ਪ੍ਰਧਾਨ ਮੰਤਰੀ ਦਾ ਦੌਰਾ ਪੰਜਾਬ ਦੇ ਹੜ੍ਹ ਪੀੜਤਾਂ ਨਾਲ ਕੋਝਾ ਮਜ਼ਾਕ, ਐਲਾਨਿਆ ਪੈਕੇਜ ਊਠ ਦੇ ਮੂੰਹ ‘ਚ ਜੀਰਾ – ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਦਾ ਦੌਰਾ ਬਹੁਤ ਦੇਰੀ ਨਾਲ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਐਲਾਨੀ ਗਈ 1600 ਕਰੋੜ ਰੁਪਏ ਦੀ ਮਦਦ ਹੜ੍ਹਾਂ ਨਾਲ ਹੋਏ ਹਜ਼ਾਰਾਂ ਕਰੋੜਾਂ ਦੇ ਨੁਕਸਾਨ ਅੱਗੇ ਊਠ ਦੇ ਮੂੰਹ ਵਿੱਚ ਜੀਰੇ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਪੰਜਾਬੀ ਕੌਮ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਨਾਜ ਸੁਰੱਖਿਆ ਲਈ ਹਮੇਸ਼ਾ ਮੋਹਰੀ ਹੋ ਕੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਅੱਜ ਉਸੇ ਕੌਮ ਨੂੰ ਆਫ਼ਤ ਦੀ ਘੜੀ ਵਿੱਚ ਕੇਂਦਰ ਸਰਕਾਰ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਾ ਇਹ ਦੌਰਾ ਪੰਜਾਬ ਦੇ ਜ਼ਖ਼ਮਾਂ ‘ਤੇ ਮਲ੍ਹਮ ਲਗਾਉਣ ਦੀ ਬਜਾਏ ਸਿਰਫ਼ ਇੱਕ ਸਿਆਸੀ ਡਰਾਮਾ ਸਾਬਤ ਹੋਇਆ ਹੈ।
ਸ੍ਰ. ਬ੍ਰਹਮਪੁਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ‘ਆਪ’ ਸਰਕਾਰ ਦੀ ਅਣਗਹਿਲੀ ਅਤੇ ਤਜਰਬੇਹੀਣਤਾ ਕਾਰਨ ਹੀ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰਕਾਰ ਕੋਲ ਪੰਜਾਬ ਦਾ ਪੱਖ ਮਜ਼ਬੂਤੀ ਨਾਲ ਰੱਖਣ ਵਿੱਚ ਅਸਫ਼ਲ ਰਹੇ ਹਨ, ਜਿਸ ਕਾਰਨ ਪੰਜਾਬ ਨੂੰ ਇੰਨਾ ਨਿਗੂਣਾ ਪੈਕੇਜ ਮਿਲਿਆ ਹੈ।
ਇਸ ਮੌਕੇ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਡਟਿਆ ਹੋਇਆ ਹੈ। ਸਾਡੇ ਆਗੂ ਅਤੇ ਵਰਕਰ ਬਿੰਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਪਣੇ ਪੱਧਰ ‘ਤੇ ਲੰਗਰ, ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਲੋਕਾਂ ਦੀ ਮਦਦ ਕਰ ਰਹੇ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਆਪਣਾ ਫੈਸਲਾ ਬਦਲ ਕੇ ਪੰਜਾਬ ਲਈ ਘੱਟੋ-ਘੱਟ 20,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ ਤਾਂ ਜੋ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਅਤੇ ਕਿਸਾਨਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਹੋ ਸਕੇ।
ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ, ਚੋਹਲਾ ਸਾਹਿਬ, ਮਨਜਿੰਦਰ ਸਿੰਘ ਲਾਟੀ, ਡਾ: ਜਤਿੰਦਰ ਸਿੰਘ, ਦਿਲਬਰ ਸਿੰਘ, ਗੁਰਦੇਵ ਸਿੰਘ ਸ਼ਬਦੀ, ਬਾਬਾ ਬਲਬੀਰ ਸਿੰਘ ਘੈਣਾ, ਸਿਮਰਨਜੀਤ ਸਿੰਘ ਕਾਕੂ ਪੀ.ਏ, ਮਾਸਟਰ ਦਲਬੀਰ ਸਿੰਘ ਚੰਬਾ ਕਲਾਂ, ਅਜੀਤ ਪਾਲ ਸਿੰਘ ਬਿੱਟੂ ਸਾਬਕਾ ਸਰਪੰਚ ਆਦਿ ਹਾਜ਼ਰ ਸਨ। –