ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ, ਮੁਗਲਾਂ ਤੇ ਅੰਗਰੇਜ਼ਾਂ ਵਾਂਗ ਤਾਨਾਸ਼ਾਹੀ ਹਕੂਮਤ ਚਲਾ ਰਿਹਾ ਹੈ – ਖਹਿਰਾ
ਸੀਨੀਅਰ ਕਾਂਗਰਸ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਹੈ ਕਿ ਉਹ ਪੰਜਾਬ ਨੂੰ ਇੱਕ ਆਧੁਨਿਕ ਮੁਗਲ ਜਾਂ ਅੰਗਰੇਜ਼ ਹਕੂਮਤ ਵਾਂਗ ਚਲਾ ਰਿਹਾ ਹੈ, ਜਿੱਥੇ ਵਿਰੋਧੀ ਆਵਾਜ਼ਾਂ ਨੂੰ ਪੁਲਿਸ ਦੀ ਜ਼ਬਰਦਸਤੀ ਤੇ ਦਬਾਅ ਰਾਹੀਂ ਚੁੱਪ ਕਰਵਾਇਆ ਜਾ ਰਿਹਾ ਹੈ।
ਖਹਿਰਾ ਨੇ ਕਿਹਾ ਕਿ ਲੋਕਤਾਂਤ੍ਰਿਕ ਢੰਗ ਨਾਲ ਚੁਣੇ ਗਏ ਮੁੱਖ ਮੰਤਰੀ ਵਜੋਂ ਲੋਕਾਂ ਦੀ ਸੇਵਾ ਕਰਨ ਦੀ ਬਜਾਏ, ਭਗਵੰਤ ਮਾਨ ਨੇ ਤਾਨਾਸ਼ਾਹੀ, ਬਦਲਾ ਤੇ ਖੌਫ ਦੀ ਰਾਜਨੀਤੀ ਅਪਣਾ ਲਈ ਹੈ। ਨਤੀਜੇ ਵਜੋਂ ਪੰਜਾਬ ਇੱਕ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਹੈ, ਜਿੱਥੇ ਵਿਰੋਧੀ ਨੇਤਾਵਾਂ, ਕਾਰਕੁਨਾਂ ਅਤੇ ਬੇਕਸੂਰ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ।
ਖਹਿਰਾ ਨੇ ਕਿਹਾ, “ਭਗਵੰਤ ਮਾਨ ਦੀ ਹਕੂਮਤ ਅੱਜ ਪੰਜਾਬੀਆਂ ਨੂੰ ਮੁਗਲ ਤੇ ਅੰਗਰੇਜ਼ ਦੌਰ ਦੇ ਉਹਨਾਂ ਕਾਲੇ ਦਿਨਾਂ ਦੀ ਯਾਦ ਦਿਵਾ ਰਹੀ ਹੈ, ਜਦੋਂ ਤਾਕਤ ਦੇ ਨਸ਼ੇ ਵਿੱਚ ਚੂਰ ਹਕਮਰਾਨ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਦੇ, ਬੋਲਣ ਦੀ ਆਜ਼ਾਦੀ ਖੌਹਦੇ ਤੇ ਦਹਿਸ਼ਤ ਫੈਲਾਉਂਦੇ ਸਨ। ਅਜਿਹਾ ਹੀ ਦ੍ਰਿਸ਼ ਮਾਨ ਸਰਕਾਰ ਹੇਠ ਦੁਬਾਰਾ ਵੇਖਣ ਨੂੰ ਮਿਲ ਰਿਹਾ ਹੈ।”
ਤਾਜ਼ਾ ਘਟਨਾਵਾਂ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਗੂਵਾਲ ਦੇ ਬੇਗੁਨਾਹ ਲੋਕਾਂ ਦੀ ਗੈਰਕਾਨੂੰਨੀ ਗ੍ਰਿਫ਼ਤਾਰੀ, ਜਿਨ੍ਹਾਂ ਨੂੰ ਝੂਠੇ ਤੌਰ ਤੇ ਐਨ.ਆਰ.ਆਈ. ਜਗਮਨ ਸਮਰਾ ਨਾਲ ਜੋੜਿਆ ਗਿਆ ਹੈ, ਦੀ ਤਿੱਖੀ ਨਿੰਦਾ ਕੀਤੀ। ਉਸਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਜੀਰਾ ਹਲਕੇ ਵਿੱਚ ਸਮਰਾ ਦੇ ਮੂਲ ਪਿੰਡ ਦੀ ਮਹਿਲਾ ਵਸਤੀ ਨਾਲ ਹੋ ਰਹੀ ਪੁਲਿਸ ਦੀ ਧੱਕੇਸ਼ਾਹੀ ਨੂੰ ਮਾਨ ਸਰਕਾਰ ਦੀ ਰਾਜਨੀਤਿਕ ਬਦਲਾਖੋਰੀ ਤੇ ਡਰ ਦੀ ਨੀਤੀ ਕਰਾਰ ਦਿੱਤਾ।
ਖਹਿਰਾ ਨੇ ਇਹ ਵੀ ਕਿਹਾ ਕਿ ਤਰਨਤਾਰਨ ਉਪਚੋਣ ਵਿੱਚ ਸ਼ਿਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਉਸਦੇ ਸਮਰਥਕਾਂ ‘ਤੇ ਝੂਠੇ ਕੇਸ ਦਰਜ ਕਰਨਾ ਭਗਵੰਤ ਮਾਨ ਵੱਲੋਂ ਪੁਲਿਸ ਮਸ਼ੀਨਰੀ ਦੀ ਖੁੱਲੀ ਦੁਰਵਰਤੋਂ ਹੈ, ਜਿਸ ਰਾਹੀਂ ਉਹ ਚੋਣ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਖਹਿਰਾ ਨੇ ਕਿਹਾ, “ਸਿੱਖ ਨੌਜਵਾਨਾਂ ‘ਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨਾਂ ਦਾ ਦੁਰਵਰਤੋਂ, ਫ਼ੇਕ ਐਨਕਾਊਂਟਰਾਂ ਚ ਵਾਧਾ ਅਤੇ ਬੇਗੁਨਾਹ ਲੋਕਾਂ ਦੀ ਗ੍ਰਿਫ਼ਤਾਰੀ ਇਹ ਸਭ ਮਿਲ ਕੇ ਪੰਜਾਬ ਨੂੰ ਡਰ ਤੇ ਖਾਮੋਸ਼ੀ ਦੇ ਰਾਜ ਵਿੱਚ ਬਦਲ ਰਹੇ ਹਨ। ਜਿੱਥੇ ਸੱਚ ਬੋਲਣ ਦੀ ਸਜ਼ਾ ਮਿਲਦੀ ਹੈ ਤੇ ਮੁੱਖ ਮੰਤਰੀ ਦੀ ਅੰਨ੍ਹੀ ਚਾਪਲੂਸੀ ਦਾ ਇਨਾਮ। ਇਹ ਲੋਕਤੰਤਰ ਨਹੀਂ, ਇਹ ਤਾਨਾਸ਼ਾਹੀ ਹੈ।”
ਉਹਨਾ ਨੇ ਕਿਹਾ, “ਜਿਵੇਂ ਅੰਗਰੇਜ਼ ਆਪਣੇ ਪੁਲਿਸ ਤੇ ਅਦਾਲਤੀ ਤੰਤਰ ਰਾਹੀਂ ਭਾਰਤੀ ਆਜ਼ਾਦੀ ਅੰਦੋਲਨ ਨੂੰ ਕੁਚਲਦੇ ਸਨ, ਓਸੇ ਤਰ੍ਹਾਂ ਭਗਵੰਤ ਮਾਨ ਅੱਜ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਿਹਾ ਹੈ ਲੋਕਤੰਤਰ ਅਤੇ ਪੰਜਾਬੀਅਤ ਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”
ਖਹਿਰਾ ਨੇ ਭਾਰਤ ਦੇ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਨੂੰ ਅਪੀਲ ਕੀਤੀ ਕਿ ਉਹ ਸੁ ਮੋਟੋ ਨੋਟਿਸ ਲੈਣ ਤੇ ਪੰਜਾਬ ਵਿੱਚ ਹੋ ਰਹੀਆਂ ਪੁਲਿਸ ਜ਼ਿਆਦਤੀਆਂ ਤੇ ਤਾਨਾਸ਼ਾਹੀ ਦਖ਼ਲਅੰਦਾਜ਼ੀ ਦਾ ਨਿਆਂਕ ਤੌਰ ਤੇ ਨਿਪਟਾਰਾ ਕਰਨ। ਉਹਨਾ ਨੇ ਕਿਹਾ ਕਿ ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਲਈ ਹੁਣ ਸਪਰੀਮ ਕੋਰਟ ਦਾ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ।
ਖਹਿਰਾ ਨੇ ਸਾਰੇ ਲੋਕਤੰਤਰਕ ਤੇ ਮਾਨਵ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਆਧੁਨਿਕ ਤਾਨਾਸ਼ਾਹੀ ਖ਼ਿਲਾਫ਼ ਇਕੱਠੇ ਹੋਣ, ਕਿਉਂਕਿ ਪੰਜਾਬ ਦੇ ਲੋਕ ਕਦੇ ਵੀ ਜ਼ਾਲਮਾਂ ਅੱਗੇ ਨਹੀਂ ਝੁਕੇ ਉਹ ਹਮੇਸ਼ਾਂ ਆਜ਼ਾਦੀ ਲਈ ਲੜੇ ਹਨ ਅਤੇ ਦੁਬਾਰਾ ਵੀ ਲੜਣਗੇ।
