ਟਾਪਪੰਜਾਬ

ਤਸਵੀਰਾਂ ਬੋਲਦੀਆਂ…! ਚਰਨਜੀਤ ਭੁੱਲਰ

ਚੰਡੀਗੜ੍ਹ : ਇੱਕ ਵਾਰੀ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਇੰਗਲੈਂਡ ਦੌਰੇ ’ਤੇ ਗਏ। ਇੰਗਲੈਂਡ ਦੇ ਕਿਸੇ ਨੇਤਾ ਦੇ ਘਰ ਠਹਿਰੇ। ਸ਼ਾਹੀ ਠਾਠ ਬਾਠ ਦੇਖ ਲਾਲੂ ਜੀ ਦੰਗ ਰਹਿ ਗਏ। ਜਦ ਸਵੇਰ ਦੀ ਸੈਰ ’ਤੇ ਨਿਕਲੇ ਤਾਂ ਲਾਲੂ ਜੀ ਤੋਂ ਰਿਹਾ ਨਾ ਗਿਆ, ‘ਨੇਤਾ ਜੀ! ਤੁਸਾਂ ਦੇ ਸ਼ਾਹੀ ਰਹਿਣ ਸਹਿਣ ਦਾ ਰਾਜ ? ਮੇਜ਼ਬਾਨ ਨੇਤਾ ਨੇ ਉਂਗਲ ਲੰਮੀ ਕਰਕੇ ਕਿਹਾ, ‘ਔਰ ਨਦੀ ਦਿਸਦੀ ਹੈ’। ਲਾਲੂ ਜੀ ਦੇ ਹਾਂ ਕਹਿਣ ’ਤੇ ਮੇਜ਼ਬਾਨ ਨੇ ਮੁੜ ਸੁਆਲ ਕੀਤਾ, ‘ਨਦੀ ’ਤੇ ਬਣਿਆ ਪੁਲ ਵੀ ਦਿਸਦੈ।’ ਲਾਲੂ ਜੀ ਨੇ ਪੂਰਾ ਸਿਰ ਹਿਲਾ ਕੇ ਮਹਿਮਾਨ ਨੇਤਾ ਵੱਲ ਦੇਖਿਆ। ਅੱਗਿਓਂ ਬਰਤਾਨਵੀ ਨੇਤਾ ਖ਼ੁਸ਼ਨੁਮਾ ਅੰਦਾਜ਼ ’ਚ ਫ਼ਰਮਾਏ..‘ਪੰਜ ਫ਼ੀਸਦੀ’।
ਜਦ ਇੰਗਲੈਂਡ ਤੋਂ ਉਹੀ ਨੇਤਾ ਲੰਮੇ ਸਮੇਂ ਬਾਅਦ ਲਾਲੂ ਜੀ ਦੇ ਘਰ ਠਹਿਰੇ ਤਾਂ ਲਾਲੂ ਪ੍ਰਸ਼ਾਦ ਦਾ ਬੰਗਲਾ ਦੇਖ ਮਹਿਮਾਨ ਗੁੰਮ ਸੁੰਮ ਹੋ ਗਿਆ। ਲਾਲੂ ਜੀ ਨਾਲ ਸਵੇਰ ਵਕਤ ਸੈਰ ’ਤੇ ਨਿਕਲੇ ਤਾਂ ਹੁਣ ਲਾਲੂ ਪ੍ਰਸ਼ਾਦ ਦੀ ਵਾਰੀ ਸੀ। ਲਾਲੂ ਜੀ ਮਹਿਮਾਨ ਨੇਤਾ ਨੂੰ ਬੋਲੇ, ‘ਥੋਨੂੰ ਔਹ ਨਦੀ ਦਿਸਦੀ ਹੈ’। ਮਹਿਮਾਨ ਨੇ ਸਿਰ ਹਿਲਾ ਦਿੱਤਾ। ਲਾਲੂ ਜੀ ਨੇ ਅਗਲਾ ਸੁਆਲ ਦਾਗ਼ ਦਿੱਤਾ, ‘ਨਦੀ ’ਤੇ ਬਣਿਆ ਪੁਲ ਦਿਸਦੈ’। ਮਹਿਮਾਨ ਨੇਤਾ ਨੇ ਸਭ ਪਾਸੇ ਨਿਗ੍ਹਾ ਘੁਮਾਈ, ਕੁੱਝ ਨਜ਼ਰ ਨਾ ਆਇਆ, ‘ਪੁਲ ਤਾਂ ਕਿਤੇ ਦਿਸਦਾ ਨੀ।’
ਲਾਲੂ ਪ੍ਰਸ਼ਾਦ ਨੇ ਪਹਿਲਾਂ ਜ਼ੋਰ ਦੀ ਹੱਸੇ, ਫਿਰ ਗੰਭੀਰ ਹੋ ਕੇ ਮਹਿਮਾਨ ਨੇਤਾ ਦੀਆਂ ਅੱਖਾਂ ’ਚ ਅੱਖਾਂ ਪਾ ਬੋਲੋ, ‘ਸੌ ਫ਼ੀਸਦੀ’। ਮੁੱਕਦੀ ਗੱਲ ਇਹ ਹੈ ਕਿ ਹਰ ਮਾਈ ਭਾਈ ਨੇ ਅੱਜ ਅਖ਼ਬਾਰਾਂ ’ਤੇ ਤਾਂ ਨਜ਼ਰ ਮਾਰੀ ਹੋਊ। ਤਕਰੀਬਨ ਹਰ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਤਸਵੀਰ ਛਪੀ ਹੈ ਜੋ ‘ਗੁਜਰਾਤ ਮਾਡਲ’ ਦੇ ਦਰਸ਼ਨ ਕਰਾ ਰਹੀ ਹੈ। ਦੇਸ਼ ’ਚ ਚਾਰ ਸਾਲਾਂ ’ਚ ਇਹ 16ਵਾਂ ਪੁਲ ਹੈ ਜੋ ਪਹਿਲੇ ਪੰਨੇ ਦੀ ਖ਼ਬਰ ਬਣਿਆ ਹੈ। ਬੀਬਾ ਰਣਜੀਤ ਕੌਰ ਦਾ ਗੀਤ ਬਹੁਤ ਮਕਬੂਲ ਹੋਇਆ ਸੀ, ‘ਮੈਨੂੰ ਟੈਲੀਵਿਜ਼ਨ ਲੈ ਦੇ ਵੇ, ਤਸਵੀਰਾਂ ਬੋਲਦੀਆਂ..।
(10 ਜੁਲਾਈ 2025)

Leave a Reply

Your email address will not be published. Required fields are marked *