ਟਾਪਦੇਸ਼-ਵਿਦੇਸ਼

ਜੁਝਾਰ ਸਿੰਘ ਨੇ ਦੁਬਈ ‘ਚ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤ ਕੇ ਸਿੱਖੀ, ਪੰਜਾਬ ਤੇ ਭਾਰਤ ਦਾ ਮਾਣ ਵਧਾਇਆ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ –ਭਾਜਪਾ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਜਿਲ੍ਹਾ ਰੋਪੜ ਦੇ ਗੜੀ ਚਮਕੌਰ ਨਾਲ ਸਬੰਧਤ ਸਾਬਤ ਸੂਰਤ ਸਿੱਖ ਨੌਜਵਾਨ ਜੁਝਾਰ ਸਿੰਘ ਨੂੰ ਦੁਬਈ (ਅਬੂ ਧਾਬੀ) ਵਿੱਚ ਹੋਈ ਅੰਤਰਰਾਸ਼ਟਰੀ ਪਾਵਰ ਸਲੈਪ ਫਾਈਟ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਜਿੱਤ ਲਈ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੁਝਾਰ ਸਿੰਘ ਨੇ ਆਪਣੇ ਰੂਸੀ ਮੁਕਾਬਲੇਬਾਜ਼ ਐਂਟੋਲੀ ਗਲੁਸ਼ਕਾ ਨੂੰ ਇਕ ਸ਼ਕਤੀਸ਼ਾਲੀ ਥੱਪੜ ਨਾਲ ਹਰਾਕੇ ਪਹਿਲਾ ਭਾਰਤੀ ਪਾਵਰ ਸਲੈਪ ਚੈਂਪੀਅਨ ਬਣ ਕੇ ਪੰਜਾਬ, ਪੰਜਾਬੀਆਂ ਤੇ ਸਮੂਹ ਭਾਰਤ ਦਾ ਮਾਣ ਉੱਚਾ ਕੀਤਾ ਹੈ।
ਪ੍ਰੋ. ਖਿਆਲਾ ਨੇ ਦੱਸਿਆ ਕਿ ਇਹ ਇਕ ਵਿਲੱਖਣ ਵਿਸ਼ਵ ਪੱਧਰੀ ਖੇਡ ਹੈ, ਜਿਸ ਵਿੱਚ ਦੋ ਖਿਡਾਰੀ ਵਾਰੀ ਵਾਰੀ ਇਕ ਦੂਜੇ ਨੂੰ ਸਲੈਪ ਮਾਰਦੇ ਹਨ ਅਤੇ ਜੋ ਖਿਡਾਰੀ ਵਧੇਰੇ ਸੰਯਮ, ਸ਼ਕਤੀ ਅਤੇ ਟਿਕਾਅ ਦਿਖਾਉਂਦਾ ਹੈ, ਉਸਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੁਝਾਰ ਸਿੰਘ ਦਾ ਸਬੰਧ ਉਸ ਪਵਿੱਤਰ ਧਰਤੀ ਗੜੀ ਚਮਕੌਰ ਸਾਹਿਬ ਨਾਲ ਹੈ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਖਾਲਸੇ ਦੇ ਅਟੱਲ ਜਜ਼ਬੇ ਨੂੰ ਅਮਰ ਕੀਤਾ ਸੀ। ਉਸੇ ਧਰਤੀ ਦਾ ਇਹ ਸਾਬਤ ਸੂਰਤ ਸਿੱਖ ਨੌਜਵਾਨ ਅੱਜ ਦੁਨੀਆ ਦੇ ਖੇਡ ਮੰਚ ’ਤੇ ਆਪਣੀ ਸ਼ਰਧਾ, ਸੰਯਮ ਅਤੇ ਸ਼ਕਤੀ ਨਾਲ ਪੰਜਾਬ ਤੇ ਭਾਰਤ ਦਾ ਮਾਣ ਵਧਾ ਰਿਹਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਜੁਝਾਰ ਸਿੰਘ ਨੇ ਆਪਣੇ ਨਾਮ ਦੇ ਅਨੁਸਾਰ ਸੱਚਮੁੱਚ “ਜੁਝਾਰੂ” ਸਿੰਘਾਂ ਦੀ ਰੀਤ ਨਿਭਾਈ ਹੈ। ਸਿੱਖੀ ਦੇ ਅਸੂਲਾਂ ’ਤੇ ਕਾਇਮ ਰਹਿ ਕੇ ਆਪਣੀ ਸਾਬਤ ਸੂਰਤ ਪਹਿਚਾਣ ਨਾਲ ਦੁਬਈ ਦੇ ਅੰਤਰਰਾਸ਼ਟਰੀ ਮੰਚ ’ਤੇ ਜਿੱਤ ਹਾਸਲ ਕਰਕੇ ਉਸਨੇ ਦਰਸਾਇਆ ਹੈ ਕਿ ਜਿਥੇ ਖਾਲਸਾ ਖੜਾ ਹੁੰਦਾ ਹੈ, ਉਥੇ ਮਾਣ ਤੇ ਸਤਕਾਰ ਆਪ ਆ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸਾਬਤ ਸੂਰਤ ਸਿੱਖ ਨੌਜਵਾਨ ਦੀ ਇਹ ਜਿੱਤ ਸਿਰਫ਼ ਵਿਅਕਤੀਗਤ ਖੇਡ ਜਿੱਤ ਨਹੀਂ, ਸਗੋਂ ਸਿੱਖੀ ਦੀ ਰੂਹਾਨੀ ਤਾਕਤ ਅਤੇ ਅਨੁਸ਼ਾਸਨ ਦੀ ਵੀ ਜਿੱਤ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਅਜਿਹੇ ਗੁਰਸਿੱਖ ਨੌਜਵਾਨ ਸਿਰਫ਼ ਖਿਡਾਰੀ ਨਹੀਂ ਹੁੰਦੇ, ਸਗੋਂ ਆਉਣ ਵਾਲੀਆਂ ਸਿੱਖ ਨੌਜਵਾਨ ਪੀੜੀਆਂ ਲਈ ਪ੍ਰੇਰਣਾ-ਸਰੋਤ ਬਣਦੇ ਹਨ। ਜੁਝਾਰ ਸਿੰਘ ਨੇ ਸਾਬਤ ਕੀਤਾ ਹੈ ਕਿ ਜਦ ਸਿੱਖ ਨੌਜਵਾਨ ਗੁਰਮਤਿ ਅਸੂਲਾਂ ’ਤੇ ਕਾਇਮ ਰਹਿ ਕੇ ਮਿਹਨਤ, ਆਤਮ ਵਿਸ਼ਵਾਸ ਅਤੇ ਸਿੱਖੀ ਜਜ਼ਬੇ ਨਾਲ ਮੈਦਾਨ ਵਿੱਚ ਉਤਰਦਾ ਹੈ, ਤਾਂ ਸੰਸਾਰ ਉਸਦਾ ਮਾਣ ਕਰਦਾ ਹੈ।
ਪ੍ਰੋ. ਖਿਆਲਾ ਨੇ ਅਖੀਰ ਵਿੱਚ ਕਿਹਾ –
“ਸਾਨੂੰ ਸਮੂਹ ਪੰਜਾਬੀਆਂ ਨੂੰ ਜੁਝਾਰ ਸਿੰਘ ਵਰਗੇ ਸਾਬਤ ਸੂਰਤ ਗੁਰਸਿੱਖ ਖਿਡਾਰੀ ਪੁੱਤਰ ’ਤੇ ਮਾਣ ਹੈ, ਜਿਸ ਨੇ ਦੁਬਈ ਦੇ ਮੰਚ ’ਤੇ ਪੰਜਾਬ, ਪੰਜਾਬੀ ਤੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਿੱਖੀ ਦੀ ਲਾਜ ਰੱਖੀ ਹੈ। ਵਾਹਿਗੁਰੂ ਉਸਨੂੰ ਖੇਡਾਂ ਅਤੇ ਜੀਵਨ ਦੇ ਹਰ ਮੈਦਾਨ ਵਿੱਚ ਹੋਰ ਵੱਡੀਆਂ ਜਿੱਤਾਂ ਨਾਲ ਨਵਾਜੇ।”

Leave a Reply

Your email address will not be published. Required fields are marked *