜ੍ਹ ਦੌਰਾਨ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕੀਤੇ ਗਏ। ਸਰਸਾ ਨਦੀ ਪਾਰ ਕਰਦੇ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ । ਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਜੀ ਖ਼ੁਦ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਅਤੇ ਕੁਝ ਸਿੰਘ ਰੋਪੜ ਵੱਲ ਚਲੇ ਗਏ। ਜਿੱਥੇ ਉਹ ਬੁੱਧੀ ਚੰਦ ਦੀ ਹਵੇਲੀ ਕੱਚੀ ਗੜੀ, ਚਮਕੌਰ ਸਾਹਿਬ ਪਹੁੰਚੇ। ਉਨ੍ਹਾਂ ਪਿੱਛੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ, ਉੱਥੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ ਸਨ।  ਮੁਗ਼ਲ ਸੈਨਾ ਨੇ ਕੱਚੀ ਗੜੀ ਦੇ ਚੁਫੇਰੇ ਘੇਰਾ ਪਾ ਲਿਆ। ਇਸ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਸਿੰਘਾਂ ਨੂੰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਸੂਰਮਿਆਂ ਵਾਂਗ ਜੰਗ ਦੇ ਮੈਦਾਨ ਵਿੱਚ ਆਖ਼ਰੀ ਦਮ ਤੱਕ ਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸ਼ਹਾਦਤ ਦਾ ਜਾਮ ਪੀਂਦਿਆਂ ਦੇਖਿਆ।  ’’ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤ੍ਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਯੇ।’’
ਸਰਸਾ ਨਦੀ ’ਤੇ ਗੁਰੂ ਜੀ ਦੇ ਕਾਫ਼ਲੇ ਨਾਲੋਂ ਵਿੱਛੜ ਕੇ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਪਿੰਡ ਚੱਕ ਢੇਰਾ ਦੇ ਕੁਮਾ ਮਾਸ਼ਕੀ ( ਕਰਮੂ ਤੋਂ ਕਰੀਮ ਬਖਸ਼) ਦੀ ਛੰਨ ’ਚ ਪਹੁੰਚੇ ਜਿੱਥੇ ਬ੍ਰਾਹਮਣੀ ਮਾਈ ਲੱਛਮੀ ਦਾ ਬਣਾਇਆ ਖਾਣਾ ਛਕਿਆ। ਉੱਥੋਂ ਉਨ੍ਹਾਂ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ (ਸਹੇੜੀ)  ’ਚ ਘਰੇ ਲੈ ਗਿਆ। ਰਾਤ ਗੰਗੂ ਨੇ ਮਾਤਾ ਜੀ ਦੇ ਪੈਸੇ ਚੁਰਾ ਲਏ ਅਤੇ ਜ਼ਮੀਨ ਵਿਚ ਡੱਬ ਦਿੱਤੇ। ਸਵੇਰ ਮਾਤਾ ਜੀ ਨੇ ਮਾਇਆ ਦੀ ਗੁਥਲੀ ਨਾ ਦੇਖੀ ਤਾਂ ਗੰਗੂ ਨੂੰ ਕਿਹਾ ਕਿ ਚੰਗਾ ਕੀਤਾ ਤੂੰ ਮਾਇਆ ਸਾਂਭ ਲਈ ਹੈ। ਇਹ ਸੁਣ ਗੰਗੂ ਕਹਿੰਦਾ ਤੁਸੀਂ ਮੈਨੂੰ ਚੋਰ ਕਹਿੰਦੇ ਹੋ। ਮੈ ਤੁਹਾਨੂੰ ਸਾਂਭਿਆ। ਉਹ ਹੋਰ ਇਨਾਮੀ ਲਾਲਚ ਵਿਚ ਪਿੰਡ ਦੇ ਚੌਧਰੀ ਕੋਲ ਗਿਆ ਫਿਰ ਮੋਰਿੰਡਾ ਥਾਣੇ ਜਾ ਕੇ ਖ਼ਬਰ ਦੇ ਦਿੱਤੀ। ਜਾਨੀ ਖ਼ਾਨ ਮਾਨੀ ਖ਼ਾਨ ਨੇ ਮਾਤਾ ਜੀ ਨੂੰ ਆਣ ਗ੍ਰਿਫ਼ਤਾਰ ਕੀਤਾ। ਇਕ ਰਾਤ ਮਾਤਾ ਜੀ ਤੇ ਬਚਿਆਂ ਨੇ ਮੋਰਿੰਡੇ ਥਾਣੇ ( ਗੁਰਦੁਆਰਾ ਕੋਤਵਾਲੀ ਸਾਹਿਬ) ਕੱਟੀ।
ਅਗਲੀ ਸਵੇਰ ਮੋਰਿੰਡੇ ਦੇ ਹਾਕਮ ਜਾਨੀ ਖਾਂ-ਮਾਨੀ ਖਾਂ ਨੇ ਸੂਬਾ ਸਰਹਿੰਦ ਨੂੰ ਜਾ ਖ਼ਬਰ ਦਿੱਤੀ। ਸਰਹਿੰਦ ਦਾ ਹਾਕਮ ਵਜੀਦ ਖ਼ਾਨ ਗੁਰੂ ਸਾਹਿਬ ਨੂੰ ਕਾਬੂ ਨਾ ਕਰ ਸਕਣ ਲਈ ਨਮੋਸ਼ੀ ਵਿਚ ਸੀ। ਜਾਨੀ ਖ਼ਾਨ ਮਾਨੀ ਖਾਂ ਨੇ ਕਿਹਾ ਫ਼ਿਕਰ ਕਿਉ ਕਰਦੇ ਹੋ ਗੁਰੂ ਨਹੀਂ ਤਾਂ ਨਾ ਸਹੀ ਗੁਰੂ ਦੇ ਬੱਚੇ ਕਾਬੂ ਆ ਚੁੱਕੇ ਹਨ। ਜਦੋਂ ਪਤਾ ਲਗ ਗਿਆ ਤਾਂ ਗੁਰੂ ਖ਼ੁਦ ਲਿਲ੍ਹਕੜੀਆਂ ਕੱਢਦਾ ਬਚਿਆਂ ਲਈ ਆਵੇਗਾ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਵਿਚ ਬਚਿਆਂ ਪ੍ਰਤੀ ਮੋਹ ਕਿਥੇ? ਜੇ ਪੁੱਤਰਾਂ ਲਈ ਮੋਹ ਹੁੰਦਾ ਉਹ ਅਜੀਤ ਸਿੰਘ ਜੁਝਾਰ ਸਿੰਘ ਨੂੰ ਵੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੀ ਤਰਾਂ ਚਮਕੌਰ ਤੋਂ ਕੱਢ ਲਿਆਉਂਦਾ। ਉਹ ਤਾਂ ਤੇਰਾ ਭਾਣਾ ਮੀਠਾ ਲਾਗੇ ਕਹਿ ਰਿਹਾ ਹੈ। ਤੇਰਾ ਕੁਝ ਕੋ ਸੌਪ ਕੇ ਕਿਆ ਲਾਗੈ ਮੇਰਾ ’’।

ਪਾਸੇ ਸੂਬਾ ਸਰਹਿੰਦ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਉਹ ਬਹੁਤ ਖ਼ੁਸ਼ ਹੋਇਆ। ਉਹ ਮਨ ਅੰਦਰ ਬਹੁਤ ਖ਼ੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾ ਤੇ ਇਹ ਖ਼ਬਰ ਸੁਣਕੇ ਔਰੰਗਜ਼ੇਬ ਬਹੁਤ ਖ਼ੁਸ਼ ਹੋਵੇਗਾ ਤੇ ਮੈਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਨਾਲ ਹੀ ਬਾਕੀ ਸਿੱਖਾਂ ਨੂੰ ਵੀ ਬੱਚਿਆ ਦੇ ਰਾਹੀ ਮੁਸਲਮਾਨ ਬਣਾ ਲਵਾਂਗਾ। ਮਾਤਾ ਜੀ ਅਤੇ ਬਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ ਗਿਆ। ਰਸਤੇ ਵਿਚ ਮਾਤਾ ਜੀ ਬਚਿਆਂ ਨੂੰ ਆਪਣੇ ਵੱਡਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾਉਂਦੀ ਹੈ। ਉਸ ਰਾਤ ਉਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਇੱਥੇ ਸਵਾਲ ਉੱਠਦਾ ਹੈ ਕਿ ਉਸ ਠੰਢੇ ਬੁਰਜ ਵਿਚ ਮਾਤਾ ਜੀ ਅਤੇ ਸਾਹਿਬਜ਼ਾਦੇ ਕਿਵੇਂ ਸਮਾਂ ਕੱਟ ਸਕਦੇ ਹਨ। ਸਧਾਰਨ ਬੁੱਧੀ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ। ਪਰ ਮਾਤਾ ਗੁਜਰੀ ਜੀ ਆਮ ਇਨਸਾਨ ਨਹੀਂ ਸਨ। ਉਹ ਨਾਮ ਦੇ ਰਸੀਆ ਸਨ, ਜਿਨ੍ਹਾਂ ਗੁਰੂ ਤੇਗ਼ ਬਹਾਦਰ ਜੀ ਨਾਲ ਤਪ ਕਰਦਿਆਂ ਪਰਮੇਸ਼ਰ ਰੂਪ ਗੁਰੂ ਗੋਬਿੰਦ ਸਿੰਘ ਨੂੰ ਮਾਤ ਲੋਕ ’ਚ ਜਨਮ ਦਿੱਤਾ। ਗੁਰਬਾਣੀ ਕਹਿੰਦੀ ਹੈ
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥    ਤਾਂ

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
( ਜਿਨ੍ਹਾਂ ਦੇ ਹਿਰਦਿਆਂ ’ਚ ਪਤੀ ਪਰਮੇਸ਼ਰ ਨਾਮ ਦਾ ਵਾਸਾ ਹੈ ਉਨ੍ਹਾਂ ਦਾ ਕੋਰਾ ਕਕਰ ਕੀ ਵਿਗਾੜ ਸਕਦਾ ਹੈ।

ਸਰਹਿੰਦ ਕੈਦ ਵਿਚ ਸੂਬਾ ਸਰਹਿੰਦ ਪਾਸ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਮੋਤੀ ਰਾਮ ਮਹਿਰਾ, ਰਸੋਈਖਾਨੇ ਵਿੱਚ ਨੌਕਰੀ ਕਰਦਾ ਸੀ, ਉਹ ਹਿੰਦੂ ਕੈਦੀਆਂ ਲਈ ਲੰਗਰ ਤਿਆਰ ਕਰਦਾ ਸੀ।  ਉਸ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ  ਪਰਸ਼ਾਦਾ ਲਿਜਾਉਣ ਦਾ ਪ੍ਰਬੰਧ ਕੀਤਾ ਸੀ, ਪਰ ਮਾਤਾ ਜੀ ਨੇ ਮਲੇਸ਼ਾਂ ਦਾ ਖਾਣਾ ਖਾਣ ਤੋਂ ਮਨਾ ਦਿੱਤਾ। ਘਰ ਆਏ ਮੋਤੀ ਰਾਮ ਨੂੰ ਮਾਯੂਸੀ ’ਚ ਦੇਖ ਉਸ ਦੀ ਬਜ਼ੁਰਗ ਮਾਤਾ ਅਤੇ ਪਤਨੀ ਨੇ ਕਾਰਨ ਪੁੱਛਿਆ। ਮੋਤੀ ਰਾਮ ਜੀ ਨੇ  ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਸਾਰੀ ਵਾਰਤਾ ਦਸੀ ਅਤੇ ਸਾਰੀ ਵਿਥਿਆ ਸੁਣਾਈ ਤਾਂ ਕਿਹਾ ਕਿ ਹਾਕਮ ਨੇ ਸਿੱਖ ਦੀ ਮਦਦ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਹਲੂ ’ਚ ਪੀੜ੍ਹ ਦੇਣ ਦੀ ਗਲ ਕਹੀ ਹੋਈ ਹੈ। ਫਿਰ ਵੀ ਸਾਨੂੰ ਗੁਰੂ ਪਰਿਵਾਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਘਰ ਦੀ ਗਾਂ ਦਾ ਦੁੱਧ ਘੜਵਾ ਭਰ ਕੇ ਦੇ ਦਿੱਤਾ। ਪਰ ਪਹਿਰੇਦਾਰਾਂ ਨੇ ਅੱਗੇ ਨਾ ਜਾਣ ਦਿੱਤਾ। ਮੋਤੀ ਰਾਮ ਜੀ ਘਰ ਦੇ ਗਹਿਣੇ ਲੁਟਾ ਕੇ ਵੀ ਤਿੰਨੇ ਦਿਨ ਚੋਰੀ ਛਿਪੇ ਦੁੱਧ ਦੀ ਸੇਵਾ ਕਰਦੇ ਰਹੇ। ਹਕੂਮਤ ਨੂੰ ਇਸ ਗੱਲ ਦੀ ਖ਼ਬਰ ਦਾ ਮਿਲੀ ਤਾਂ ਵਜ਼ੀਰ ਖਾ ਨੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪਿੜਵਾ ਦਿੱਤਾ।

11 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਵੜਨ ਲਈ ਛੋਟੀ ਬਾਰੀ ਖੋਲੀ ਗਈ ਤਾਂ ਕਿ ਗੁਰੂ ਕੇ ਲਾਲ ਸਿਰ ਨਿਊ ਕੇ ਅੰਦਰ ਜਾਣ। ਪਰ ਗੁਰੂ ਕੇ ਲਾਲਾਂ ਨੇ ਪਹਿਲਾਂ ਪੈਰ ਅੰਦਰ ਕਰਦਿਆਂ ਜੁਟੀ ਦੀ ਨੋਕ ਵਜ਼ੀਰ ਖਾਨ ਨੂੰ ਦਿਖਾਈ। ਉਹ ਸਮਝ ਗਿਆ ਕਿ ਇਹ ਕੰਮ ਸੌਖਾ ਨਹੀਂ ਹੈ। ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਤੇ ਦੋਵੇਂ ਭਰਾ ਮਾਰੇ ਗਏ ਹਨ। ਸਾਹਿਬਜ਼ਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ।

ਵਜ਼ੀਰ ਖਾਂ ਨੇ ਕਾਜ਼ੀ ਦੀ ਰਾਇ ਲਈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਵਜ਼ੀਰ ਖ਼ਾਨ ਨੇ ਨਵਾਬ ਮਲੇਰਕੋਟਲਾ ਸ਼ੇਰ ਖਾਂ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ‘ਨਾਹਰ ਖਾਂ’ ਤੇ ਭਾਣਜੇ ‘ਖ਼ਿਜ਼ਰ ਖਾਂ’ ਦਾ ਬਦਲਾ ਲੈ ਸਕਦਾ ਹੈ, ਜਿਹੜੇ ਕਿ ਚਮਕੌਰ ਦੀ ਜੰਗ ਸਮੇਂ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਮਾਰੇ ਗਏ ਸਨ। ਨਵਾਬ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਚਮਕੌਰ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਉਹ ਉੱਠ ਕੇ ਚਲਾ ਗਿਆ। ਅੱਲ੍ਹਾ ਯਾਰ ਖ਼ਾਂ ਜੋਗੀ ਸ਼ੇਰ ਖਾਂ ਦੇ ਹਵਾਲੇ ਨਾਲ ਲਿਖਦਾ ਹੈ:-
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਲਮਾ ਪੜਣ ਲਈ ਕਿਹਾ। ਕਲਮਾ ਪੜਣ ਬਿਨਾ ਜਾਨ ਬਚੇਗੀ। ਲਾਲਾਂ ਕਿਹਾ ਕਲਮਾਂ ਪੜਣ ਵਾਲੇ ਤੁਹਾਡੇ ਵਡੇਰੇ ਕਿਥੇ ਹਨ। ਉਹ ਤਾਂ ਮਰ ਗਏ ਹਨ। ਜੇ ਕਲਮਾਂ ਪੜਣ ਵਾਲਿਆਂ ਨੂੰ ਵੀ ਮੌਤ ਆਉਂਦੀ ਹੈ ਫਿਰ ਕਿਉ ਪੜ੍ਹੀਏ? ਗਲ ਕੀ ਉਹ ਸਾਹਿਬਜ਼ਾਦਿਆਂ ਨੂੰ ਆਪਣੇ ਧਰਮ ਤੋਂ ਡੇਗ ਨਾ ਸਕੇ।
ਉਸ ਦਿਨ ਸਾਹਿਬਜ਼ਾਦੇ ਵਾਪਸ ਮੁੜੇ । ਸਾਰੀ ਵਾਰਤਾ ਮਾਤਾ ਗੁਜਰੀ ਜੀ ਨੂੰ ਸੁਣਾਈ ਗਈ। ਮਾਂ ਖ਼ੁਸ਼ ਹੈ।
ਅਗਲੇ ਦਿਨ 12 ਪੋਹ ਨੂੰ ਫਿਰ ਪੇਸ਼ੀ ਹੋਈ । ਫਿਰ ਉਹੀ ਗਲ। ਉਸੇ ਤਰਾਂ ਜੈਕਾਰੇ ਛੱਡੇ ਗਏ। ਲਾਲਚ ਦਿੱਤੇ ਗਏ ਸਾਹਿਬਜ਼ਾਦਿਆਂ ਕਿਹਾ ਸਾਡੇ ਦਾਦੇ ਨੂੰ ਨਹੀਂ ਮਨਾ ਸਕੇ । ਸਾਨੂੰ ਕਿਵੇਂ ਮਨਾ ਲਉਗੇ।

ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।
ਸੁੱਚਾ ਨੰਦ ਨੇ ਬੱਚਿਆ ਨੂੰ ਪੁੱਛਿਆ ਕਿ
‘ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ?
ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ
‘ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀਂ ਸਾਨੂੰ ਛੱਡ ਦਿੰਦੇ ਹੋ ਤਾਂ ਅਸੀਂ ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖ਼ਿਲਾਫ਼ ਲੜਦੇ ਰਹਾਂਗੇ। ਸੂਬੇ ਸਰਹਿੰਦ ਦੇ ਦੋ ਟੁਕੜੇ ਕਰਾਂਗੇ। ਜੇ ਫਿਰ ਵੀ ਫੜੇ ਗਏ ਫਿਰ ਕੀ ਕਰੋਗੇ? ਸਾਹਿਬਜ਼ਾਦਿਆਂ ਦਾ ਜਵਾਬ ਉਹ ਹੀ। ਕਿ ਸਿਲਸਿਲਾ ਇੰਝ ਹੀ ਚਲਦਾ ਰਹੇਗਾ।
ਸੁੱਚਾ ਨੰਦ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਹਨਾਂ ( ਬੁਝੰਗ- ਸੱਪ) ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ।  ਅਖੀਰ ਕੋਈ ਚਾਰਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਨੀਂਹਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬਚਿਆਂ ਨੂੰ ਮਾਤਾ ਜੀ ਵਲ ਭੇਜਿਆ ਗਿਆ, ਕਿ ਮਾਂ ਕੁਝ ਸਮਝਾ ਦੇਣ ਅਤੇ ਜਾਨ ਬਚ ਜਾਵੇ। ਪਰ ਮਾਤਾ ਗੁਜਰੀ ਜੀ ਨੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਲਿਆ ਅਤੇ ਬਚਿਆਂ ਨੂੰ ਧਰਮ ਦੀ ਸਿੱਖਿਆ ਦਿੱਤੀ। ਉਨ੍ਹਾਂ ਨੂੰ ਆਪਣੇ ਵੱਡੇ-ਵਡੇਰਿਆਂ ਦੇ ਮਾਰਗ ਤੇ ਚੱਲਣ ਲਈ ਪ੍ਰੇਰਨਾ ਦਿੱਤੀ।

13 ਪੋਹ, 1761 ਬਿਕਰਮੀ ਵਾਲੇ ਦਿਨ ਮਾਂ ਨੇ ਲਾਲਾਂ ਨੂੰ ਪੰਚ ਇਸ਼ਨਾਨਾਂ ਕਰਾ ਕੇ ਨਿੱਤਨੇਮ ਕਰਾਇਆ। ਮੱਥੇ ਨੂੰ ਚੁੰਮਿਆ। ਬਸਤਰ ਸਜਾਏ। ਕਲਗ਼ੀਆਂ ਲਗਾ ਦਿੱਤੀਆਂ। ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਆਪਣੇ ਫ਼ੈਸਲੇ ‘ਤੇ ਅਟੱਲ ਰਹੇ। ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ ਪਰ ਕੋਈ ਵੀ ਜ਼ਲਾਦ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਲਈ ਤਿਆਰ ਨਹੀਂ ਸੀ ਪਰ ਦੋ ਜਲਾਦ ‘ਸ਼ਾਸ਼ਲ ਬੇਗ ਤੇ ਬਾਸ਼ਲ ਬੇਗ’ ਜੋਕਿ ਕਿਸੇ ਮੁਕੱਦਮੇ ਵਿੱਚ ਫਸੇ ਹੋਏ ਸਨ, ਨੇ ਇਸ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨਾ ਪ੍ਰਵਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਜਾਵੇਗਾ। ਜਲਾਦਾਂ ਦੀ ਇਹ ਸ਼ਰਤ ਮੰਨ ਲਈ । ਬਚਿਆਂ ਨੂੰ ਨੀਂਹਾਂ ਵਿਚ ਚਿਣਵਾਇਆ ਗਿਆ। ਗੋਡੇ ਛਾਂਗ ਦਿੱਤੇ ਗਏ। ਬਚਿਆਂ ਨੇ ਸੀਹ ਨਾ ਕੀਤੀ। ਇੱਟਾਂ ਉੱਪਰ ਆਉਂਦੀਆਂ ਗਈਆਂ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿੱਗ ਪਈ ਸੀ। ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ।  ਸਾਹਿਬਜ਼ਾਦੇ ਸਹਿਕਦੇ ਸਨ। ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਨ੍ਹਾਂ ਦੇ ਗੱਲਾਂ ਤੇ ਛੁਰੀਆਂ ਫੇਰੀਆਂ, ਫਿਰ ਤੜਫਾ ਤੜਫਾ ਕੇ ਸ਼ਹੀਦ ਕੀਤਾ। ਬਾਬਾ ਫ਼ਤਿਹ ਸਿੰਘ 12- 13 ਮਿੰਟ ਤੜਫ਼ਦਾ ਰਿਹਾ। ਇਹ ਸਾਰਾ ਤਸ਼ੱਦਦ ਉਨ੍ਹਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਲਗਪਗ 9 ਸਾਲ ਅਤੇ ਬਾਬਾ ਫ਼ਤਿਹ ਸਿੰਘ ਦੀ ਲਗਪਗ 7 ਸਾਲ ਸੀ।
ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਜਦੋਂ ਗੁਰੂਘਰ ਦੇ ਅਨਿੰਨ ਸੇਵਕ ਸੇਠ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਤਿੰਨੇ ਸ਼ਹੀਦਾਂ ਦਾ ਸਸਕਾਰ ਕਰਨ ਲਈ ਸੋਨੇ ਦੀ ਮੋਹਰਾਂ ਖੜ੍ਹੀਆਂ ਕਰ ਕੇ ਜ਼ਮੀਨ ‘ਤੇ ਵਿਛਾ ਕੇ ਹਾਕਮ ਤੋਂ ਜ਼ਮੀਨ ਖ਼ਰੀਦੀ। ਅਤੇ ਸਸਕਾਰ ਕੀਤਾ ਗਿਆ, ਜਿੱਥੇ ਹੁਣ ਗੁਰਦੁਆਰਾ ਸ੍ਰੀ ਜੋਤੀ ਸਰੂਪ ਬਣਿਆ ਹੋਇਆ ਹੈ।  ਜਿੱਥੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਸੀ, ਉੱਥੇ  ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਸਥਿਤ ਹੈ।
ਇਹ ਸਾਰਾ ਵਰਤਾਰਾ ਸਿੱਖ ਇਤਿਹਾਸ ਦਾ ਉਹ ਅਧਿਆਇ ਹੈ, ਜਿੱਥੇ ਗੁਰਬਾਣੀ ਸ਼ਬਦ ਨਹੀਂ, ਲਹੂ ਬਣ ਕੇ ਬੋਲਦੀ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਅਵਸਥਾ ਤੋਂ ਕਿਤੇ ਵੱਡੀ ਆਤਮਕ ਉੱਚਾਈ ਦਿਖਾਈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਸਿੱਖੀ ਵਿੱਚ ਉਮਰ ਨਹੀਂ, ਸਿਧਾਂਤ ਸ਼ਹਾਦਤ ਦਾ ਮਾਪਦੰਡ ਹੁੰਦਾ ਹੈ। ਇਸ ਸ਼ਹਾਦਤ ਨੇ ਇਹ ਸੁਨੇਹਾ ਦਿੱਤਾ ਕਿ ਧਰਮ ਤਲਵਾਰ ਦੀ ਧਾਰ ਨਾਲ ਨਹੀਂ, ਸਗੋਂ ਸਿਦਕ, ਸਹਿਣਸ਼ੀਲਤਾ ਅਤੇ ਅਡੋਲਤਾ ਨਾਲ ਜਿਉਂਦਾ ਰਹਿੰਦਾ ਹੈ।
ਅੱਲਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ—
“ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ,
ਸਿੱਖੀ ਕੀ ਨੀਵ ਹਮ ਹੈ ਸਰੋਂ ਪਰ ਉਠਾ ਚਲੇ।”
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਦੀ ਵਿਰਾਸਤ ਨਹੀਂ, ਸਗੋਂ ਇਹ ਸਮੂਹ ਮਨੁੱਖਤਾ ਲਈ ਨੈਤਿਕ ਚਾਨਣ ਮੁਨਾਰਾ ਹੈ। ਜਿਹੜੀ ਕੌਮ ਆਪਣੇ ਬੱਚਿਆਂ ਨੂੰ ਵੀ ਸੱਚ ਅਤੇ ਅਜ਼ਾਦੀ ਦੀ ਖ਼ਾਤਰ ਹੱਸਦੇ-ਹੱਸਦੇ ਕੁਰਬਾਨ ਕਰ ਸਕਦੀ ਹੈ, ਉਸ ਕੌਮ ਦਾ ਭਵਿੱਖ ਕਦੇ ਅੰਧਕਾਰਮਈ ਨਹੀਂ ਹੋ ਸਕਦਾ।

ਪ੍ਰੋ. ਸਰਚਾਂਦ ਸਿੰਘ ਖਿਆਲਾ। ਫੋਨ – 97681355522

Leave a Reply

Your email address will not be published. Required fields are marked *