ਨਵੇਂ ਵਰ੍ਹੇ ਦਾ ਸਰਘੀ ਵੇਲ੍ਹਾ ‘ਜੀ ਆਇਆਂ ਨੂੰ 2026’-ਗੋਬਿੰਦਰ ਸਿੰਘ ਢੀਂਡਸਾ

ਨਵੇਂ ਵਰ੍ਹੇ ਤੇ ਸਰਘੀ ਵੇਲ੍ਹੇ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਤੁਹਾਨੂੰ ਊਰਜਾਵਾਨ ਕਰਨ, ਤਹਾਨੂੰ ਆਸਵੰਦ ਕਰਨ ਅਤੇ ਜ਼ਿੰਦਗੀ ਪ੍ਰਤੀ
ਸਕਰਾਤਮਕ ਰਵੱਈਆ ਰੱਖਣ ਲਈ ਪ੍ਰੇਰਿਤ ਕਰਨ ਲਈ ਤੁਹਾਡੇ ਬੂਹੇ ਤੇ ਦਸਤਕ ਦੇ ਰਹੀ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਸ ਮੁਕਾਮ ਤੇ ਹੋ,
ਸਭ ਤੋਂ ਪਹਿਲਾਂ ਉਸ ਸੱਚ ਨੂੰ ਮੰਨੋ ਅਤੇ ਇਸ ਅਸਲੀਅਤ ਨੂੰ ਅਪਣਾਓ, ਜੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਜੋ ਮੁਕਾਮ ਹਾਸਿਲ ਕਰਨਾ ਚਾਹੁੰਦੇ
ਹੋ, ਉਸ ਦੇ ਲਈ ਲੋੜੀਂਦੀ ਮਿਹਨਤ ਅਤੇ ਸੰਘਰਸ਼ ਨੂੰ ਲਗਾਤਾਰਤਾ ਵਿੱਚ ਰੱਖੋ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ, ਤੁਹਾਨੂੰ ਅੰਬਰਾਂ ਵਿੱਚ
ਉਡਾਰੀ ਮਾਰਨ ਤੋਂ ਕੋਈ ਨਹੀਂ ਰੋਕ ਸਕਦਾ ਜਦੋਂ ਤੱਕ ਤੁਸੀਂ ਅਸਲੀਅਤ, ਦ੍ਰਿੜਤਾ ਅਤੇ ਸਕਰਾਤਮਕਤਾ ਨਾਲ ਆਪਣੇ ਰਾਹ ਦੇ ਚੱਲਦੇ ਰਹੋਗੇ।
ਯਾਦ ਰਹੇ ਆਪਣੇ ਕੱਲ੍ਹ ਦੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਵਿੱਚ, ਆਪਣੇ ਵਰਤਮਾਨ ਦੀ ਬਲੀ ਨਾ ਦੇਵੋ। ਰਾਤਾਂ ਬਾਅਦ ਦਿਨ ਚੜ੍ਹਣ ਦਾ
ਸਿਲਸਿਲਾ ਜਾਰੀ ਸੀ, ਜਾਰੀ ਹੈ ਤੇ ਜਾਰੀ ਰਹੇਗਾ, ਲੋੜ ਹੈ ਤੁਹਾਡੇ ਸਮੇਂ ਸਿਰ ਜਾਗਣ ਦੀ ਤੇ ਖੁੱਲ੍ਹਦਿਲੀ ਨਾਲ ਜ਼ਿੰਦਗੀ ਜ਼ਿੰਦਾਬਾਦ ਕਹਿਣ ਦੀ।
ਇਨਸਾਨ ਉਮਰ ਦੇ ਕਿਸੇ ਪੜਾਅ ਤੇ ਹੋਵੇ, ਉਸ ਲਈ ਆਸਵੰਦ ਬਣੇ ਰਹਿਣਾ ਅਤਿ ਲਾਜ਼ਮੀ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ‘ਉਮੀਦ ਤੇ ਹੀ
ਦੁਨੀਆਂ ਕਾਇਮ ਹੈ।‘ ਹਰ ਇਨਸਾਨ ਦੇ ਲਈ ਨਵੇਂ ਸਾਲ ਦੇ ਅਰਥ ਅਤੇ ਨਵੇਂ ਸਾਲ ਦੀ ਮਹੱਤਤਾ ਆਪਣੀ-ਆਪਣੀ ਹੁੰਦੀ ਹੈ, ਕਈਆਂ ਲਈ ਇਹ
ਪੀੜਾਦਾਇਕ ਵਾਪਰੀਆਂ ਘਟਨਾਵਾਂ ਦੇ ਦਿਨਾਂ ਨੂੰ ਮੁੜ ਯਾਦਾਂ ਦੇ ਝਰੋਖਿਆਂ ਵਿੱਚ ਤਾਜ਼ਾ ਕਰ, ਹਲੂਣ ਛੱਡਦੀ ਹੈ ਅਤੇ ਕਈਆਂ ਲਈ ਖੁਸ਼ੀਆਂ ਦਾ
ਵਣਜ ਬਣਦੀ ਹੈ। ਜ਼ਿੰਦਗੀ ਵਿੱਚ ਉਤਾਰ-ਚੜਾਅ ਆਪਣਾ ਅਹਿਮ ਸਥਾਨ ਰੱਖਦੇ ਹਨ, ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੁੱਖ-ਸੁੱਖ
ਜ਼ਿੰਦਗੀ ਦੇ ਦੋ ਅਹਿਮ ਰੰਗ ਹਨ, ਦੋ ਅਜਿਹੇ ਰਸ ਹਨ ਜਿਹਨਾਂ ਦੀ ਗੈਰ-ਮੌਜੂਦਗੀ ਇਨਸਾਨ ਦੀ ਜ਼ਿੰਦਗੀ ਨੂੰ ਰਸਹੀਣ ਕਰ ਛੱਡਦੀ ਹੈ।
ਇਨਸਾਨ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ, ਜੇ ਸਿੱਖਣ ਦੀ ਕੋਸ਼ਿਸ਼ ਕਰੇ, ਸਮਝਣ ਦਾ ਯਤਨ ਕਰੇ। ਨਵੇ ਸਾਲ ਦੀ ਨਵੀਂ ਸਵੇਰ ਨੂੰ ਹੱਸਕੇ, ਖਿੜੇ ਮੱਥੇ
ਪ੍ਰਵਾਨ ਕਰਨਾ ਤੁਹਾਡੀ ਜ਼ਿੰਦਗੀ ਪ੍ਰਤੀ ਸਕਰਾਤਮਕਤਾ, ਸਾਰਥਕ ਪਹੁੰਚ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਤੁਹਾਡੇ ਜ਼ਿੰਦਾਦਿਲ ਇਨਸਾਨ ਹੋਣ ਦੀ
ਪੁਸ਼ਟੀ ਕਰਦਾ ਹੈ। ਨਵੇਂ ਦਿਨ, ਨਵੀਂ ਊਰਜਾ ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ, ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ, ਆਪਣੇ ਦਿਨ ਨੂੰ
ਬਿਹਤਰ ਕਰਨ ਅਤੇ ਭਵਿੱਖ ਨੂੰ ਸੰਵਾਰਨ ਦੀ ਅਣਥੱਕ ਕੋਸ਼ਿਸ਼ ਕਰਨੀ ਚਾਹੀਦੀ ਹੈ।
ਨਵੇਂ ਸਾਲ ਦੀ ਨਵੀਂ ਸਵੇਰ ਤੇ ਇੱਕ ਅਹਿਮ ਅਹਿਦ ਵੀ ਕਰਨਾ ਚਾਹੀਦਾ ਹੈ ‘ਸਿਹਤ ਦੀ ਸੰਭਾਲ।‘ ਇੱਕ ਤੰਦਰੁਸਤ ਇਨਸਾਨ ਹੀ ਆਪਣੀ
ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦਾ ਹੈ। ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਮੋਟਾਪੇ ਜਾਂ
ਵੱਧ ਵਜ਼ਨ ਦਾ ਸ਼ਿਕਾਰ ਹਨ, ਸੋ ਲਾਜ਼ਮੀ ਹੈ ਕਿ ਆਪਣੇ ਵਜ਼ਨ ਨੂੰ ਨਿਯੰਤ੍ਰਣ ਵਿੱਚ ਰੱਖਣਾ ਆਪਣੀ ਮੁੱਢਲੀ ਜ਼ਿੰਮੇਵਾਰੀ ਵਿੱਚ ਸ਼ੁਮਾਰ ਕਰਨਾ
ਚਾਹੀਦਾ ਹੈ। ਆਪਣੀ ਰੁਚੀ ਅਨੁਸਾਰ ਕੁਝ ਕਿਤਾਬਾਂ ਨੂੰ ਪੜ੍ਹਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ, ਚੰਗੀਆਂ ਕਿਤਾਬਾਂ ਇਨਸਾਨ ਦੀਆਂ ਸੱਚੀਆਂ
ਮਿੱਤਰ ਸਾਬਿਤ ਹੁੰਦੀਆਂ ਹਨ। ਕਿਤਾਬਾਂ ਤੁਹਾਡੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਕਿਸੇ ਵੀ ਧਰਮ ਵਿੱਚ ਆਸਥਾ ਵਿਅਕਤੀ
ਦਾ ਨਿੱਜੀ ਮਾਮਲਾ ਹੈ, ਸਾਰਥਕ ਸਮਾਜ ਦੀ ਸਿਰਜਣਾ ਲਈ ਧਾਰਮਿਕ ਫਿਰਕਪ੍ਰਸਤੀ ਨੂੰ ਪਛਾਣਨਾ ਚਾਹੀਦਾ ਹੈ ਤੇ ਮਜ਼ਹਬੀ ਹਿੰਸਕ ਭੀੜ ਦਾ
ਹਿੱਸਾ ਨਹੀਂ ਬਣਦਾ ਚਾਹੀਦਾ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦਾ ਹੰਭਲਾ ਮਾਰਨਾ ਚਾਹੀਦਾ ਹੈ।
ਗੁਰੂ ਸਾਹਿਬਾਨਾਂ ਦੀ ‘ਕਿਰਤ ਕਰਨਾ, ਵੰਡ ਛਕਣਾ’ ਦੀ ਦਿੱਤੀ ਸਿੱਖਿਆ ਨੂੰ ਅਮਲੀਜਾਮਾ ਪਹਿਣਾਉਣਾ ਚਾਹੀਦਾ ਹੈ,ਹੱਕ ਦੀ ਕਮਾਈ ਕਰਨੀ
ਚਾਹੀਦੀ ਹੈ। ਰੁਤਬਿਆਂ ਦੇ ਬਹਿ ਕੇ, ਦਾਅ ਲੱਗਦਿਆਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ
ਜੋ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਉਸਦਾ ਸਬਰ, ਉਸਦੀ ਬਦ-ਦੁਆ ਤੁਹਾਨੂੰ ਪਾਪਾਂ ਦਾ ਭਾਗੀ ਬਣਾ ਛੱਡਦੀ ਹੈ, ਤੁਹਾਡੇ ਇਨਸਾਨ ਹੋਣ ਤੇ
ਸਵਾਲ ਪੈਦਾ ਹੋ ਜਾਂਦਾ ਹੈ? ਤੁਸੀਂ ਕਦੇ ਆਪਣੀ ਆਤਮਾ ਨਾਲ ਸ਼ੀਸ਼ੇ ਵਿੱਚ ਨਜ਼ਰ ਨਹੀਂ ਮਿਲਾ ਪਾਉਂਗੇ।
ਤੁਹਾਨੂੰ ਆਪਣੇ ਆਪ ਨਾਲ ਕੋਈ ਹਾਂ ਪੱਖੀ, ਸਕਰਾਤਮਕ ਵਾਅਦਾ ਕਰਨਾ ਚਾਹੀਦਾ ਹੈ ਜੋ ਤੁਹਾਡੇ ਲਈ ਖੁਸ਼ਹਾਲੀ ਦਾ ਵਣਜ ਬਣੇ ਅਤੇ ਇਸ
ਉੱਤੇ ਬਣੇ ਰਹਿਣਾ ਤੁਹਾਡੀ ਦ੍ਰਿੜਤਾ ਅਤੇ ਸ਼ਖਸੀਅਤ ਦਾ ਇਮਤਿਹਾਨ ਹੈ ਅਤੇ ਇਸ ਵਿੱਚ ਕਾਮਯਾਬ ਹੋਣਾ ਤੁਹਾਡੀ ਜ਼ਿੰਮੇਵਾਰੀ ਹੈ। ਆਪਣੇ ਆਪ
ਨਾਲ ਵਾਅਦਾ ਕਰਨਾ ਤੇ ਉਸ ਤੇ ਕਾਇਮ ਰਹਿਣਾ, ਜਿੰਨਾ ਸੌਖਾ ਜਾਪਦਾ ਹੈ ਉਨ੍ਹਾਂ ਸੌਖਾ ਨਹੀਂ। ਇਹ ਤੁਹਾਡੀ ਅਵੇਸਲਪਣ ਦੀ ਲਤ ਅਤੇ ਤੁਹਾਡੀ
ਸ਼ਖਸੀਅਤ ਦੇ ਵਿਕਾਰਾਂ ਨੂੰ ਵੰਗਾਰ ਹੈ। ਜੇਕਰ ਤੁਸੀਂ ਆਪਣੇ ਆਪ ਨਾਲ ਕੀਤਾ ਵਾਅਦਾ ਵਫ਼ਾ ਨਹੀਂ ਕਰ ਸਕਦੇ ਤਾਂ ਬਾਕੀ ਸਭ ਨਿਗੂਣਾ ਹੈ।
ਤੁਹਾਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਪਵੇਗੀ ਜੇਕਰ ਤੁਸੀਂ ਆਪਣੀ ਨਜ਼ਰਾਂ ਵਿੱਚ ਸ਼ਰਮਿੰਦਾ ਨਹੀਂ ਹੁੰਦੇ ਅਤੇ ਆਪਣੇ ਆਪ ਨਾਲ
ਕੀਤੇ ਇਕਰਾਰ ਤੇ ਪੂਰ ਉੱਤਰਦੇ ਹੋ।
ਗੋਬਿੰਦਰ ਸਿੰਘ ਢੀਂਡਸਾ
ਈਮੇਲ- [email protected]
