ਫ਼ਾਜ਼ਿਲ ਕਾ ਬੰਗਲਾ -ਡਾ. ਨਿਸ਼ਾਨ ਸਿੰਘ ਰਾਠੌਰ
ਸਾਲ 2011 ਦੀ ਗੱਲ ਹੈ। ਮੇਰੀ ਬਦਲੀ ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਪੰਜਾਬ ਦੇ ਫ਼ਾਜ਼ਿਲਕਾ ਸ਼ਹਿਰ ਵਿਖੇ ਹੋ ਗਈ। ਅਸਲ ਵਿੱਚ ਇਸ ਸ਼ਹਿਰ (ਫ਼ਾਜ਼ਿਲਕਾ) ਨੂੰ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਇਸਦੇ ਬਾਰਡਰ ’ਤੇ ਹਰ ਰੋਜ਼ ‘ਫ਼ੌਜੀ ਪਰੇਡ’ ਹੁੰਦੀ ਹੈ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਸਿਰਫ਼ ਤਿੰਨ ਹੀ ਬਾਰਡਰ ਹਨ ਜਿੱਥੇ ਹਰ ਰੋਜ਼ ਫ਼ੌਜੀ ਪਰੇਡ ਹੁੰਦੀ ਹੈ। ਪਹਿਲਾ ਹੈ ਅੰਮ੍ਰਿਤਸਰ ਦਾ ਵਾਹਗਾ ਬਾਰਡਰ, ਦੂਜਾ ਹੈ ਫ਼ਿਰੋਜਪੁਰ ਦਾ ਹੁਸੈਨੀਵਾਲਾ ਬਾਰਡਰ ਅਤੇ ਤੀਜਾ ਹੈ ਫ਼ਾਜ਼ਿਲਕਾ ਦਾ ਸਾਦਕੀ ਬਾਰਡਰ। ਆਪਣੇ ਵਾਲੇ ਪਾਸੇ (ਹਿੰਦੋਸਤਾਨ) ਵਿੱਚ ਫ਼ਾਜ਼ਿਲਕਾ ਵਾਲੇ ਬਾਰਡਰ ਨੂੰ ‘ਸਾਦਕੀ ਬਾਰਡਰ’ ਕਹਿੰਦੇ ਹਨ ਪਰ ਪਾਕਿਸਤਾਨ ਵਾਲੇ ਪਾਸੇ ਇਸਨੂੰ ‘ ਸਰਦਾਰ ਗੰਡਾ ਸਿੰਘ ਬਾਰਡਰ’ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸੇ ਹੋਰ ਥਾਂ ’ਤੇ ਪਰੇਡ ਨਹੀਂ ਹੁੰਦੀ। ਖ਼ੈਰ!
ਮੈਨੂੰ ਫ਼ਾਜ਼ਿਲਕਾ ਆਏ ਨੂੰ ਅਜੇ ਕੁਝ ਦਿਨ ਹੀ ਹੋਏ ਸਨ ਕਿ ਇੱਕ ਦਿਨ ਮੇਰੇ ਇੱਕ ਮਿੱਤਰ ਦਾ ਫ਼ੋਨ ਆਇਆ ਕਿ ਚੱਲ ਸਾਦਕੀ ਬਾਰਡਰ ’ਤੇ ਫ਼ੌਜੀਆਂ ਦੀ ਪਰੇਡ ਦੇਖਣ ਚੱਲੀਏ। ਮੇਰਾ ਮਨ ਨਹੀਂ ਸੀ ਕਿਉਂਕਿ ਅਜੇ ਚੰਗੀ ਤਰ੍ਹਾਂ ਕੁਆਟਰ ਦਾ ਸਾਮਾਨ ਹੀ ਸੈੱਟ ਨਹੀਂ ਸੀ ਹੋਇਆ। ਪਰ! ਫੇਰ ਵੀ ਅਣਮਨੇ ਜਿਹੇ ਮਨ ਨਾਲ ਮੈਂ ‘ਹਾਂ’ ਕਹਿ ਦਿੱਤੀ। ਫੇਰ ਸ਼ਾਮੀਂ ਪੰਜ ਕੁ ਵਜੇ ਅਸੀਂ ਬੱਸ ਵਿੱਚ ਬੈਠ ਕੇ ‘ਸਾਦਕੀ ਬਾਰਡਰ’ ਵਾਲੇ ਪਾਸੇ ਨੂੰ ਚੱਲ ਪਏ। ਪਾਕਿਸਤਾਨ ਦੀ ਸਰਹੱਦ ਜਿਵੇਂ- ਜਿਵੇਂ ਨੇੜੇ ਆ ਰਹੀ ਸੀ ਮੇਰੇ ਦਿਲ ਦੀ ਧੜਕਨ ਵੱਧਦੀ ਜਾ ਰਹੀ ਸੀ। ਦੂਰ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਉੱਥੇ ਤੱਕ ਪਾਕਿਸਤਾਨ ਦੇ ਹਰੇ- ਭਰੇ ਖ਼ੇਤ ਅਤੇ ਰੁੱਖ਼ ਨਜ਼ਰ ਆਉਣ ਲੱਗੇ ਸਨ। ਖੁੱਲ੍ਹੇ ਵਾਤਾਵਰਣ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਭਾਰਤ ਕਿਹੜੇ ਪਾਸੇ ਹੈ ਅਤੇ ਪਾਕਿਸਤਾਨ ਕਿਹੜੇ ਪਾਸੇ ਹੈ?
ਖ਼ੈਰ! ਸ਼ਾਮ ਨੂੰ ਤਕਰੀਬਨ ਸਾਢੇ ਕੁ ਪੰਜ ਵਜੇ ਅਸੀਂ ‘ਸਾਦਕੀ ਬਾਰਡਰ’ ਦੇ ਨੇੜੇ ਪਹੁੰਚ ਗਏ। ਸਾਡੇ ਨਾਲ ਬੱਸ ਵਿੱਚ ਇੱਕ ਅਜਿਹਾ ਸਖ਼ਸ਼ ਵੀ ਆਇਆ ਸੀ ਜਿਹੜਾ ਪਹਿਲਾਂ ਵੀ ਇਹ ਪਰੇਡ ਕਈ ਵਾਰ ਦੇਖ ਚੁਕਿਆ ਸੀ। ਉਸਨੇ ਦੱਸਿਆ ਕਿ ਬਾਰਡਰ ਦੇ ਉਸ ਪਾਰ ਤਕਰੀਬਨ 15 ਕੁ ਕਿਲੋਮੀਟਰ ਦੀ ਵਿੱਥ ਤੇ ਪਾਕਿਸਤਾਨ ਦਾ ਕਸੂਰ ਸ਼ਹਿਰ ਹੈ ਅਤੇ ਇੱਧਰ ਆਪਣੇ ਵਾਲੇ ਪਾਸੇ 14 ਕੁ ਕਿਲੋਮੀਟਰ ਦੀ ਵਿੱਥ ਤੇ ਫ਼ਾਜ਼ਿਲਕਾ ਸ਼ਹਿਰ ਵੱਸਦਾ ਹੈ। ਅਸਲ ਵਿੱਚ ਫ਼ਾਜ਼ਿਲਕਾ ਨੂੰ “ਫ਼ਾਜ਼ਿਲ- ਕਾ- ਬੰਗਲਾ” ਕਿਹਾ ਜਾਂਦਾ ਸੀ। ਅੱਜ ਵੀ ਪੁਰਾਣਾ ਲੋਕ ਫ਼ਾਜ਼ਿਲਕਾ ਸ਼ਹਿਰ ਨੂੰ “ਫ਼ਾਜ਼ਿਲ- ਕਾ- ਬੰਗਲਾ” ਹੀ ਆਖਦੇ ਸੁਣੇ ਜਾ ਸਕਦੇ ਹਨ। ਫ਼ਾਜ਼ਿਲਕਾ ਸ਼ਹਿਰ ਦੇ ਮੁੱਖ ਬਾਜ਼ਾਰ ਦਾ ਘੰਟਾਘਰ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ। ਖ਼ੈਰ!
ਸਾਡੀ ਬੱਸ ਨੂੰ ਗੇਟ ਦੇ ਬਾਹਰ ਹੀ ਰੋਕ ਦਿੱਤਾ ਗਿਆ। ਇੱਥੇ ਹੀ ਸਾਰੀਆਂ ਗੱਡੀਆਂ, ਕਾਰਾਂ, ਬੱਸਾਂ ਨੂੰ ਰੋਕਿਆ ਜਾਂਦਾ ਹੈ ਕਿਉਂਕਿ ਇੱਥੋਂ ਅੱਗੇ ਅਸਲ ਕੰਟਰੋਲ ਰੇਖਾ ਅੱਧਾ ਕਿਲੋਮੀਟਰ ਹੀ ਦੂਰ ਰਹਿ ਜਾਂਦਾ ਹੈ। ਇਸ ਜਗ੍ਹਾ ਤੋਂ ਯਾਤਰੀ ਪੈਦਲ ਹੀ ਬਾਰਡਰ ਵਾਲੇ ਪਾਸੇ ਨੂੰ ਜਾਂਦੇ ਹਨ। ਅਸੀਂ ਵੀ ਪੈਦਲ ਹੀ ਬਾਰਡਰ ਵਾਲੇ ਪਾਸੇ ਨੂੰ ਤੁਰ ਪਏ। ਰਾਹ ਵਿਚ ਬੀ. ਐੱਸ. ਐੱਫ਼. ਦੇ ਜਵਾਨਾਂ ਦੀ ‘ਚੈੱਕ ਪੋਸਟ’ ਉੱਪਰ ਸਾਡੀ ਤਲਾਸ਼ੀ ਲਈ ਗਈ। ਪਰੇਡ ਦੇਖਣ ਆਈਆਂ ਔਰਤਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਸਨ ਜਿੱਥੇ ਔਰਤ ਕਾਂਸਟੇਬਲਾਂ ਤਲਾਸ਼ੀ ਲੈ ਰਹੀਆਂ ਸਨ। ਉਨ੍ਹਾਂ ਲਈ ਪਰਦਾ ਲਾ ਕੇ ਇੱਕ ਟੈਂਟ ਸੈੱਟ ਕੀਤਾ ਹੋਇਆ ਸੀ। ਪਾਣੀ ਦੀਆਂ ਬੋਤਲਾਂ, ਖਾਣ- ਪੀਣ ਵਾਲੀਆਂ ਚੀਜ਼ਾਂ ਨੂੰ ਉੱਥੇ ਟੈਂਟ ਦੇ ਕੋਲ ਹੀ ਰੱਖਵਾਇਆ ਜਾ ਰਿਹਾ ਸੀ। ਕਿਸੇ ਤਰ੍ਹਾਂ ਦੀ ਆਵਾਜ਼ ਕਰਦੇ ਖਿਡੌਣੇ, ਸੀਟੀਆਂ ਅਤੇ ਪੋਸਟਰ ਅੱਗੇ ਲੈ ਕੇ ਜਾਣ ਦੀ ਮਨਾਹੀ ਸੀ। ਤਲਾਸ਼ੀ ਤੋਂ ਉਪਰੰਤ ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਸਾਨੂੰ ਅੱਗੇ ਭੇਜ ਦਿੱਤਾ ਜਿੱਥੇ ਵੱਡਾ ਸਾਰਾ ਚਬੂਤਰਾ ਬਣਿਆ ਹੋਇਆ ਸੀ। ਮੈਂ ਆਪਣੇ ਦੋਸਤ ਨਾਲ ਇੱਕ ਥਾਂ ਤੇ ਬੈਠ ਗਿਆ।
ਸਾਡੇ ਐਨ ਸਾਹਮਣੇ ਪਾਕਿਸਤਾਨ ਦਾ ਕੌਮੀ ਝੰਡਾ ਲਹਿਰਾ ਰਿਹਾ ਸੀ ਅਤੇ ਆਪਣੇ ਵਾਲੇ ਪਾਸੇ ਸਾਡੇ ਮੁਲਕ ਦਾ ਤਿਰੰਗਾ ਝੰਡਾ ਹਵਾ ਵਿੱਚ ਝੂਲ ਰਿਹਾ ਸੀ। ਦੋਹਾਂ ਦੇ ਵਿਚਕਾਰ ਮੋਟੀ ਸਾਰੀ ਕੰਡਿਆਲੀ ਤਾਰ ਲੱਗੀ ਹੋਈ ਸੀ। ਪਰੇਡ ਸ਼ੁਰੂ ਹੋਣ ਵਿੱਚ ਅਜੇ ਕੁਝ ਟਾਈਮ ਬਾਕੀ ਸੀ, ਇਸ ਲਈ ਸਾਹਮਣੇ (ਦੂਜੇ ਪਾਸੇ) ਪਾਕਿਸਤਾਨੀ ਫ਼ੌਜੀ ਤਿਆਰ ਹੋ ਰਹੇ ਸਨ। ਉੱਚਾ ਲੰਮਾ ਕਦ, ਕਾਲੀਆਂ ਸਲਵਾਰ- ਕਮੀਜ਼ਾਂ ਪਾ ਕੇ ਖੜੇ ਫ਼ੌਜੀ ਜਵਾਨ ਬੜੇ ਸੋਹਣੇ ਲੱਗ ਰਹੇ ਸਨ।
ਇੱਧਰ ਆਪਣੇ ਵਾਲੇ ਪਾਸੇ ਵੀ ਫ਼ੌਜੀ ਜਵਾਨ ਤਿਆਰ ਹੋ ਰਹੇ ਸਨ। ਉਹ ਆਪਣੀਆਂ ਟੋਪੀਆਂ ਅਤੇ ਪੱਗਾਂ ਨੂੰ ਸਵਾਰ ਰਹੇ ਸਨ ਅਤੇ ਇੱਕ- ਦੂਜੇ ਨਾਲ ਹਾਸਾ- ਠੱਠਾ ਕਰ ਰਹੇ ਸਨ। ਸਾਡਾ ਧਿਆਨ ਪਾਕਿਸਤਾਨੀ ਫ਼ੌਜੀਆਂ ਅਤੇ ਲੋਕਾਂ ਵੱਲ ਵਧੇਰੇ ਸੀ ਕਿਉਂਕਿ ਉਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖ ਰਹੇ ਸਾਂ। ਪਰਲੇ ਪਾਸੇ ਲੋਕਾਂ ਦਾ ਇੰਨਾ ਇਕੱਠ ਨਹੀਂ ਸੀ। ਔਰਤਾਂ ਵੱਖ ਬੈਠੀਆਂ ਸਨ ਅਤੇ ਬਹੁਤੀਆਂ ਨੇ ਕਾਲ਼ੇ ਰੰਗੇ ਦੇ ਬੁਰਕੇ ਪਹਿਨੇ ਹੋਏ ਸਨ। ਨਿੱਕੇ ਬੱਚੇ ਫ਼ੌਜੀਆਂ ਦੇ ਨੇੜੇ ਖੇਡ ਰਹੇ ਸਨ ਅਤੇ ਮਰਦ ਆਪਣੀਆਂ ਗੱਲਾਂ ਵਿੱਚ ਰੁੱਝੇ ਹੋਏ ਸਨ ਕਿਉਂਕਿ ਪਰੇਡ ਅਜੇ ਸ਼ੁਰੂ ਨਹੀਂ ਸੀ ਹੋਈ।
ਉਨ੍ਹਾਂ ਦੀ ਪੋਸਟ ’ਤੇ ‘ਪਾਕਿਸਤਾਨ ਜ਼ਿੰਦਾਬਾਦ’ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ। ਕੁਝ ਉਰਦੂ ਵਿੱਚ ਵੀ ਲਿਖਿਆ ਹੋਇਆ ਸੀ ਪਰ! ਉਰਦੂ ਨਾ ਆਉਣ ਕਰਕੇ ਪਤਾ ਨਹੀਂ ਲੱਗਿਆ ਕਿ ਉੱਥੇ ਕੀ ਲਿਖਿਆ ਹੋਇਆ ਸੀ? ਮੇਰੇ ਅੰਦਾਜ਼ੇ ਮੁਤਾਬਕ ਉੱਥੇ ਵੀ ਪਾਕਿਸਤਾਨ ਜ਼ਿੰਦਾਬਾਦ ਹੀ ਲਿਖਿਆ ਹੋਵੇਗਾ ਸ਼ਾਇਦ। ਪਰ! ਸਾਡੀ ਪੋਸਟ ਤੇ ‘ਮੇਰਾ ਭਾਰਤ ਮਹਾਨ’ ਲਿਖਿਆ ਹੋਇਆ ਸੀ। ਦੋਹਾਂ ਪਾਸੇ ਵੱਡੇ- ਵੱਡੇ ਸਪੀਕਰ ਚੱਲ ਰਹੇ ਸਨ। ਸਾਡੇ ਵਾਲੇ ਪਾਸੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਅਤੇ ‘ਜ਼ਰਾ ਯਾਦ ਕਰੋ ਕੁਰਬਾਨੀ’ ਗੀਤ ਵੱਜ ਰਹੇ ਸਨ। ਪਾਕਿਸਤਾਨ ਵਾਲੇ ਪਾਸੇ ‘ਮੇਲਾ ਵੇਖਣ ਆਈਆਂ ਕੁੜੀਆਂ ਲਾਹੌਰ ਦੀਆਂ’ ਗੀਤ ਉੱਚੀ ਆਵਾਜ਼ ਵਿੱਚ ਵੱਜ ਰਿਹਾ ਸੀ। ਉਨ੍ਹਾਂ ਵਾਲੇ ਪਾਸੇ ਤੋਂ ਇੱਕ- ਦੋ ਪਾਕਿਸਤਾਨੀ ਮੁੰਡੇ ਨੱਚ ਵੀ ਰਹੇ ਸਨ। ਖ਼ੈਰ!
ਠੀਕ ਸਾਢੇ ਛੇ ਵਜੇ ਭਾਰਤ ਵਾਲੇ ਪਾਸੇ ਤੋਂ ਫ਼ੌਜੀ ਪਰੇਡ ਸ਼ੁਰੂ ਹੋ ਗਈ। ਦੂਜੇ ਪਾਸੇ, ਪਾਕਿਸਤਾਨੀ ਫ਼ੌਜੀ ਵੀ ਤਿਆਰ ਸਨ, ਉਨ੍ਹਾਂ ਨੇ ਵੀ ਪਰੇਡ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੇ ਫ਼ੌਜੀ ਕਮਾਂਡਰ ਨੇ ਸਾਡੇ ਮੁਲਕ ਦੇ ਤਿਰੰਗੇ ਝੰਡੇ ਨੂੰ ਸਲੂਟ ਮਾਰਿਆ ਅਤੇ ਸਾਡੇ ਫ਼ੌਜੀ ਅਫ਼ਸਰ ਨੇ ਪਾਕਿਸਤਾਨੀ ਕੌਮੀ ਝੰਡੇ ਨੂੰ ਸਲੂਟ ਮਾਰਿਆ। ਲੋਕਾਂ ਨੇ ਤਾੜੀਆਂ ਮਾਰ ਕੇ ਦੋਹਾਂ ਅਫ਼ਸਰਾਂ ਦਾ ਸੁਆਗਤ ਕੀਤਾ। ਫਿਰ ਫ਼ੌਜੀ ਡਰਿੱਲ ਆਰੰਭ ਹੋ ਗਈ। ਸਾਡੇ ਫ਼ੌਜੀਆਂ ਦਾ ਕੱਦ ਛੇ ਫੁੱਟ ਤੋਂ ਵੀ ਵੱਧ ਸੀ ਅਤੇ ਉੱਧਰ ਪਾਕਿਸਤਾਨ ਦੇ ਫ਼ੌਜੀ ਵੀ ਰੱਜ ਕੇ ਜੁਆਨ। ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਇੰਨੀ ਨੇੜੇ ਤੋਂ ਪਾਕਿਸਤਾਨ ਦੇ ਫ਼ੌਜੀ ਅਤੇ ਲੋਕ ਪਹਿਲੀ ਵਾਰ ਦੇਖ ਰਹੇ ਸਾਂ।
ਉਨ੍ਹਾਂ ਦੇ ਫ਼ੌਜੀ ਜਵਾਨ ਸਾਡੇ ਜਵਾਨਾਂ ਵੱਲ ਦੇਖ ਕੇ ਅੱਖਾਂ ਕੱਢਣ ਅਤੇ ਸਾਡੇ ਜੁਆਨ ਉਨ੍ਹਾਂ ਦੇ ਜਵਾਨਾਂ ਨੂੰ ਦੇਖ ਕੇ ਗੁੱਸੇ ਦਾ ਪ੍ਰਗਟਾਵਾ ਕਰਨ। ਇੰਝ ਲੱਗ ਰਿਹਾ ਸੀ ਜਿਵੇਂ ਦੋਹਾਂ ਮੁਲਕਾਂ ਵਿੱਚ ਸਦੀਆਂ ਦਾ ਵੈਰ ਹੋਵੇ। ਸਾਡੇ ਜਵਾਨਾਂ ਦੀ ਚੰਗੀ ਡਰਿੱਲ ਤੇ ਅਸੀਂ ਤਾੜੀਆਂ ਮਾਰੀਏ ਅਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਬੁਲਾਈਏ ਅਤੇ ਉਨ੍ਹਾਂ ਦੀ ਚੰਗੀ ਡਰਿੱਲ ਤੇ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਨਾਅਰੇ ਤੱਕਬੀਰ ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਗਾਉਣ; ਜਿਵੇਂ ਕੋਈ ਜੰਗ ਦਾ ਮੈਦਾਨ ਭੱਖਿਆ ਹੋਵੇ।
ਇਸ ਤਰ੍ਹਾਂ ਦੀ ਡਰਿੱਲ ਤਕਰੀਬਨ ਵੀਹ ਕੁ ਮਿੰਟ ਚੱਲਦੀ ਰਹੀ। ਫ਼ੌਜੀ ਜਵਾਨ ਕਦੇ ਤਾਰਾਂ ਦੇ ਬਿਲਕੁਲ ਕੋਲ ਚਲੇ ਜਾਣ ਅਤੇ ਕਦੇ ਪਿਛਾਂਹ ਮੁੜ ਆਉਣ। ਇਸੇ ਤਰ੍ਹਾਂ ਉੱਧਰ ਵੀ ਦੇਖਣ ਨੂੰ ਮਿਲ ਰਿਹਾ ਸੀ। ਕਦੇ ਸਾਡੇ ਜਵਾਨ ਆਪਣੀਆਂ ਪੱਗਾ ਅਤੇ ਟੋਪੀਆਂ ਠੀਕ ਕਰਨ, ਕਦੇ ਅੱਖਾਂ ਕੱਢਣ, ਆਪਣੀਆਂ ਮੁੱਛਾਂ ਨੂੰ ਤਾਅ ਦੇਣ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਫ਼ੌਜੀ ਵੀ ਕਦੇ ਆਪਣੀਆਂ ਟੋਪੀਆਂ ਸਹੀ ਕਰਨ, ਕਦੇ ਅੱਖਾਂ ਕੱਢਣ ਅਤੇ ਕਦੇ ਡੋਲੇ ਦਿਖਾਉਣ। ਇਸ ਤਰ੍ਹਾਂ ਦੀ ਕਾਰਵਾਈ ਦੇ ਅੱਧੇ ਕੁ ਘੰਟੇ ਬਾਅਦ ਦੋਹਾਂ ਦੇਸ਼ਾਂ ਦੇ ਕੌਮੀ ਝੰਡੇ ਲਾਹ ਲਏ ਗਏ। ਫ਼ੌਜੀ ਜਵਾਨ (ਦੋਹਾਂ ਪਾਸਿਆਂ ਤੋਂ) ਤਾਰਾਂ ਦੇ ਐਨ ਨੇੜੇ ਆ ਕੇ ਖੜੇ ਹੋ ਗਏ। ਲੋਕ ਵੀ ਆਪਣੀ ਥਾਂ ਤੋਂ ਉੱਠ ਕੇ ਤਾਰਾਂ ਦੇ ਐਨ ਨੇੜੇ ਆ ਗਏ। ਫ਼ੌਜੀ ਜਵਾਨ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਦੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਇਹ ਦੂਰੀ ਮਹਿਜ਼ 10 ਕੁ ਫੁੱਟ ਦੀ ਰਹਿ ਗਈ ਜਾਪਦੀ ਸੀ। ਪਾਕਿਸਤਾਨ ਦੇ ਲੋਕ ਸਾਡੇ ਵੱਲ ਹੱਥ ਹਿਲਾਉਂਦੇ ਰਹੇ ਅਤੇ ਸਾਡੇ ਵਾਲੇ ਪਾਸੇ ਦੇ ਲੋਕ ਉਨ੍ਹਾਂ ਨੂੰ ਹੱਥ ਹਿਲਾ ਕੇ ਦੇਖਦੇ ਰਹੇ। ਫ਼ੌਜੀਆਂ ਨੇ ਕਿਹਾ ਕਿ ਬਹੁਤਾ ਅੱਗੇ ਨਾ ਜਾਓ ਕਿਉਂਕਿ ਅੱਗੇ ਤਾਰਾਂ ਕੋਲ ਜਾਣ ਦੀ ਆਗਿਆ ਨਹੀਂ ਹੈ। ਦੋਹਾਂ ਦੇਸ਼ਾਂ ਦੇ ਲੋਕ ਇੱਕ- ਦੂਜੇ ਨੂੰ ਦੇਖਦੇ ਰਹੇ, ਹੱਥ ਹਿਲਾਉਂਦੇ ਰਹੇ ਪਰ! ਗੱਲਬਾਤ ਕੋਈ ਨਹੀਂ ਸੀ ਕਰ ਸਕਦਾ ਅਤੇ ਨਾ ਹੀ ਇਸਦੀ ਕੋਈ ਸੰਭਾਵਨਾ ਸੀ।
ਖ਼ੈਰ! ਸਹਿਜੇ- ਸਹਿਜੇ ਲੋਕਾਂ ਦਾ ਹਜ਼ੂਮ ਪਿੱਛੇ ਨੂੰ ਮੁੜਨ ਲੱਗਾ। ਉੱਚੀ ਆਵਾਜ਼ ਵਿੱਚ ਵੱਜਦੇ ਸਪੀਕਰ ਬੰਦ ਹੋ ਗਏ ਅਤੇ ਲੋਕਾਂ ਦੀ ਭੀੜ ਘੱਟਨ ਲੱਗੀ। ਸਾਡੇ ਵਾਲੇ ਪਾਸੇ ਦੇ ਲੋਕ ਪੈਦਲ ਆਪਣੀਆਂ ਗੱਡੀਆਂ ਕੋਲ ਜਾਣ ਲਈ ਰਵਾਨਾ ਹੋ ਗਏ ਅਤੇ ਦੂਜੇ ਪਾਸੇ ਪਾਕਿਸਤਾਨ ਦੇ ਲੋਕ ਵੀ ਸਹਿਜੇ- ਸਹਿਜੇ ਅੱਖਾਂ ਤੋਂ ਦੂਰ ਹੋਣ ਲੱਗੇ। ਭੀੜ ਖਿੱਲਰ ਗਈ ਅਤੇ ਲੋਕਾਂ ਨਾਲ ਨੱਕੋ- ਨੱਕ ਭਰੇ ਚਬੂਤਰੇ ਝੱਟਪਟ ਖ਼ਾਲੀ ਹੋ ਗਏ।
ਫ਼ਾਜ਼ਿਲਕਾ ਪਾਸੇ ਮੁੜਦਿਆਂ ਮੇਰੇ ਮਨ ਵਿੱਚ ਵਿਚਾਰ ਆਏ ਕਿ ਕੈਸੀ ਦੀਵਾਰ ਹੈ ਜਿਸਨੇ ਬੰਦੇ ਨੂੰ ਬੰਦਿਆਂ ਨਾਲੋਂ ਵੰਡ ਕੇ ਰੱਖ ਦਿੱਤਾ ਹੈ। ਕੈਸਾ ਵੈਰ ਹੈ, ਵਿਰੋਧ ਹੈ, ਕੈਸਾ ਧਰਮ ਹੈ ਜਿਸਨੇ ਬੰਦੇ ਨੂੰ ਬੰਦੇ ਦੇ ਹੀ ਵੈਰੀ ਬਣਾ ਕੇ ਰੱਖ ਦਿੱਤਾ ਹੈ। ਅਸੀਂ ਇੱਕ- ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਹਾਂ। ਪਰਲੇ ਪਾਰ (ਪਾਕਿਸਤਾਨ) ਵਾਲੇ ਪਾਸੇ ਵੀ ਸਾਡੇ ਵਰਗੇ ਲੋਕ ਹਨ, ਸਾਡੇ ਬੱਚਿਆਂ ਵਾਂਗ ਉਹਨਾਂ ਦੇ ਵੀ ਬੱਚੇ ਹਨ, ਸਾਡੀਆਂ ਔਰਤਾਂ ਵਾਂਗ ਉਹਨਾਂ ਦੀਆਂ ਵੀ ਔਰਤਾਂ ਹਨ, ਫੇਰ ਨਫ਼ਰਤ ਕਿੱਥੇ ਹੈ? ਵੈਰ ਕਿੱਥੇ ਹਨ, ਵਿਰੋਧ ਕਿੱਥੇ ਹੈ? ਮੈਂ ਅਜੇ ਇਨ੍ਹਾਂ ਖ਼ਿਆਲਾਂ ਵਿੱਚ ਹੀ ਗੁਆਚਾ ਸਾਂ ਕਿ ਇੱਕ ਕਬੂਤਰ ਜਿਹੜਾ ਕਿ ਸਾਡੇ ਵਾਲੀ ਪੋਸਟ ਦੇ ਐਨ ਉੱਪਰ ਬੈਠਾ ਸੀ, ਝੱਟਪਟ ਉੱਡਿਆ ’ਤੇ ਪਲਾਂ ਵਿੱਚ ਹੀ ਮੇਰੀਆਂ ਨਜ਼ਰਾਂ ਦੇ ਸਾਹਮਣੇ ਪਾਕਿਸਤਾਨ ਵਾਲੀ ਪੋਸਟ ਦੀ ਛੱਤ ਤੇ ਬਹਿ ਗਿਆ। ਚੰਦ ਕੁ ਪਲ ਉੱਥੇ ਬੈਠਣ ਤੋਂ ਬਾਅਦ ਉਹ ਮੁੜ ਫੇਰ ਉੱਡਿਆ ਤੇ ਪਾਕਿਸਤਾਨ ਦੀਆਂ ਫ਼ਿਜ਼ਾਵਾਂ ਵਿੱਚ ਉਡਾਰੀਆਂ ਮਾਰਦਾ ਨਜ਼ਰਾਂ ਤੋਂ ਲੋਪ ਹੋ ਗਿਆ।
ਮੈਨੂੰ ਜਾਪਿਆ ਜਿਵੇਂ ਉਹ ਪੰਛੀ ਸਾਡੇ ਇਨਸਾਨਪੁਣੇ ਦਾ ਮਖ਼ੌਲ ਉਡਾ ਰਿਹਾ ਹੈ ਅਤੇ ਕਹਿ ਰਿਹਾ ਹੈ, ‘ਦੇਖੋ ਦੇਖੋ, ਤੁਸੀਂ ਇਨਸਾਨ ਬਹੁਤ ਸਿਆਣੇ ਬਣਦੇ ਹੋ, ਤੁਸੀਂ ਭਾਵੇਂ ਚੰਨ ਤੇ ਅੱਪੜ ਗਏ ਹੋ ਪਰ! ਇੱਧਰ- ਉੱਧਰ (ਇੱਕ- ਦੂਜੇ ਦੇ ਮੁਲਕ ਵਿੱਚ) ਨਹੀਂ ਜਾ ਸਕਦੇ। ਤੁਸੀਂ ਧਰਤੀ ਵੰਡ ਲਈ ਹੈ, ਲੋਕ ਵੰਡ ਲਏ ਹਨ ਅਤੇ ਬਹੁਤ ਵਾਰ ਸਾਨੂੰ ਵੀ ਕੈਦ ਕਰ ਲੈਂਦੇ ਹੋ ਪਰ! ਤੁਸੀਂ ਆਜ਼ਾਦ ਨਹੀਂ ਹੋ। ਤੁਸੀਂ ਧਰਤੀ ’ਤੇ ਵਾਹੀਆ ਲਕੀਰਾਂ ਦੀ ਬੰਦਿਸ਼ ਵਿੱਚ ਘੁਟ- ਘੁਟ ਕੇ ਮਰਨ ਲਈ ਮਜ਼ਬੂਰ ਹੋ। ਪਰ ਅਸੀਂ ਆਜ਼ਾਦ ਹਾਂ, ਜਿੱਥੇ ਮਰਜ਼ੀ ਜਾਈਏ। ਦੇਖੋ ਮੇਰੇ ਵੱਲ, ਮੈਂ ਕੁਝ ਨਹੀਂ ਵੰਡਣਾ, ਨਾ ਧਰਤੀ, ਨਾ ਪਾਣੀ, ਨਾ ਰੁੱਖ ਅਤੇ ਨਾ ਹੀ ਅੰਬਰ। ਸਭ ਕੁਝ ਮੇਰਾ ਹੈ, ਤੁਹਾਡਾ ‘ਸਿਆਣਿਆਂ’ ਦਾ ਕੁਝ ਵੀ ਨਹੀਂ, ਕੁਝ ਵੀ ਨਹੀਂ।
ਮੈਂ ਕਦੇ ਉਸ ਕਬੂਤਰ ਵੱਲ ਦੇਖਦਾ ਅਤੇ ਕਦੇ ਬੰਦੂਕਾਂ ਫੜ ਕੇ ਖੜੇ ਉੱਚੇ- ਲੰਮੇ ਫ਼ੌਜੀ ਜਵਾਨਾਂ ਵੱਲ, ਜਿਹੜੇ ਸਾਨੂੰ ਤਾਰਾਂ ਦੇ ਨੇੜੇ ਨਹੀਂ ਸੀ ਜਾਣ ਦੇ ਰਹੇ। ਮੇਰੇ ਮਨ ਵਿੱਚ ਵਿਚਾਰ ਆਇਆ ਕਿ ‘ਹਾਕਮੋ, ਤੁਸੀਂ ਇਨਸਾਨਾਂ ਨੂੰ ਤਾਂ ਧਰਮਾਂ, ਜਾਤਾਂ, ਗੋਤਾਂ, ਮੁਲਕਾਂ ਵਿੱਚ ਵੰਡ ਸਕਦੇ ਹੋ ਪਰ! ਇਨ੍ਹਾਂ ਪੰਛੀਆਂ ਨੂੰ ਰੋਕ ਦੇ ਦਿਖਾਓ, ਦੋਹਾਂ ਮੁਲਕਾਂ ਵਿੱਚ ਵਰ੍ਹਦੀ ਵਰਖ਼ਾ ਨੂੰ ਰੋਕ ਦੇ ਦਿਖਾਓ, ਉੱਡਦੇ ਬੱਦਲਾਂ ਨੂੰ ਰੋਕ ਕੇ ਦਿਖਾਓ, ਦੋਹਾਂ ਮੁਲਕਾਂ ਵਿੱਚ ਵਗਦੀਆਂ ਠੰਢੀਆਂ ਪੌਣਾਂ ਨੂੰ ਰੋਕ ਕੇ ਦਿਖਾਓ। ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਤੁਸੀਂ ਇਨਸਾਨਾਂ ਵਿੱਚ ਹੀ ਵੰਡੀਆਂ ਪਾ ਸਕਦੇ ਹੋ। ਕੁਦਰਤ ਵਿੱਚ ਨਹੀਂ। ਖ਼ੈਰ! ਇਹ ਸੋਚਦਿਆਂ ਮੈਂ ਤੇ ਮੇਰਾ ਮਿੱਤਰ ਫ਼ਾਜ਼ਿਲਕਾ ਵਾਲੇ ਪਾਸੇ ਨੂੰ ਤੁਰ ਪਏ ਅਤੇ ਪਿੱਛੇ ਛੱਡ ਆਏ ਅਣਗਿਣਤ ਯਾਦਾਂ ਅਤੇ ਮਣਾਂ- ਮੂੰਹੀਂ ਸਿਆਣਪ। ਖ਼ੈਰ!
ਜਿਉਂਦੇ- ਵੱਸਦੇ ਰਹੇ ਸਾਰੇ।
***
ਸੰਪਰਕ: 90414-98009
