ਟਾਪਦੇਸ਼-ਵਿਦੇਸ਼

ਬੈੱਡਫੋਰਡ: ਤੀਆਂ ਦੇ ਮੇਲੇ ‘ਚ ਪੰਜਾਬਣਾਂ ਨੇ ਵਗਾਇਆ ਗਿੱਧੇ ਤੇ ਬੋਲੀਆਂ ਦਾ ਹੜ੍ਹ 

ਬੈੱਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ)ਪੰਜਾਬੀ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਗਏ ਹਨ, ਉਹ ਆਪਣਾ ਧਰਮ, ਵਿਰਸਾ, ਸੱਭਿਆਚਾਰ ਨਾਲ ਲੈ ਕੇ ਆਏ ਹਨ। ਹਰ ਰੋਜ਼ ਕੋਈ ਨਾ ਕੋਈ ਸਮਾਗਮ ਵਿਦੇਸ਼ਾਂ ਦੀ ਧਰਤੀ ‘ਤੇ ਹੁੰਦਾ ਰਹਿੰਦਾ ਹੈ। ਤੀਆਂ ਦੇ ਦਿਨਾਂ ਵਿੱਚ ਲਗਭਗ ਹਰ ਸ਼ਹਿਰ ਵਿੱਚ ਤੀਆਂ ਦਾ ਮੇਲਾ ਹੁੰਦਾ ਹੈ। ਬੈੱਡਫੋਰਡ ਵਿਖੇ ਵੀ ਉਥੋਂ ਦੀਆਂ ਉੱਦਮੀ ਪੰਜਾਬਣਾਂ ਵੱਲੋਂ ਇੱਕ ਵਿਸ਼ਾਲ ਤੀਆਂ ਦਾ ਮੇਲਾ ਕਰਵਾਇਆ ਗਿਆ। ਬੈੱਡਫੋਰਡ ਦੇ ਐਡੀਸਨ ਸੈਂਟਰ ਵਿਖੇ ਹੋਏ ਤੀਆਂ ਦੇ ਇਸ ਵਿਸ਼ਾਲ ਮੇਲੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਪੰਜਾਬਣਾਂ ਨੇ ਪਹੁੰਚ ਕੇ ਆਪਣੇ ਮਨ ਦੇ ਗੁਬਾਰ ਗਿੱਧੇ ਤੇ ਬੋਲੀਆਂ ਦੇ ਰੂਪ ਵਿੱਚ ਬਾਹਰ ਕੱਢੇ। ਮੰਚ ਸੰਚਾਲਨ ਕਰਦਿਆਂ ਦਸ਼ਵਿੰਦਰ ਕੌਰ ਤੇ ਕੁੰਵਰਜੀਤ ਕੌਰ ਪੰਨੂੰ ਨੇ ਮੇਲੇ ਦੀ ਸ਼ੁਰੂਆਤ ਪੰਜਾਬ ਵਿੱਚ ਆਏ ਹੜ੍ਹਾਂ ਪ੍ਰਤੀ ਦੁੱਖ ਦਾ ਇਜ਼ਹਾਰ ਕਰਦਿਆਂ ਕੀਤੀ। ਉਹਨਾਂ ਸਮੂਹ ਬੀਬੀਆਂ ਦੇ ਸਹਿਯੋਗ ਨਾਲ ਹੜ੍ਹਾਂ ਵਿੱਚ ਜਾਨਾਂ ਗੁਆ ਗਏ ਪੰਜਾਬੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਉਪਰੰਤ ਬੈੱਡਫੋਰਡ ਦੀ ਗਿੱਧਾ ਟੀਮ ਵੱਲੋਂ ਨਾਨਕਿਆਂ ਦਾਦਕਿਆਂ ਦੀ ਨੋਕ ਝੋਕ ਅਤੇ ਗੀਤਾਂ ਦੇ ਬੋਲਾਂ ਉੱਪਰ ਗਿੱਧੇ ਦੀ ਪੇਸ਼ਕਾਰੀ ਕਰਕੇ ਕਮਾਲ ਕਰ ਦਿਖਾਈ। ਦਰਸ਼ਕ ਬਣ ਕੇ ਆਈਆਂ ਬੀਬੀਆਂ ਦਾ ਸਲੀਕਾ ਵੀ ਦੇਖਣ ਵਾਲੇ ਨੂੰ ਵਾਹ ਵਾਹ ਕਹਿਣ ਲਈ ਮਜਬੂਰ ਕਰਦਾ ਸੀ। ਜਦੋਂ ਹੀ ਕੋਈ ਪੇਸ਼ਕਾਰੀ ਹੁੰਦੀ ਤਾਂ ਹਾਜ਼ਰੀਨ ਸਾਹ ਰੋਕ ਕੇ ਉਸ ਪੇਸ਼ਕਾਰੀ ਨੂੰ ਮਾਣਦੀ। ਦਸ਼ਵਿੰਦਰ ਕੌਰ ਤੇ ਕੁੰਵਰਜੀਤ ਪੰਨੂੰ ਦੇ ਜੋਸ਼ੀਲੇ ਬੋਲ, ਸ਼ਾਇਰਾਨਾ ਮੰਚ ਸੰਚਾਲਨ ਹਰ ਕਿਸੇ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੰਦਾ। ਕੱਪੜਿਆਂ, ਗਹਿਣਿਆਂ ਦੇ ਸਟਾਲਾਂ ‘ਤੇ ਖੂਬ ਰੌਣਕ ਬਣੀ ਰਹੀ। ਤੀਆਂ ਦੇ ਮੇਲੇ ਦੇ ਪ੍ਰਬੰਧਕ ਇਸ ਗੱਲੋਂ ਬੇਹੱਦ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਵੱਲੋਂ ਮੇਲੇ ‘ਚੋਂ ਖਰਚੇ ਕੱਢ ਕੇ ਬਚੀ ਰਾਸ਼ੀ ਸਥਾਨਕ ਚੈਰਿਟੀ ਸੰਸਥਾਵਾਂ ਦੇ ਨਾਲ ਨਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਨੂੰ ਵੀ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੇਲੇ ਨੂੰ ਸਫਲ ਬਣਾਉਣ ਲਈ ਬਲਬੀਰ ਅਟਵਾਲ, ਕਮਲਜੀਤ ਅਟਵਾਲ, ਸੁੱਖੀ ਬੰਗੜ, ਰਾਣੀ ਬਸਰਾ, ਅਰਵਿੰਦਰ ਢਿੱਲੋਂ, ਜਸ ਗਿੱਲ, ਬਲਵਿੰਦਰ ਕੌਰ, ਜਸਵਿੰਦਰ ਕੌਰ, ਜੋਤੀ ਕੌਰ, ਰਾਜਿੰਦਰ ਕੌਰ, ਸੋਨੀਆ ਕੌਰ, ਸ਼ਾਲੂ ਖਿੰਡਾ, ਇੰਦਰਜੀਤ ਖਿੰਡਰ, ਵੈਂਡੀ ਮਾਨ, ਕੰਵਲਜੀਤ ਮੋਮੀ, ਕੁੰਵਰਜੀਤ ਪੰਨੂੰ, ਦਸ਼ਵਿੰਦਰ ਸੈਂਹਭੀ, ਦਲਬੀਰ ਸਿੱਧੂ, ਬਲਜੀਤ ਕੌਰ, ਤਾਨੀਆ ਸਿੰਘ, ਬਲਜਿੰਦਰ ਕੌਰ, ਰਵਿੰਦਰ ਸੈਮੂਅਲਜ, ਕੁਲਵਿੰਦਰ ਕੌਰ, ਜਸ਼ਨ ਕੌਰ ਦਾ ਯੋਗਦਾਨ ਅਹਿਮ ਰਿਹਾ। ਇਸ ਸਮੇਂ ਪੰਜ ਦਰਿਆ ਅਖਬਾਰ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਦਾ ਮੇਲਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਕਿ ਇਕੱਠ, ਪੇਸ਼ਕਾਰੀਆਂ ਅਤੇ ਅਨੁਸ਼ਾਸਨ ਪੱਖੋਂ ਬੈੱਡਫੋਰਡ ਦੀਆਂ ਬੀਬੀਆਂ ਵਧਾਈ ਦੀਆਂ ਪਾਤਰ ਹਨ। ਜਿਉਂ ਹੀ ਡੀਜੇ ਐੱਨ ਆਰ ਆਈ ਵੱਲੋਂ ਗੀਤਾਂ ਦੀਆਂ ਧੁਨਾਂ ਛੇੜੀਆਂ ਤਾਂ ਕੁਰਸੀਆਂ ‘ਤੇ ਬੈਠੀਆਂ ਬੀਬੀਆਂ ਵੀ ਪੂਰੇ ਜਲੌਅ ਵਿੱਚ ਆ ਗਈਆਂ। ਸਾਰੇ ਦਾ ਸਾਰਾ ਹਾਲ ਹੀ ਗਿੱਧੇ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਸੀ। ਦੇਰ ਰਾਤ ਤੱਕ ਪੈਰ ਥਿਰਕਦੇ ਰਹੇ, ਤਾੜੀਆਂ ਤੇ ਕੂਕਾਂ ਵੱਜਦੀਆਂ ਰਹੀਆਂ। ਕੰਮਾਂ ਕਿੱਤਿਆਂ ਦੀਆਂ ਟੈਨਸ਼ਨਾਂ ਤੋਂ ਮੁਕਤੀ ਪਾ ਕੇ, ਖੂਬ ਨੱਚਣ ਗਾਉਣ ਤੋਂ ਬਾਅਦ ਅਗਲੇ ਸਾਲ ਫਿਰ ਮਿਲ ਜੁੜ ਬੈਠਣ ਦੇ ਵਾਅਦੇ ਨਾਲ ਮੇਲਾ ਸਮਾਪਤ ਹੋ ਗਿਆ। ਪ੍ਰਬੰਧਕਾਂ ਵੱਲੋਂ ਦੂਰੋਂ ਨੇੜਿਉਂ ਆਏ ਹਰ ਸਖਸ਼ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *