ਸ਼੍ਰੀ ਰਾਮ ਮੰਦਰ ਪੁਨਰ ਨਿਰਮਾਣ ਦੇ ਮਹਾ ਨਾਇਕ ਸ਼੍ਰੀ ਮਹੰਤ ਨ੍ਰਿਤਿਆ ਗੋਪਾਲ ਦਾਸ ਮਹਾਰਾਜ
ਪੰਜ ਸਦੀਆਂ ਬਾਅਦ ਸ਼੍ਰੀ ਅਯੁੱਧਿਆ ਧਾਮ ਵਿੱਚ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ 'ਤੇ ਸ਼ਾਨਦਾਰ ਸ਼੍ਰੀ ਰਾਮ ਮੰਦਰ ਦਾ
ਪੁਨਰ ਨਿਰਮਾਣ ਸਿਰਫ਼ ਇੱਕ ਮੰਦਰ ਨਿਰਮਾਣ ਨਹੀਂ ਹੈ, ਸਗੋਂ ਸਾਡੇ ਵਿਸ਼ਵਾਸ ਦੀ ਨੀਂਹ, ਸਨਾਤਨ ਪੁਨਰ ਜਾਗਰਨ,
ਰਾਮ ਭਗਤੀ, ਭਾਰਤੀ ਸੰਸਕ੍ਰਿਤੀ, ਵਿਰਾਸਤ, ਰਾਸ਼ਟਰੀ ਏਕਤਾ, ਗੌਰਵ ਦਾ ਵੀ ਪ੍ਰਤੀਕ ਅਤੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼
ਦਾ ਲਖਾਇਕ ਹੈ। ਇਹ ਸਦੀਆਂ ਦੀ ਵਿਦੇਸ਼ੀ ਗ਼ੁਲਾਮੀ ਵੱਲੋਂ ਦਬਾਈਆਂ ਗਈਆਂ ਸਾਡੀਆਂ ਧਾਰਮਿਕ ਅਤੇ ਸਮਾਜਿਕ
ਅਕਾਂਖਿਆਵਾਂ ਦੀ ਪੂਰਤੀ ਹੈ। ਕਿਉਂਕਿ 'ਰਾਮ ਰਾਜ' ਦੇ ਰੂਪ ਵਿੱਚ ਕਲਿਆਣਕਾਰੀ ਸ਼ਾਸਨ ਸੰਕਲਪ ਨੂੰ ਸਿੱਧ ਕਰਨ ਵਾਲੇ
ਭਗਵਾਨ ਸ਼੍ਰੀ ਰਾਮ, ਭਾਰਤੀ ਸੰਸਕ੍ਰਿਤੀ, ਅਧਿਆਤਮਿਕਤਾ ਅਤੇ ਰਾਸ਼ਟਰੀ ਸਵੈਮਾਣ ਦੇ ਪ੍ਰਤੀਕ ਹਨ।
ਸ਼੍ਰੀ ਰਾਮ ਜਨਮ ਭੂਮੀ ਮੁਕਤੀ ਅੰਦੋਲਨ ਦੇ ਚੌਥੇ ਥੰਮ੍ਹ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਸੰਤ
ਸ਼੍ਰੋਮਣੀ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਮਹਾਰਾਜ, ਜਿਨ੍ਹਾਂ ਨੇ ਸ਼੍ਰੀ ਰਾਮ ਮੰਦਰ ਪੁਨਰ ਨਿਰਮਾਣ ਦੇ ਮਹਾਨ ਮਿਸ਼ਨ ਨੂੰ
ਸਫਲ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ, ਭਾਰਤੀ ਸਮਾਜ ਵਿੱਚ ਇੱਕ ਧਰੁਵ ਤਾਰੇ ਵਾਂਗ ਚਮਕ ਰਹੇ ਹਨ ਅਤੇ
ਸੰਤ ਸਮਾਜ ਵਿੱਚ ਬਹੁਤ ਸਤਿਕਾਰੇ ਜਾਂਦੇ ਹਨ।
ਮਹੰਤ ਜੀ ਨੇ ਆਪਣਾ ਪੂਰਾ ਜੀਵਨ ਰਾਮ ਨਾਮ ਦੀ ਤਪੱਸਿਆ, ਤਿਆਗ, ਸਮਾਜ ਕਲਿਆਣ, ਪਰਉਪਕਾਰ,
ਨਿਰਸਵਾਰਥ ਸੇਵਾ ਅਤੇ ਸੰਘਰਸ਼ ਨੂੰ ਸਮਰਪਿਤ ਦਿੱਤਾ। ਉਨ੍ਹਾਂ ਨੇ ਸ਼੍ਰੀ ਰਾਮ ਮੰਦਰ ਨਿਰਮਾਣ ਅੰਦੋਲਨ ਸਮੇਤ ਕਈ
ਜ਼ਿੰਮੇਵਾਰੀਆਂ ਨੂੰ ਪੂਰੀ ਸੰਜੀਦਗੀ ਅਤੇ ਸ਼ਰਧਾ ਨਾਲ ਨਿਭਾਇਆ। ਉਹ ਅਯੁੱਧਿਆ ਵਿੱਚ ਬਾਬਾ ਸਵਾਮੀ ਮਣੀ ਰਾਮਦਾਸ
ਜੀ ਮਹਾਰਾਜ ਛਾਉਣੀ ਸੇਵਾ ਟਰੱਸਟ, ਵਾਸੂਦੇਵ ਘਾਟ ਦੇ ਮੁਖੀ ਅਤੇ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾਨ, ਮਥੁਰਾ
ਦੇ ਮੁਖੀ ਵੀ ਹਨ।
ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਦਾ ਜਨਮ 11 ਜੂਨ, 1938 ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੇਰਹਾਲਾ ਪਿੰਡ
ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। 1953 ਵਿੱਚ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ, ਉਨ੍ਹਾਂ ਨੇ ਮਥੁਰਾ
ਦੇ ਲਾਲਾ ਰਾਮ ਕਾਲਜ ਵਿੱਚ ਕਾਮਰਸ ਦੀ ਪੜ੍ਹਾਈ ਸ਼ੁਰੂ ਕੀਤੀ। ਹਾਲਾਂਕਿ, ਰਵਾਇਤੀ ਸਿੱਖਿਆ ਪ੍ਰਣਾਲੀ ਤੋਂ ਅਸੰਤੁਸ਼ਟ
ਹੋਕੇ ਉਨ੍ਹਾਂ ਨੇ ਆਪਣੀ ਪੜ੍ਹਾਈ ਅਧੂਰੀ ਛੱਡ ਦਿੱਤੀ ਅਤੇ 12 ਸਾਲ ਦੀ ਉਮਰ ਵਿੱਚ, ਘਰ ਬਾਰ ਤਿਆਗ ਕੇ ਅਯੁੱਧਿਆ
ਪਹੁੰਚ ਗਏ। ਉੱਥੇ, ਆਪ ਜੀ ਮਹੰਤ ਰਾਮ ਮਨੋਹਰ ਦਾਸ ਜੀ ਦੇ ਚੇਲੇ ਬਣੇ ਅਤੇ ਉਨ੍ਹਾਂ ਦੀ ਹੀ ਪ੍ਰੇਰਨਾ ਸਦਕਾ ਵਾਰਾਣਸੀ
ਦੀ ਸੰਸਕ੍ਰਿਤ ਯੂਨੀਵਰਸਿਟੀ ਤੋਂ 'ਸ਼ਾਸਤਰੀ' ਦੀ ਡਿੱਗਰੀ ਪ੍ਰਾਪਤ ਕੀਤੀ।
1965 ਵਿੱਚ, ਸਿਰਫ਼ 27 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਆਪਣੀ ਯੋਗਤਾ ਅਤੇ ਸਮਰਪਣ ਦੇ ਕਾਰਨ, ਅਯੁੱਧਿਆ ਦੇ
ਇੱਕ ਪ੍ਰਮੁੱਖ ਧਾਰਮਿਕ-ਅਧਿਆਤਮਕ ਕੇਂਦਰ, ਸ਼੍ਰੀ ਮਣੀ ਰਾਮਦਾਸ ਜੀ ਛਾਉਣੀ (ਛੋਟੀ ਛਾਉਣੀ) ਦੇ ਮਹੰਤ ਦੀ ਜ਼ਿੰਮੇਵਾਰੀ
ਸੌਂਪ ਦਿੱਤੀ ਗਈ। ਉਹ ਆਪਣੀ ਸਖ਼ਤ ਤਪੱਸਿਆ ਅਤੇ ਦੂਰਦਰਸ਼ਤਾ ਦੇ ਕਾਰਨ ਜਲਦੀ ਹੀ ਅਯੁੱਧਿਆ ਵਿੱਚ ਇੱਕ ਬਹੁਤ
ਹੀ ਪ੍ਰਮੁੱਖ ਤੇ ਪ੍ਰਸਿੱਧ ਧਾਰਮਿਕ ਸ਼ਖ਼ਸੀਅਤ ਬਣ ਗਏ। ਭਗਵਾਨ ਕ੍ਰਿਸ਼ਨ ਅਤੇ ਭਗਵਾਨ ਰਾਮ ਪ੍ਰਤੀ ਬੇਮਿਸਾਲ ਸ਼ਰਧਾ
ਰੱਖਣ ਦੇ ਕਾਰਨ ਆਪ ਜੀ ਨੇ 1984 ਤੋਂ ਸ਼੍ਰੀ ਰਾਮ ਜਨਮ-ਭੂਮੀ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ
ਬਾਅਦ ਵਿੱਚ ਅੰਦੋਲਨ ਦੇ "ਚੌਥੇ ਥੰਮ੍ਹ" ਵਜੋਂ ਮਸ਼ਹੂਰ ਹੋਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਹੰਤ ਜੀ ਦੇ ਜੀਵਨ ਭਰ ਦੀ ਸੰਘਰਸ਼ ਤੋਂ ਚੰਗੀ ਤਰ੍ਹਾਂ ਜਾਣੂ ਹਨ, ਉਨ੍ਹਾਂ ਨੇ ਸੰਘ ਦੇ
ਕਾਰ ਸੇਵਕ ਵਜੋਂ ਮਹੰਤ ਜੀ ਦੀ ਛੋਟੀ ਛਾਉਣੀ ਵਿੱਚ ਰਹਿ ਕੇ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਫਿਰ
ਪ੍ਰਧਾਨ ਮੰਤਰੀ ਦੇ ਰੂਪ ਵਿਚ ਨਵ ਨਿਰਮਾਣ ਸ੍ਰੀ ਰਾਮ ਮੰਦਰ ਵਿਚ ਪਿਛਲੇ ਸਾਲ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ
ਇਤਿਹਾਸਕ ਸੁਭਾਗ ਪ੍ਰਾਪਤ ਕੀਤਾ।
16ਵੀਂ ਸਦੀ ਵਿੱਚ, ਇਬਰਾਹੀਮ ਲੋਧੀ ਨੂੰ ਹਰਾਉਣ ਅਤੇ ਭਾਰਤ ਵਿੱਚ ਮੁਗ਼ਲ ਸਾਮਰਾਜ ਦੀ ਸਥਾਪਨਾ ਕਰਨ ਤੋਂ
ਬਾਅਦ, ਮੁਗ਼ਲ ਸਮਰਾਟ ਮੀਰ ਬਾਬਰ ਨੇ ਸ਼੍ਰੀ ਰਾਮ ਜਨਮ ਭੂਮੀ ਦੇ ਮੰਦਰ ਸਮੇਤ ਕਈ ਹਿੰਦੂ ਮੰਦਰਾਂ ਨੂੰ ਢਾਹ ਦਿੱਤਾ ਸੀ
ਅਤੇ ਉਨ੍ਹਾਂ ਦੀ ਥਾਂ ਮਸਜਿਦਾਂ ਬਣਾ ਦਿੱਤੀਆਂ ਸਨ। ਬਾਬਰ ਨੇ ਆਪਣੇ ਜਰਨੈਲ, ਮੀਰ ਬਾਕੀ ਤੋਂ ਸ਼੍ਰੀ ਰਾਮ ਮੰਦਰ ਨੂੰ ਢਾਹ
ਕੇ 1526 ਵਿੱਚ ਬਾਬਰੀ ਮਸਜਿਦ ਦਾ ਨਿਰਮਾਣ ਕਰਵਾਇਆ।
ਸ਼੍ਰੀ ਰਾਮ ਜਨਮ ਭੂਮੀ ਵਿਖੇ ਮੰਦਰ ਦਾ ਪੁਨਰ ਨਿਰਮਾਣ ਲੱਖਾਂ ਰਾਮ ਭਗਤਾਂ ਅਤੇ ਭਾਰਤੀਆਂ ਲਈ ਧਾਰਮਿਕ ਆਸਥਾ
ਅਤੇ ਰਾਸ਼ਟਰੀ ਸੰਕਲਪ ਦਾ ਮਾਮਲਾ ਸੀ, ਜਿਸ ਦੇ ਲਈ ਉਹ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਸਨ।
ਇਸ ਉਦੇਸ਼ ਨਾਲ ਇੱਕ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਜਦੋਂ ਪਰਮ ਹੰਸ ਰਾਮਚੰਦਰ ਦਾਸ ਨੇ "ਜੇਕਰ ਤਾਲਾ ਨਾ
ਖੋਲ੍ਹਿਆ ਗਿਆ, ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗਾ ਦਾ ਐਲਾਨ ਕੀਤਾ, ਉਸ ਵਕਤ ਤਕ "ਮਹੰਤ ਨ੍ਰਿਤਿਆ ਗੋਪਾਲ ਦਾਸ ਜੀ
ਅੰਦੋਲਨ ਦੇ ਰੂਹ ਰਵਾਂ ਬਣ ਗਏ ਸਨ। ਉਨ੍ਹਾਂ ਨੇ ਜਨਵਰੀ 1989 ਵਿੱਚ ਪ੍ਰਯਾਗ ਮਹਾ ਕੁੰਭ ਵਿਖੇ ਆਯੋਜਿਤ ਤੀਜੀ ਧਰਮ
ਸੰਸਦ ਵਿੱਚ ਸ਼ਿਲਾ ਪੂਜਣ ਅਤੇ ਸਿਲਾ -ਨਿਆਸ ਦੀ ਰਸਮ ਵਿੱਚ ਵੀ ਕੇਂਦਰੀ ਭੂਮਿਕਾ ਨਿਭਾਈ।
1990 ਦੇ ਦਹਾਕੇ ਦੌਰਾਨ, ਰਾਮ ਜਨਮ ਭੂਮੀ ਮੁਕਤੀ ਅੰਦੋਲਨ ਦੇ ਇੱਕ ਮੁੱਖ ਥੰਮ੍ਹ ਵਜੋਂ ਗੋਰਖ ਨਾਥ ਮੱਠ ਦੇ ਮੁਖੀ ਅਤੇ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਧਿਆਤਮਿਕ ਗੁਰੂ ਮਹੰਤ ਅਵੈਦਿਆ ਨਾਥ ਜੀ ਨੇ ਵੀ ਰਾਮ ਮੰਦਰ ਪ੍ਰਤੀ
ਆਪਣੀ ਅਟੁੱਟ ਸ਼ਰਧਾ ਅਤੇ ਅਗਵਾਈ ਰਾਹੀਂ ਅੰਦੋਲਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਸ ਵਿਚ ਵੀ, ਮਹੰਤ ਜੀ ਅੰਦੋਲਨ
ਲਈ ਉਨ੍ਹਾਂ ਨਾਲ ਕੰਮ ਕਰਦੇ ਰਹੇ। 1990 ਦੀ ਕਾਰ ਸੇਵਾ ਦੌਰਾਨ, ਉਨ੍ਹਾਂ ਨੇ ਅਯੁੱਧਿਆ ਆਏ ਹਜ਼ਾਰਾਂ ਕਾਰ ਸੇਵਕਾਂ ਦਾ
ਮਾਰਗ ਦਰਸ਼ਨ ਅਤੇ ਅਗਵਾਈ ਕਰਦਿਆਂ ਲੀਡਰਸ਼ਿਪ ਕਵਾਲਿਟੀ ਦਾ ਸਬੂਤ ਦਿੱਤਾ।
6 ਦਸੰਬਰ, 1992, ਉਹ ਇਤਿਹਾਸਕ ਦਿਨ ਸੀ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਿੱਚ ਕਾਰ ਸੇਵਕਾਂ ਨੇ
ਬਾਬਰੀ ਮਸਜਿਦ ਨੂੰ ਢਾਹ ਦਿੱਤਾ। ਕਈ ਮੁਸ਼ਕਲਾਂ ਦੇ ਬਾਵਜੂਦ, ਮਹੰਤ ਜੀ ਅਡੋਲ ਰਹੇ। 2002 ਵਿੱਚ, ਉਨ੍ਹਾਂ
"ਚੇਤਵਾਨੀ ਸਾਧੂ ਯਾਤਰਾ" ਅਤੇ ਦਿੱਲੀ ਸੱਤਿਆਗ੍ਰਹਿ ਵਿੱਚ ਮੋਹਰੀ ਭੂਮਿਕਾ ਨਿਭਾਈ। 2001 ਵਿੱਚ, ਸਰਯੂ ਨਦੀ ਵਿੱਚ
ਇਸ਼ਨਾਨ ਕਰ ਕੇ ਵਾਪਸ ਆਹਰੇ ਸਨ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਦੇਸੀ ਬੰਬ ਨਾਲ ਹਮਲਾ ਕਰ
ਦਿੱਤਾ, ਜਿਸ ਵਿੱਚ ਉਹ ਜ਼ਖ਼ਮੀ ਵੀ ਹੋਏ।
ਮਹੰਤ ਪਰਮ ਹੰਸ ਰਾਮਚੰਦਰ ਦਾਸ ਦੀ 1 ਅਗਸਤ, 2003 ਨੂੰ ਮੌਤ ਤੋਂ ਬਾਅਦ, ਸ਼੍ਰੀ ਨ੍ਰਿਤਿਆ ਗੋਪਾਲ ਦਾਸ ਨੇ ਰਾਮ
ਜਨਮ-ਭੂਮੀ ਮੁਕਤੀ ਅੰਦੋਲਨ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਅਦਾਲਤਾਂ ਤੋਂ ਲੈ ਕੇ ਗਲੀਆਂ ਤੱਕ ਮੰਦਰ ਦੇ ਤੇਜ਼ੀ ਨਾਲ
ਨਿਰਮਾਣ ਲਈ ਸੰਘਰਸ਼ ਜਾਰੀ ਰੱਖਿਆ। ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਸਰਕਾਰਾਂ ਵੱਲੋਂ ਦਿੱਤੀਆਂ ਗਈਆਂ
ਚੁਨੌਤੀਆਂ ਦੇ ਬਾਵਜੂਦ, ਉਹ ਅਡੋਲ ਰਹੇ। ਉਨ੍ਹਾਂ ਤੇ ਰਾਮ ਭਗਤਾਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਦੇ ਨਤੀਜੇ ਵਜੋਂ, 9
ਨਵੰਬਰ, 2019 ਨੂੰ, ਸੁਪਰੀਮ ਕੋਰਟ ਨੇ ਸ਼੍ਰੀ ਰਾਮ ਮੰਦਰ ਦੇ ਹੱਕ ਵਿੱਚ ਇੱਕ ਇਤਿਹਾਸਕ ਫ਼ੈਸਲਾ ਸੁਣਾਇਆ। ਇਸ ਤੋਂ
ਬਾਅਦ, ਉਨ੍ਹਾਂ ਨੂੰ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਸ਼੍ਰੀ ਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਦਾ ਸਰਬਸੰਮਤੀ
ਨਾਲ ਪ੍ਰਧਾਨ ਚੁਣਿਆ ਗਿਆ।
ਆਪਣੀ ਰਾਜਨੀਤਿਕ ਨਿਰਲੇਪਤਾ ਦੇ ਬਾਵਜੂਦ, ਉਨ੍ਹਾਂ ਨੇ ਰਾਮ ਲੱਲਾ ਲਈ ਇੱਕ ਸ਼ਾਨਦਾਰ ਮੰਦਰ ਬਣਾਉਣ ਦਾ ਸੁਪਨਾ
ਪੂਰਾ ਕੀਤਾ। 22 ਜਨਵਰੀ, 2024 ਨੂੰ, ਉਨ੍ਹਾਂ ਨੇ ਸ਼੍ਰੀ ਰਾਮ ਲੱਲਾ ਦੇ ਪਵਿੱਤਰ ਅਭਿਸ਼ੇਕ ਦੀ ਇਤਿਹਾਸਕ ਰਸਮ
ਨਿਭਾਈ। ਇਹ ਉਹ ਪਲ ਸੀ ਜਦੋਂ ਨਾ ਸਿਰਫ਼ ਪੂਰਾ ਭਾਰਤ ਸਗੋਂ ਪੂਰੀ ਦੁਨੀਆ ਦਾ ਹਿੰਦੂ ਭਾਈਚਾਰਾ ਉਤਸ਼ਾਹ ਨਾਲ ਭਰ
ਗਿਆ ਸੀ। ਅੱਜ, ਅਯੁੱਧਿਆ ਸਿਰਫ਼ ਇੱਕ ਨਗਰ ਨਹੀਂ ਹੈ, ਸਗੋਂ ਭਾਰਤ ਦੇ ਸਦੀਵੀ ਹੋਂਦ, ਸੰਘਰਸ਼ ਅਤੇ ਰਾਸ਼ਟਰੀ ਗੌਰਵ
ਦਾ ਇੱਕ ਜਿਉਂਦਾ ਜਾਗਦਾ ਪ੍ਰਮਾਣ ਹੈ।
ਮਹੰਤ ਜੀ ਦੇ ਜੀਵਨ ਸੰਘਰਸ਼ ਨੂੰ ਵੇਖਦੇ ਹੋਏ, ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਉਹ "ਮੀਰੀ-ਪੀਰੀ"
ਅਤੇ "ਸੰਤ-ਸਿਪਾਹੀ" ਦੀ ਸਿੱਖ ਪਰੰਪਰਾ ਦਾ ਇੱਕ ਜੀਵਤ ਰੂਪ ਹਨ। ਉਹ ਸ਼ਰਧਾ, ਸੇਵਾ, ਲੰਗਰ-ਭੰਡਾਰੇ ਦੀ ਪਰੰਪਰਾ
ਅਤੇ ਸਮਾਜ ਸੇਵਾ ਦਾ ਇੱਕ ਸ਼ਾਨਦਾਰ ਮਿਸ਼ਰਣ ਦਰਸਾਉਂਦੇ ਹਨ। ਪ੍ਰਯਾਗਰਾਜ ਵਿੱਚ ਬਾਬਾ ਮਣੀ ਰਾਮਦਾਸ ਛਾਉਣੀ
ਸੇਵਾ ਖ਼ਾਲਸਾ ਆਸ਼ਰਮ ਦੁਆਰਾ ਆਯੋਜਿਤ ਵਿਸ਼ਾਲ ਲੰਗਰ-ਭੰਡਾਰਾ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ
ਸੂਚੀਬੱਧ ਹੈ, ਜਿੱਥੇ ਅੰਨਪੂਰਨਾ ਪ੍ਰਸਾਦਿ ਸਾਲ ਵਿੱਚ 365 ਦਿਨ ਲੋਕਾਂ ਨੂੰ ਉਪਲਬਧ ਕਰਵਾਈ ਜਾਂਦੀ ਹੈ।
ਅਯੁੱਧਿਆ ਪੰਚਨੀ ਦਿਗੰਬਰ ਅਖਾੜੇ ਦਾ ਕੇਂਦਰ ਅਤੇ ਬੈਰਾਗੀ ਵੈਸ਼ਨੋ ਸਾਧੂਆਂ ਲਈ ਇੱਕ ਪਵਿੱਤਰ ਅਧਿਆਤਮਿਕ
ਕੇਂਦਰ ਹੈ। ਅੱਜ ਵੀ, ਹਜ਼ਾਰਾਂ ਤਿਆਗੀ ਸੰਤ ਸ਼੍ਰੀ ਬਾਬਾ ਮਣੀ ਰਾਮਦਾਸ ਦੀ ਛਾਉਣੀ ਵਿੱਚ ਭਜਨ ਅਤੇ ਤਪੱਸਿਆ ਕਰਦੇ
ਹਨ। ਬਾਬਾ ਮਣੀ ਰਾਮਦਾਸ ਛਾਉਣੀ ਦੇ ਚੇਲੇ ਪੂਰੇ ਭਾਰਤ ਵਿੱਚ ਗਊ ਸੇਵਾ, ਸੰਤ ਸੇਵਾ, ਬ੍ਰਾਹਮਣ ਸੇਵਾ ਅਤੇ ਕਈ
ਆਸ਼ਰਮਾਂ ਵਿੱਚ ਲੋਕ ਭਲਾਈ ਕੰਮਾਂ ਤੇ ਆਪਣੇ ਸੇਵਾ ਪ੍ਰੋਜੈਕਟਾਂ ਲਈ ਜਾਣੇ ਜਾਂਦੇ ਹਨ। ਅੱਜ ਵੀ, ਪੂਜਯ ਮਹਾਰਾਜ ਜੀ ਦੇ
ਕਰੋੜਾਂ ਚੇਲੇ ਸਾਧੂਆਂ ਅਤੇ ਸੇਵਕਾਂ ਵਜੋਂ ਆਪਣਾ ਜੀਵਨ ਲੋਕ ਭਲਾਈ ਦੀ ਭਾਵਨਾ ਨਾਲ ਧਰਮ ਦਾ ਪ੍ਰਚਾਰ, ਸੇਵਾ, ਪੂਜਾ
ਅਤੇ ਤਪੱਸਿਆ ਦੁਆਰਾ ਆਪਣੇ ਗੁਰੂ ਮਹਾਰਾਜ ਦੀ ਪ੍ਰਸਿੱਧੀ ਵਧਾ ਰਹੇ ਹਨ। ਅੱਜ, ਗੁਰੂ-ਚੇਲਾ ਪਰੰਪਰਾ ਵਿੱਚ, ਛਾਉਣੀ
ਦਾ ਚੇਲਾ ਸਮੂਹ ਨੂੰ ਸਾਰੇ ਸੰਪਰਦਾਵਾਂ ਵਿੱਚ ਪ੍ਰਸਿੱਧੀ ਹਾਸਲ ਹੈ।
ਅਯੁੱਧਿਆ ਵਿੱਚ ਬਾਬਾ ਮਣੀ ਰਾਮਦਾਸ ਛਾਉਣੀ ਸੇਵਾ ਟਰੱਸਟ ਮੁੱਖ ਕੇਂਦਰ ਤੋਂ ਇਲਾਵਾ ਚਾਰ ਧਾਮ ਮੰਦਿਰ, ਸ੍ਰੀਮਦ
ਵਾਲਮੀਕਿ ਰਾਮਾਇਣ ਭਵਨ, ਸਰਵਭੂਮ ਸੰਸਕ੍ਰਿਤ ਵਿਦਿਆਲਿਆ ਅਤੇ ਹੋਸਟਲ, ਦੀਨਬੰਧੂ ਨੇਤਰਾਲਿਆ ਸੇਵਾ ਟਰੱਸਟ,
ਬਾਬਾ ਮਣੀ ਰਾਮਦਾਸ ਸੇਵਾ ਟਰੱਸਟ ਹਸਪਤਾਲ, ਬਾਬਾ ਮਨੀ ਰਾਮਦਾਸ ਗਊਸ਼ਾਲਾ, ਗਊ ਸੇਵਾ, ਸੰਤ ਸੇਵਾ, ਬ੍ਰਾਹਮਣ
ਸੇਵਾ ਅਤੇ ਲੋਕ ਭਲਾਈ ਦੇ ਕਈ ਪ੍ਰੋਜੈਕਟ ਮਹੰਤ ਜੀ ਮਹਾਰਾਜ ਦੀ ਅਗਵਾਈ ਹੇਠ ਨਿਰੰਤਰ ਚੱਲ ਰਹੇ ਹਨ। ਇਸ ਲਈ
ਮਹੰਤ ਜੀ ਨੂੰ ਗਊ-ਸੇਵਕ, ਸੰਤ ਸੇਵਕ, ਬ੍ਰਾਹਮਣ ਸੇਵਕ, ਸਤਿਕਾਰਤ ਵੈਸ਼ਨਵ, ਕੁਲਭੂਸ਼ਣ, ਪੂਰਨ ਸੰਤ ਅਤੇ ਸ਼੍ਰੀ ਸ਼੍ਰੀ
1008 ਸ਼੍ਰੀ ਮਹੰਤ ਨ੍ਰਿਤਿਆ ਗੋਪਾਲ ਦਾਸ ਮਹਾਰਾਜ ਦੇ ਰੂਪ ਵਿੱਚ ਸਤਿਕਾਰੇ ਜਾਂਦੇ ਹਨ।
ਮਹੰਤ ਜੀ ਸ਼ਾਨ ਹਿੰਦ ਹਨ, ਇਸ ਲਈ ਉਨ੍ਹਾਂ ਨੂੰ "ਫ਼ਖਰ-ਏ-ਹਿੰਦ" ਕਹਿਣਾ ਉਚਿਤ ਹੈ। ਰਾਜਨੀਤੀ ਤੋਂ ਨਿਰਲੇਪ ਇੱਕ
ਧਾਰਮਿਕ ਸ਼ਖ਼ਸੀਅਤ, ਸ਼੍ਰੀ ਰਾਮ ਮੰਦਰ ਪੁਨਰ ਨਿਰਮਾਣ ਅਤੇ ਮਥੁਰਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਦੇ ਮੁਖੀ ਵਜੋਂ
ਧਰਮ, ਸਮਾਜ ਅਤੇ ਦੇਸ਼ ਲਈ ਉਨ੍ਹਾਂ ਦੇ ਅਨਮੋਲ ਯੋਗਦਾਨ ਅਤੇ ਜੀਵਨ ਭਰ ਕੀਤੇ ਗਏ ਸੰਘਰਸ਼ ਲਈ ਭਾਰਤ ਦੇ ਸਭ
ਤੋਂ ਉੱਚ ਨਾਗਰਿਕ ਸਨਮਾਨ, ’ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਹ ਸੱਚਮੁੱਚ ਇਸ
ਸਨਮਾਨ ਦੇ ਹੱਕਦਾਰ ਹਨ। ਕਰੋੜਾਂ ਦੇਸ਼ ਵਾਸੀ ਅਤੇ ਸਮੁੱਚਾ ਹਿੰਦੂ ਭਾਈਚਾਰਾ ਸ਼ਿੱਦਤ ਨਾਲ ਇਹ ਭਾਵਨਾ ਰੱਖਦਾ
ਕਰਦਾ ਹੈ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇਸ ਮਹਾ ਨਾਇਕ ਅਤੇ ਯੁੱਗ-ਪੁਰਸ਼ ਸ਼੍ਰੀ
ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਮਹਾਰਾਜ ਲਈ ਮਾਣਯੋਗ ਰਾਸ਼ਟਰਪਤੀ ਨੂੰ ਭਾਰਤ ਰਤਨ ਦੀ ਸਿਫ਼ਾਰਸ਼ ਕਰਨੀ
ਚਾਹੀਦੀ ਹੈ।
(ਪ੍ਰੋ. ਸਰਚਾਂਦ ਸਿੰਘ ਖਿਆਲਾ)
ਫ਼ੋਨ- 9781355522
