ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰ ਕੇ ਭਾਜਪਾ ਨੇ ਇਕ ਵਾਰ ਫਿਰ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ: ਬਲਬੀਰ ਸਿੱਧੂ

ਐਸ.ਏ.ਐਸ. ਨਗਰ-ਸੂਬੇ ਦੇ ਸਾਬਕਾ ਸਿਹਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬਲਬੀਰ ਸਿੰਘ ਸਿੱਧੂ ਨੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਸੈਨੇਟ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਇਕ ਵਾਰੀ ਫਿਰ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਕੰਮ-ਕਾਜ ਵਿਚ ਸੁਧਾਰਾਂ ਦੇ ਨਾਂ ਉੱਤੇ ਇਸ ਦੀ ਸਿੰਡੀਕੇਟ ਅਤੇ ਸੈਨੇਟ ਵਿਚ ਅਧਿਆਪਕਾਂ, ਪ੍ਰਿਸੀਪਲਾਂ ਅਤੇ ਪੁਰਾਣੇ ਵਿਦਿਆਰਥੀਆਂ ਦੀ ਨੁਮਾਇੰਦਗੀ ਲਗਭਗ ਖ਼ਤਮ ਕਰ ਕੇ ਇਹਨਾਂ ਨੂੰ ਨਾਮਜ਼ਦ ਸੰਸਥਾਵਾਂ ਬਣਾ ਕੇ ਹੁਣ ਸਿੱਧਾ ਹੀ ਆਪਣੇ ਅਧੀਨ ਕਰ ਲਿਆ ਹੈ। ਉਹਨਾ ਕਿਹਾ ਕਿ ਪੰਜਾਬ ਦੀ ਇਹ ਇਤਿਹਾਸਕ ਸੰਸਥਾ ਹੁਣ ਨਾਂ ਦੀ ਹੀ ਪੰਜਾਬ ਯੂਨੀਵਰਸਿਟੀ ਰਹਿ ਗਈ ਹੈ, ਪਰ ਅਮਲ ਵਿਚ ਹੁਣ ਇਹ ਪੂਰੀ ਤਰਾਂ ਕੇਂਦਰੀ ਯੂਨੀਵਰਸਿਟੀ ਬਣ ਗਈ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਇਸ ਯੂਨੀਵਰਸਿਟੀ ਦੇ ਪ੍ਰਬੰਧ ਵਿੱਚ ਚੰਡੀਗੜ੍ਹ ਦੇ ਅਧਿਕਾਰੀਆਂ ਅਤੇ ਪਾਰਲੀਮੈਂਟ ਮੈਂਬਰ ਨੂੰ ਸ਼ਾਮਲ ਕਰ ਲਿਆ ਗਿਆ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਹੁਣ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਲੋੜਾਂ ‘ਤੇ ਮਸਲੇ ਉਠਾਉਣ ਵਾਲਾ ਕੋਈ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕਾਲਜਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਮਨਮਰਜ਼ੀ ਦੇ ਫੈਸਲੇ ਥੋਪੇ ਜਾਇਆ ਕਰਨਗੇ।
ਸ਼੍ਰੀ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਹਿਤੈਸ਼ੀ ਧਿਰਾਂ ਨੇ ਇੱਕਜੁੱਟ ਹੋ ਕੇ ਇਸ ਧੱਕੇਸ਼ਾਹੀ ਵਿਰੁੱਧ ਤੁਰੰਤ ਹੀ ਤਿੱਖਾ ਸੰਘਰਸ਼ ਨਾ ਵਿੱਢਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਯੂਨੀਵਰਸਿਟੀ ਦੇ ਪ੍ਰਬੰਧ ਵਿਚ ਹਰਿਆਣੇ ਦੇ ਅਧਿਕਾਰੀ ਵੀ ਸ਼ਾਮਲ ਕੀਤੇ ਜਾਣਗੇ ਅਤੇ ਅੰਬਾਲਾ ਜ਼ਿਲੇ ਦੇ ਸਾਰੇ ਕਾਲਜ ਇਸ ਨਾਲ ਸਬੰਧਤ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਭਾਜਪਾ ਦੀ ਸਰਕਾਰ ਦੀ ਮਨਸ਼ਾ ਬੀ.ਬੀ.ਐਮ.ਬੀ. ਵਾਂਗ ਹਰ ਅਦਾਰੇ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਜਾਂ ਇਸ ਹੱਦ ਤੱਕ ਘੱਟ ਕਰਨ ਦੀ ਹੈ ਤਾਂ ਕਿ ਉਹ ਇਹਨਾਂ ਅਦਾਰਿਆਂ ਦੇ ਕਿਸੇ ਵੀ ਫੈਸਲੇ ਉੱਤੇ ਅਸਰਅੰਦਾਜ਼ ਨਾ ਹੋ ਸਕੇ।
ਸਾਬਕਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕੇਂਦਰੀ ਯੂਨੀਵਰਸਿਟੀਆਂ ਵਾਂਗ ਪੰਜਾਬ ਯੂਨੀਵਰਸਿਟੀ ਦੀ ਚੁਣੀ ਹੋਈ ਸਿੰਡੀਕੇਟ ਤੇ ਸੈਨੇਟ ਦੀ ਥਾਂ ਇਕ ਪ੍ਰਬੰਧਕੀ ਬੋਰਡ ਬਣਾਉਣ ਲਈ ਤਰਲੋਮੱਛੀ ਹੋ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਨੇ ਜ਼ੋਰਦਾਰ ਵਿਰੋਧ ਕਾਰਨ ਕਰ ਕੇ ਇਹ ਸਕੀਮ ਸਿਰੇ ਨਹੀਂ ਸੀ ਚੜ੍ਹਣ ਦਿੱਤੀ। ਉਹਨਾਂ ਕਿਹਾ ਕਿ 2020 ਵਿੱਚ ਤਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਵੀ ਫੈਸਲਾ ਹੋ ਗਿਆ ਸੀ, ਪਰ ਉਸ ਵੇਲੇ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨ ਕਰ ਕੇ ਟਾਲ ਦਿੱਤਾ ਗਿਆ ਸੀ।
ਸ਼੍ਰੀ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਭੋਰਾ ਵੀ ਵਚਨਬੱਧਤਾ ਨਾ ਹੋਣ ਅਤੇ ਇਸ ਸਰਕਾਰ ਵੱਲੋਂ ਆਪਣਾ ਲੋਕ ਅਧਾਰ ਗਵਾ ਚੁੱਕਣ ਕਾਰਨ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੀ ਜ਼ੁਰੱਅਤ ਕਰ ਸਕੀ ਹੈ। ਉਹਨਾਂ ਕਿਹਾ ਕਿ ਲੰਘੀ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਭਾਸ਼ਾ ਵਿਭਾਗ ਦੇ ਰਾਜ-ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਤਾਂ ਕੀ ਕਿਸੇ ਵੀ ਮੰਤਰੀ ਖਾਸ ਕਰ ਕੇ ਬਣੇ ਪ੍ਰੋਗਰਾਮ ਮੁਤਾਬਕ ਉਚੇਰੀ ਸਿਖਿਆ ਮੰਤਰੀ ਦਾ ਨਾ ਜਾਣਾ ਇਸ ਸਰਕਾਰ ਦਾ ਪੰਜਾਬ ਤੇ ਪੰਜਾਬੀ ਪ੍ਰਤੀ ਬੇਰੁਖ਼ੀ ਦਾ ਸਪਸ਼ਟ ਪ੍ਰਗਟਾਵਾ ਹੈ।
