ਪੰਜਾਬ

ਵੜਿੰਗ ਪਾਰਟੀ ਨੂੰ ਤਬਾਹ ਕਰ ਰਿਹੈ…ਮੈਂ ਤੇ ਮੇਰਾ ਪਤੀ ਹਮੇਸ਼ਾਂ ਕਾਂਗਰਸ ਪਾਰਟੀ ਨਾਲ ਖੜ੍ਹਾਂਗੇ: ਨਵਜੋਤ ਕੌਰ ਸਿੱਧੂ

ਚੰਡੀਗੜ੍ਹ : ‘ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਵਾਲੀ ਆਪਣੀ ਟਿੱਪਣੀ ਲਈ ਕਾਂਗਰਸ ’ਚੋਂ ਮੁਅੱਤਲ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ‘ਹਮੇਸ਼ਾ ਪਾਰਟੀ ਨਾਲ ਖੜਨਗੇ’। ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਪਾਰਟੀ ਨੂੰ ‘ਤਬਾਹ’ ਕਰਨ ਦਾ ਦੋਸ਼ ਲਾਇਆ। ਕੌਰ ਨੂੰ ਲੰਘੇ ਦਿਨੀਂ ਆਪਣੀ ਉਪਰੋਕਤ ਟਿੱਪਣੀ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਕੌਰ ਨੇ ਬੁੱਧਵਾਰ ਨੂੰ ਐਕਸ ’ਤੇ ਲੜੀਵਾਰ ਪੋਸਟਾਂ ਵਿਚ ਕਿਹਾ, ‘‘ਅਸੀਂ ਹਮੇਸ਼ਾ ਕਾਂਗਰਸ ਦੇ ਨਾਲ ਹਾਂ ਅਤੇ ਰਹਾਂਗੇ ਅਤੇ ਆਪਣਾ ਪੰਜਾਬ ਰਾਜ ਜਿੱਤਾਂਗੇ ਅਤੇ ਇਸ ਨੂੰ ਆਪਣੇ ਨਿਮਰ, ਪਿਆਰ ਕਰਨ ਵਾਲੇ ਅਤੇ ਕੁਰਬਾਨੀ ਦੇਣ ਵਾਲੇ ਗਾਂਧੀ ਪਰਿਵਾਰ ਨੂੰ ਭੇਟ ਕਰਾਂਗੇ।’’

ਕੌਰ ਨੇ ਵੜਿੰਗ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 70 ‘ਕੁਸ਼ਲ, ਇਮਾਨਦਾਰ ਅਤੇ ਵਫ਼ਾਦਾਰ’ ਨੇਤਾ’, ਜਿਨ੍ਹਾਂ ਨੂੰ ਤੁਸੀਂ ਕਾਂਗਰਸ ਪਾਰਟੀ ਤੋਂ ਵੱਖ ਕਰ ਦਿੱਤਾ ਹੈ ਅਤੇ ਜੋ ਉਮੀਦਵਾਰ ਵਜੋਂ ਪਾਰਟੀ ਦੀ ਟਿਕਟ ’ਤੇ ਜਿੱਤਣ ਦੇ ਸਮਰੱਥ ਹਨ, ਉਨ੍ਹਾਂ ਦੇ ਸੰਪਰਕ ਵਿੱਚ ਹਨ।’’ ਕੌਰ ਨੇ ਐਕਸ ’ਤੇ ਇਕ ਪੋਸਟ ਵਿਚ ਦੋਸ਼ ਲਾਇਆ, ‘‘ਕਾਂਗਰਸ ਪੰਜਾਬ ਜਿੱਤੇਗੀ, ਭਾਵੇਂ ਕਿ ਤੁਹਾਡਾ ਸਾਰਾ ਧਿਆਨ ਸਾਡੀਆਂ 70 ਫੀਸਦ ਸੀਟਾਂ ਖ਼ਤਮ ਕਰਨ ਵੱਲ ਹੈ, ਜਿੱਥੇ ਤੁਸੀਂ ਪਹਿਲਾਂ ਬੇਅਸਰ ਲੋਕਾਂ ਨੂੰ ਡਮੀ ਟਿਕਟਾਂ ਦੇ ਚੁੱਕੇ ਹੋ।’’

ਇਸ ਤੋਂ ਪਹਿਲਾਂ ਕੌਰ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਸੀ ਕਿ ਪੰਜਾਬ ਵਿੱਚ ਚੋਣਾਂ ਲਈ ਬਹੁਤ ਸਾਰੀਆਂ ਟਿਕਟਾਂ ਪਹਿਲਾਂ ਹੀ ‘ਵਿਕ ਚੁੱਕੀਆਂ ਹਨ।’ ਵੜਿੰਗ ਨੂੰ ਲੰਮੇ ਹੱਥੀਂ ਲੈਂਦਿਆਂ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਪੁੱਛਿਆ ਸੀ ਕਿ ਉਹ ਆਪਣੇ ਹੀ ਹਲਕੇ ਵਿੱਚ ਦੋ ਵਾਰ ਕਿਉਂ ਹਾਰਿਆ। ਕੌਰ ਨੇ ਪੋਸਟ ਵਿੱਚ ਅੱਗੇ ਦੋਸ਼ ਲਗਾਇਆ ਕਿ ਇਹ ਇਸ ਲਈ ਸੀ ਕਿਉਂਕਿ ਉਸ ਦਾ ਧਿਆਨ ਕਾਂਗਰਸ ਨੂੰ ਤਬਾਹ ਕਰਨ ਵੱਲ ਹੈ ਅਤੇ ਉਹ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ‘ਵਿਰੋਧੀ ਪਾਰਟੀ ਨਾਲ ਮਿਲੀਭੁਗਤ’ ਵਿੱਚ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ, ‘‘ਕਾਂਗਰਸ ਹਮੇਸ਼ਾ ਤੁਹਾਡੇ ਵਰਗੇ ਲੋਕਾਂ ਵਿਰੁੱਧ ਲੜਨ ਲਈ ਇਕੱਠੀ ਰਹੇਗੀ।’’

ਕੌਰ ਨੇ ਦੋਸ਼ ਲਾਇਆ ਕਿ ਸੂਬਾਈ ਪ੍ਰਧਾਨ ਨੇ ਉਸ ਦੀ ਵੀਡੀਓ ਸੁਣਨ ਦੀ ਬਜਾਏ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਅਤੇ ਉਸ ਨੂੰ ਬੋਲਣ ਲਈ ਮਜਬੂਰ ਕੀਤਾ। ਸਾਬਕਾ ਮੰਤਰੀ ਨੇ ਕਿਹਾ, ‘‘ਤੁਸੀਂ ਸਾਫ਼ ਕਰ ਸਕਦੇ ਸੀ ਕਿ ਮੈਂ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਕਾਂਗਰਸ ਨੇ ਮੇਰੇ ਤੋਂ ਕਦੇ ਪੈਸੇ ਨਹੀਂ ਮੰਗੇ। ਫਿਰ, ਜਦੋਂ ਇਹ ਪੁੱਛਿਆ ਗਿਆ ਕਿ ਸਿੱਧੂ ਕਿਸੇ ਹੋਰ ਪਾਰਟੀ ਤੋਂ ਮੁੱਖ ਮੰਤਰੀ ਕਿਉਂ ਨਹੀਂ ਬਣ ਰਿਹਾ, ਤਾਂ ਮੇਰਾ ਜਵਾਬ ਸੀ ਕਿ ਸਾਡੇ ਕੋਲ ਖਰਚ ਕਰਨ ਲਈ 500 ਕਰੋੜ ਰੁਪਏ ਨਹੀਂ ਹਨ।’’

ਵੜਿੰਗ ’ਤੇ ਹਮਲਾ ਕਰਦਿਆਂ ਕੌਰ ਨੇ ਕਿਹਾ, ‘‘ਤੁਹਾਨੂੰ ਟਿਕਟਾਂ ਵੇਚਣ ਕਰਕੇ ਗੁਜਰਾਤ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਤੁਸੀਂ ਫੈਂਸੀ ਕਾਰਾਂ, ਜ਼ਮੀਨਾਂ ਅਤੇ ਸਬਵੇਅ ਖਰੀਦੇ ਸਨ। ਆਮਦਨ ਕਰ ਬਾਰੇ ਸਵਾਲਾਂ ਲਈ ਤਿਆਰ ਰਹੋ? ਰਾਜਾ ਵੜਿੰਗ, ਭੌਂਕਣ ਲਈ ਆਪਣੇ ਕੁੱਤਿਆਂ ਨੂੰ ਨਾ ਵਰਤੋ, ਜਿਨ੍ਹਾਂ ਨੂੰ ਤੁਹਾਡੇ ਕਾਰਨ ਟਿਕਟਾਂ ਦਿੱਤੀਆਂ ਗਈਆਂ ਸਨ’’ ਕੌਰ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ, ‘‘ਤੁਸੀਂ ਲਗਾਤਾਰ ਕਾਂਗਰਸ ਪਾਰਟੀ ਦੇ ਵਿਰੁੱਧ ਕਿਉਂ ਕੰਮ ਕਰ ਰਹੇ ਹੋ ਅਤੇ ਉਮੀਦਵਾਰਾਂ ਨੂੰ ਹਰਾ ਰਹੇ ਹੋ ਅਤੇ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਰਹੇ ਹੋ?’’ "ਅੰਮ੍ਰਿਤਸਰ ਦੇ ਸਾਰੇ 5 ਵਿਧਾਇਕ ਉਸ ਵਿਅਕਤੀ ਦੇ ਵਿਰੁੱਧ ਸਨ ਜਿਸ ਨੂੰ ਤੁਸੀਂ 34 ਸੀਨੀਅਰਾਂ ਨੂੰ ਨਜ਼ਰਅੰਜਾਜ਼ ਕਰਕੇ ਪ੍ਰਧਾਨ ਬਣਾਇਆ ਸੀ। ਇਹ ਕੰਮ ਤੁਸੀਂ ਭ੍ਰਿਸ਼ਟ ਲੋਕਾਂ ਦੀ ਮਿਲੀਭੁਗਤ ਨਾਲ ਕੀਤਾ ਹੈ ਅਤੇ ਚੰਗੇ ਲੋਕਾਂ ਨੂੰ ਕਾਂਗਰਸ ਛੱਡਣ ਲਈ ਮਜਬੂਰ ਕਰ ਰਹੇ ਹੋ।’’

ਕੌਰ ਨੇ ਪੰਜਾਬ ਕਾਂਗਰਸ ਪ੍ਰਧਾਨ ਉੱਤੇ ਸੰਵਿਧਾਨ ਵਿਰੁੱਧ ਜਾਣ ਅਤੇ ਅੰਬੇਡਕਰ ਸਾਹਿਬ ਦੇ ਫਲਸਫੇ ਦੀ ਪਾਲਣਾ ਕਰਨ ਵਾਲੇ 38 ਫੀਸਦ ਕਾਂਗਰਸੀ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਵੀ ਦੋਸ਼ ਲਗਾਇਆ। ਕੌਰ ਨੇ ਸਵਾਲ ਕੀਤਾ, ‘‘ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ?’’

ਉਧਰ ਰਾਜਾ ਵੜਿੰਗ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਭਾਂਝ ਦਿੱਤੀ ਜਾਵੇਗੀ। ਵੜਿੰਗ ਦਾ ਇਹ ਬਿਆਨ ਸਿੱਧੂ ਦੇ ‘ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਵਾਲੇ ਬਿਆਨ ਤੋਂ ਬਾਅਦ ਆਇਆ ਹੈ ਜਿਸ ਨੇ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਸੀ।

ਰਾਜਾ ਵੜਿੰਗ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਸੀ, ‘‘ਕਿਉਂ ਜੋ ਕਾਂਗਰਸ ਇਕਲੌਤੀ ਪਾਰਟੀ ਹੈ ਜੋ 2027 ਵਿੱਚ 'ਆਪ' ਦੀ ਥਾਂ ਲੈਣ ਵਾਲੀ ਹੈ, ਇਸ ਲਈ ਕੁਝ ਲੋਕਾਂ ਨੇ ਬਿਨਾਂ ਕਿਸੇ ਆਧਾਰ ਦੇ ਸਾਡੇ ਦੁਸ਼ਮਣਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ।’’ ਨਵਜੋਤ ਕੌਰ ਸਿੱਧੂ ਨੇ ਸੋਮਵਾਰ ਨੂੰ ਰਾਜਾ ਵੜਿੰਗ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਸੀ ਕਿ ‘ਮੈਂ ਇੱਕ ਅਸੰਵੇਦਨਸ਼ੀਲ ਅਤੇ ਗੈਰ-ਜ਼ਿੰਮੇਵਾਰ, ਨੈਤਿਕ ਤੌਰ ’ਤੇ ਬੇਈਮਾਨ ਅਤੇ ਭ੍ਰਿਸ਼ਟ ਪ੍ਰਧਾਨ ਨਾਲ ਖੜ੍ਹਨ ਤੋਂ ਇਨਕਾਰ ਕਰਦੀ ਹਾਂ। ਮੈਂ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਲਈ ਖੜ੍ਹੀ ਹਾਂ ਜੋ ਉਸ ਦੀ ਅਯੋਗਤਾ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਤੋਂ ਦੁਖੀ ਹਨ। ਮੈਂ ਉਸ ਨੂੰ ਪ੍ਰਧਾਨ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹਾਂ। ਮੈਨੂੰ ਹੈਰਾਨੀ ਹੈ ਕਿ ਮੁੱਖ ਮੰਤਰੀ ਉਸ ਨੂੰ ਕਿਉਂ ਬਚਾ ਰਿਹਾ ਹੈ।’’

Leave a Reply

Your email address will not be published. Required fields are marked *