ਟਾਪਭਾਰਤ

ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਨੂੰ “ਭਾਰਤ ਰਤਨ” ਦੇਣ ਦੀ ਮੰਗ ਨੂੰ ਮਿਲ ਰਿਹਾ ਦੇਸ਼-ਵਿਆਪੀ ਸਮਰਥਨ —ਪ੍ਰੋ. ਸਰਚੰਦ ਸਿੰਘ ਖਿਆਲਾ,

ਅੰਮ੍ਰਿਤਸਰ— ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰੋ. ਸਰਚੰਦ ਸਿੰਘ ਖਿਆਲਾ, ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਅਤੇ ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਦੇ ਕ੍ਰਿਪਾਪਾਤਰ ਸ਼ਿਸ਼੍ਯ ਮਹੰਤ ਆਸ਼ੀਸ਼ ਦਾਸ ਜੀ, ਰਾਮਾਨੰਦੀ ਵੈਸ਼ਣਵ ਸੰਪਰਦਾਇ (ਜਬਲਪੁਰ) ਨੇ ਸਾਂਝੇ ਤੌਰ ’ਤੇ ਕਿਹਾ ਹੈ ਕਿ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ, ਸੰਤ ਸ਼ਿਰੋਮਣੀ ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਨੂੰ “ਭਾਰਤ ਰਤਨ” ਨਾਲ ਸਨਮਾਨਿਤ ਕਰਨ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕੀਤੀ ਅਪੀਲ ਨੂੰ ਹੁਣ ਦੇਸ਼-ਭਰ ਦੇ ਸੰਤ ਸਮਾਜ, ਧਾਰਮਿਕ ਅਧਿਕਾਰੀਆਂ, ਸਮਾਜਿਕ ਸੰਸਥਾਵਾਂ ਅਤੇ ਕਰੋੜਾਂ ਰਾਮ ਭਗਤਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਸਮਾਜ ਦੀ ਇਸ ਭਾਵਨਾ ਨੂੰ ਸਿਰੇ ਚਾੜ੍ਹਿਆ ਜਾਵੇ ਅਤੇ ਰਾਮ ਭਗਤੀ, ਰਾਸ਼ਟਰ ਭਗਤੀ ਤੇ ਸਨਾਤਨ ਸਭਿਆਚਾਰ ਦੇ ਇਸ ਯੁਗਪੁਰਖ ਨੂੰ ਦੇਸ਼ ਦਾ ਸਰਵੋਚ ਸਨਮਾਨ ਦਿੱਤਾ ਜਾਵੇ।
ਪ੍ਰੋ. ਸਰਚੰਦ ਸਿੰਘ ਖਿਆਲਾ ਨੇ ਕਿਹਾ ਕਿ “ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਸਿਰਫ਼ ਇੱਕ ਧਾਰਮਿਕ ਸੰਤ ਨਹੀਂ, ਸਗੋਂ ਰਾਮ ਭਗਤੀ, ਰਾਸ਼ਟਰ ਭਗਤੀ, ਤਿਆਗ ਅਤੇ ਸਨਾਤਨ ਸੰਸਕ੍ਰਿਤੀ ਦੇ ਜੀਵੰਤ ਪ੍ਰਤੀਕ ਹਨ। ਸ਼੍ਰੀ ਰਾਮ ਮੰਦਰ ਦਾ ਪੁਨਰਨਿਰਮਾਣ ਸਿਰਫ਼ ਇੱਕ ਘਟਨਾ ਨਹੀਂ, ਸਗੋਂ ਭਾਰਤੀ ਆਤਮਾ ਦੇ ਪੁਨਰਜਾਗਰਣ ਦਾ ਪਵਿੱਤਰ ਪਲ ਹੈ ਅਤੇ ਇਸ ਮਹਾ-ਯੱਗ ਦੇ ਮਹਾ-ਯਜਮਾਨ ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਹਨ।”
ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ “ਸ਼੍ਰੀ ਅਯੋਧਿਆ ਧਾਮ ਦਾ ਨਵੀਂ ਰਚਨਾ, ਸ਼੍ਰੀ ਰਾਮ ਮੰਦਰ ਦਾ ਉਤਥਾਨ, ਸੰਤ ਪਰੰਪਰਾ ਦਾ ਪੁਨਰਜੀਵਨ, ਗੌਸੇਵਾ, ਲੰਗਰ, ਸਿੱਖਿਆ, ਨੇਤ੍ਰਾਲੇ, ਸੰਸਕ੍ਰਿਤ ਵਿਦਿਆਲੇ ਅਤੇ ਹਸਪਤਾਲਾਂ ਦੀ ਸੇਵਾ—ਇਹ ਸਭ ਕੁਝ ਮਹੰਤ ਜੀ ਦੀ ਤਪੱਸਿਆ ਅਤੇ ਤਿਆਗ ਦਾ ਪਰਿਣਾਮ ਹੈ। ਉਹ ਨਿਸ਼ਕਾਮ ਸੇਵਾ ਦੇ ਉਸ ਆਦਰਸ਼ ਦਾ ਪ੍ਰਤੀਕ ਹਨ, ਜਿਸ ਉੱਤੇ ਭਾਰਤ ਦਾ ‘ਰਾਮ ਰਾਜ’ ਟਿਕਿਆ ਹੈ।”
ਮਹੰਤ ਆਸ਼ੀਸ਼ ਦਾਸ ਜੀ ਜਬਲਪੁਰ ਨੇ ਕਿਹਾ ਕਿ “ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਦੇ ਜੀਵਨ ਦੀ ਹਰ ਸਾਂਸ ਰਾਮ ਨਾਮ ਦੀ ਤਪੱਸਿਆ ਅਤੇ ਲੋਕ-ਕਲਿਆਣ ਨੂੰ ਸਮਰਪਿਤ ਰਹੀ ਹੈ। ਅੱਜ ਕਰੋੜਾਂ ਸ਼ਿਸ਼੍ਯ ਅਤੇ ਸੰਤ ਉਨ੍ਹਾਂ ਦੇ ਅਨੁਸ਼ਾਸਨ, ਭਗਤੀ ਅਤੇ ਸੇਵਾ ਤੋਂ ਪ੍ਰੇਰਣਾ ਲੈ ਰਹੇ ਹਨ। ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਪੂਰੇ ਰਾਮ ਭਗਤ ਸਮਾਜ ਦਾ ਸਨਮਾਨ ਹੋਵੇਗਾ।”
ਪ੍ਰੋ. ਖਿਆਲਾ ਨੇ ਦੱਸਿਆ ਕਿ ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਘਰ-ਗ੍ਰਿਹਸਥੀ ਛੱਡ ਕੇ ਸ਼੍ਰੀ ਅਯੋਧਿਆ ਧਾਮ ਦਾ ਰੁਖ ਕੀਤਾ ਅਤੇ ਅੱਗੇ ਚੱਲ ਕੇ ਬਾਬਾ ਸ਼੍ਰੀ ਸਵਾਮੀ ਮਣਿਰਾਮ ਦਾਸ ਛਾਵਣੀ (ਛੋਟੀ ਛਾਵਣੀ) ਦੇ ਪੀਠਾਧੀਸ਼ਵਰ ਬਣੇ। ਉਨ੍ਹਾਂ ਦਾ ਜੀਵਨ ਰਾਮ ਨਾਮ ਦੀ ਤਪੱਸਿਆ, ਕਠੋਰ ਅਨੁਸ਼ਾਸਨ, ਨਿਸ਼ਕਾਮ ਸੇਵਾ ਅਤੇ ਲੋਕ-ਕਲਿਆਣ ਨੂੰ ਸਮਰਪਿਤ ਰਿਹਾ।
ਉਹ ਸ਼੍ਰੀ ਰਾਮ ਜਨਮਭੂਮੀ ਆੰਦੋਲਨ ਦੇ “ਚੌਥੇ ਸਤੰਭ” ਵਜੋਂ ਜਾਣੇ ਜਾਂਦੇ ਹਨ। 1984 ਤੋਂ ਲੈ ਕੇ 1992 ਦੀ ਇਤਿਹਾਸਕ ਕਾਰ ਸੇਵਾ ਅਤੇ 2019 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੱਕ ਉਹ ਲਗਾਤਾਰ ਸੰਘਰਸ਼ ਦੇ ਮੋਰਚੇ ’ਤੇ ਰਹੇ। ਗੋਰਖਨਾਥ ਮਠ ਦੇ ਪੀਠਾਧੀਸ਼ਵਰ ਮਹੰਤ ਅਵੈਦ੍ਯ ਨਾਥ ਜੀ ਅਤੇ ਮਹੰਤ ਪਰਮਹੰਸ ਰਾਮਚੰਦ੍ਰ ਦਾਸ ਜੀ ਤੋਂ ਬਾਅਦ ਉਨ੍ਹਾਂ ਨੇ ਰਾਮ ਜਨਮਭੂਮੀ ਨਿਆਸ ਦੀ ਕਮਾਨ ਸੰਭਾਲੀ ਅਤੇ ਬਾਅਦ ਵਿੱਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਬਣੇ।
ਮਹੰਤ ਜੀ ਦੇ ਆਸ਼ੀਰਵਾਦ ਹੇਠ ਅੱਜ ਬੇਅੰਤ ਸੇਵਾ ਪ੍ਰਕਲਪ ਚੱਲ ਰਹੇ ਹਨ, ਜਿਵੇਂ ਕਿ ਬਾਬਾ ਮਣਿਰਾਮ ਦਾਸ ਛਾਵਣੀ ਸੇਵਾ ਟਰੱਸਟ, ਦੀਨਬੰਧੁ ਨੇਤ੍ਰਾਲੇ ਸੇਵਾ ਟਰੱਸਟ, ਸੰਸਕ੍ਰਿਤ ਵਿਦਿਆਲੇ ਤੇ ਛਾਤਰਾਲੇ, ਯੋਗ ਵਿਦਿਆਲੇ, ਗੌਸ਼ਾਲਾ, ਬ੍ਰਾਹਮਣ ਸੇਵਾ ਟਰੱਸਟ, ਸ਼੍ਰੀਮਦ ਵਲਮੀਕੀ ਰਾਮਾਯਣ ਭਵਨ, ਚਾਰ ਧਾਮ ਮੰਦਰ ਛਾਵਣੀ ਅਤੇ ਸਾਰਵਭੌਮ ਸੰਸਕ੍ਰਿਤ ਵਿਦਿਆਲੇ ਆਦਿ। ਇਨ੍ਹਾਂ ਸੰਸਥਾਵਾਂ ਰਾਹੀਂ ਉਨ੍ਹਾਂ ਨੇ ਧਰਮ, ਸਿੱਖਿਆ, ਚਿਕਿਤਸਾ, ਗੌਸੇਵਾ ਤੇ ਸੰਤਸੇਵਾ ਦੇ ਅਨੇਕ ਉਦਾਹਰਣ ਸਥਾਪਿਤ ਕੀਤੇ ਹਨ।
ਪ੍ਰਯਾਗਰਾਜ ਵਿੱਚ ਬਾਬਾ ਮਣਿਰਾਮ ਦਾਸ ਛਾਵਣੀ ਵੱਲੋਂ ਚੱਲ ਰਹੇ ਸਾਲ ਭਰ ਦੇ ਵਿਸ਼ਾਲ ਭੰਡਾਰਾ-ਲੰਗਰ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ਵਿੱਚ ਦਰਜ ਹੈ, ਜੋ ਉਨ੍ਹਾਂ ਦੀ ਲੋਕਸੇਵਾ ਅਤੇ ਅੰਨਸੇਵਾ ਦੀ ਅਦਭੁਤ ਪ੍ਰੇਰਣਾ ਦਾ ਪ੍ਰਤੀਕ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਮਹੰਤ ਜੀ ਦਾ ਜੀਵਨ ਸੰਘਰਸ਼ ਸਿੱਖ ਪਰੰਪਰਾ ਦੇ “ਸੰਤ-ਸਿਪਾਹੀ” ਅਤੇ “ਮੀਰੀ-ਪੀਰੀ” ਸਿਧਾਂਤ ਦਾ ਜੀਵੰਤ ਰੂਪ ਹੈ—ਉਹ ਭਗਤੀ ਵਿੱਚ ਲੀਨ ਰਹਿੰਦੇ ਹੋਏ ਵੀ ਅਨਿਆਇ ਦੇ ਵਿਰੁੱਧ ਸਦਾ ਡਟੇ ਰਹੇ। ਅੱਜ ਅਯੋਧਿਆ, ਜੋ ਕਦੇ ਆਕਰਮਣਕਾਰੀਆਂ ਦੇ ਅਤਿਆਚਾਰ ਦੀ ਪ੍ਰਤੀਕ ਸੀ, ਹੁਣ ਰਾਸ਼ਟਰੀ ਏਕਤਾ, ਸਭਿਆਚਾਰ ਤੇ ਆਤਮਗੌਰਵ ਦਾ ਕੇਂਦਰ ਬਣ ਚੁੱਕੀ ਹੈ ਅਤੇ ਇਹ ਸਭ ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਦੀ ਤਪੱਸਿਆ ਅਤੇ ਆਸ਼ੀਰਵਾਦ ਦਾ ਨਤੀਜਾ ਹੈ।
ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ — “ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਨਿਵੇਦਨ ਕਰਦੇ ਹਾਂ ਕਿ ਇਸ ਮਹਾ-ਯੁਗ ਦੇ ਸੰਤ ਸ਼ਿਰੋਮਣੀ, ਸ਼੍ਰੀ ਰਾਮ ਮੰਦਰ ਨਿਰਮਾਣ ਦੇ ਪੁਰੋਧਾ ਅਤੇ ਭਾਰਤੀ ਸਭਿਆਚਾਰ ਦੇ ਮਹਾਨ ਮਨੀਸ਼ੀ ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਨੂੰ ‘ਭਾਰਤ ਰਤਨ’ ਨਾਲ ਅਲੰਕ੍ਰਿਤ ਕਰਨ ਦੀ ਸਿਫ਼ਾਰਸ਼ ਮਾਨਨੀਯ ਰਾਸ਼ਟਰਪਤੀ ਜੀ ਕੋਲ ਕੀਤੀ ਜਾਵੇ। ਇਹ ਸਨਮਾਨ ਸਿਰਫ਼ ਇੱਕ ਸੰਤ ਦਾ ਨਹੀਂ, ਸਗੋਂ ਰਾਮ ਭਗਤੀ, ਭਾਰਤੀ ਸਭਿਆਚਾਰ ਤੇ ਰਾਸ਼ਟਰੀ ਗੌਰਵ ਦਾ ਸਨਮਾਨ ਹੋਵੇਗਾ।”
ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ, “ਅਸੀਂ ਸਾਰੇ ਦੇਸ਼ਵਾਸੀਆਂ, ਸੰਤ ਸਮਾਜ, ਨੌਜਵਾਨਾਂ ਅਤੇ ਰਾਮ ਭਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਰਾਸ਼ਟਰੀ ਮੁਹਿੰਮ ਨਾਲ ਜੁੜਨ। ਸਾਡੀ ਮੰਗ ਹੈ ਕਿ ‘ਮਹੰਤ ਨ੍ਰਿਤ੍ਯ ਗੋਪਾਲ ਦਾਸ ਜੀ ਮਹਾਰਾਜ ਨੂੰ ਬਿਨਾਂ ਦੇਰੀ ਭਾਰਤ ਰਤਨ ਮਿਲੇ, ਇਹੀ ਰਾਮ ਭਗਤਾਂ ਦਾ ਮਾਣ ਤੇ ਸਨਮਾਨ ਹੈ।’

Leave a Reply

Your email address will not be published. Required fields are marked *