ਟਾਪਪੰਜਾਬ

ਸਾਂਝੇ ਪੰਜਾਬ ਦੀ ਧੀ ਸੁਰਿੰਦਰ ਕੌਰ ਨੂੰ ਯਾਦ ਕਰਦਿਆਂ -ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ

ਸਦਾਬਹਾਰ ਗਾਇਕਾ ਸੁਰਿੰਦਰ ਕੌਰ 25 ਨਵੰਬਰ 1929 ਨੂੰ ਸਾਂਝੇ ਪੰਜਾਬ ਦੇ ਲਾਹੌਰ ਚ ਜਨਮੀ ਸੀ। ਉਹਨਾਂ ਦੇ ਪਿਤਾ ਦਾ ਨਾਮ ਬਿਸ਼ਨ ਦਾਸ ਅਤੇ ਮਾਤਾ ਦਾ ਨਾਮ ਮਾਇਆ ਦੇਵੀ ਸੀ। ਇਹਨਾਂ ਦੀਆਂ ਪੰਜ ਭੈਣਾਂ ਸਨ, ਨਰਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਪ੍ਰਕਾਸ਼ ਕੌਰ।ਸੁਰਿੰਦਰ ਕੌਰ ਨੇ ਮੁੱਢਲੀ ਸਿੱਖਿਆ ਲਾਹੌਰ ਲਾਗੇ ਦਬੁਰਜੀ ਸਕੂਲ ਤੋਂ ਪ੍ਰਾਪਤ ਕੀਤੀ ਸੀ। ਉਹਨਾਂ ਨੇ ਆਪਣੀ ਸੰਗੀਤਕ ਤਾਲੀਮ ਅਨਾਇਤ ਹੁਸੈਨ ਅਤੇ ਪੰਡਿਤ ਮਨੀ ਪ੍ਰਸ਼ਾਦ ਤੋਂ ਪ੍ਰਾਪਤ ਕੀਤੀ ਸੀ। ਸਭ ਤੋਂ ਪਹਿਲੀ ਵਾਰ ਉਹਨਾਂ ਦੀ ਪਛਾਣ ਲਾਹੌਰ ਰੇਡੀਓ ਤੋਂ ਬਣੀ। ਲਾਹੌਰ ਰੇਡੀਓ ਤੇ 1943 ਵਿੱਚ ਉਨਾਂ ਨੇ ਆਪਣਾ ਗੀਤ ਪੇਸ਼ ਕੀਤਾ, “ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਂਏ”ਇਸ ਨਾਲ ਉਹਨਾਂ ਦੀ ਸਿਰੇ ਤੱਕ ਪਹਿਚਾਣ ਬਣ ਗਈ। ਇਸ ਗੀਤ ਤੋਂ ਖੁਸ਼ ਹੋ ਕੇ  ਐਚਐਮਬੀ ਕੰਪਨੀ ਨੇ ਇਹ ਗੀਤ ਰਿਕਾਰਡ ਕੀਤਾ ਸੀ ।ਬਸ ਫਿਰ ਚੱਲ ਸੋ ਚੱਲ।ਸੱਭਿਆਚਾਰ ਨੂੰ ਨਾਲ ਹੀ ਲੈ ਕੇ ਜਨਮੀ ਸੁਰਿੰਦਰ ਕੌਰ ਨੇ ਸੁਥਰੀ ਗਾਇਕੀ ਨੂੰ ਸਾਂਭ-ਸਾਂਭ ਰੱਖਿਆ ਹੋਇਆ ਸੀ। ਕਾਰਲ ਮਾਰਕਸ ਨੇ ਕਿਸੇ ਸਮੇਂ ਕਿਹਾ ਸੀ ਕਿ,” ਮੈਨੂੰ ਆਪਣੀ ਪੀੜੀ ਦੇ ਪੰਜ ਗਾਣੇ ਸੁਣਾ ਦਿਓ, ਮੈਂ ਤੁਹਾਡੀ ਪੀੜੀ ਦਾ ਭਵਿੱਖ ਦੱਸ ਦਿਆਂਗਾ” ਇਸੇ ਤਰਜ਼ ਤੇ ਸੁਰਿੰਦਰ ਕੌਰ ਨੇ ਸੱਭਿਆਚਾਰਕ  ਗੀਤ ਗਾਏ। ਉਹਨਾਂ ਨੇ ਸਾਰੀ ਗਾਇਕੀ ਲੱਚਰਤਾ ਤੋਂ ਦੂਰ ਰੱਖੀ।
1947 ਨੂੰ ਬਟਵਾਰੇ ਦੇ ਸੇਕ ਤੋਂ ਬਾਅਦ ਸੁਰਿੰਦਰ ਕੌਰ ਦਿੱਲੀ ਲਾਗੇ ਗਾਜੀਆਬਾਦ ਵਿੱਚ ਆ ਕੇ ਵਸ ਗਈ।ਇਸੇ ਸਮੇਂ ਦੌਰਾਨ ਉਨਾਂ ਦਾ ਵਿਆਹ ਸਾਇਕਾਲੋਜੀ ਦੇ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਨਾਲ ਹੋਇਆ। 1948 ਤੋਂ 1952 ਤੱਕ ਬਾਲੀਵੁੱਡ ਵਿੱਚ ਛਾਈ ਰਹੀ। ਉਨਾਂ ਨੇ 2000 ਤੋਂ ਵੱਧ ਗੀਤ ਗਾਏ। ਖਾਸ ਤੌਰ ਤੇ ਉਹਨਾਂ ਨੇ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਅਤੇ ਨੰਦ ਲਾਲ ਨੂਰਪੁਰੀ ਨੂੰ ਗਾਇਆ। ਇੱਕ ਵਾਰ ਕਿਸਾਨੀ ਅੰਦੋਲਨ ਸਮੇਂ ਉਹਨਾਂ ਦੀ ਧੀ ਡੋਲੀ ਗੁਲੇਰੀਆ ਨੇ ਦਰਦ ਉਛਾਲਿਆ ਸੀ,ਕਿ ਮੇਰੀ ਮਾਂ ਨੂੰ ਪਦਮਸ੍ਰੀ ਦਿਵਾਉਣ ਦੀ ਸਿਫਾਰਿਸ਼ ਹਰਿਆਣਾ ਸਰਕਾਰ ਨੇ ਕੀਤੀ। ਇਸ ਲਈ ਇਸ ਪਰਿਵਾਰ ਨੂੰ ਪੰਜਾਬ ਨਾਲ ਇਹ ਗਿਲਾ ਸ਼ਿਕਵਾ ਰਹੇਗਾ ਹੀ। 1984 ਵਿੱਚ ਉਨਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ ਅਤੇ ਨੈਸ਼ਨਲ ਮਿਊਜ਼ਿਕ ਅਵਾਰਡ ਵੀ ਮਿਲੇ ਸਨ। ਉਹਨਾਂ ਦੀ ਧੀ ਨੇ ਇਹ ਵੀ ਦੱਸਿਆ ਸੀ ਕਿ ਮੇਰੀ ਮਾਤਾ ਸੁਰਿੰਦਰ ਕੌਰ ਦੀ ਪੰਜਾਬ ਵਿੱਚ ਹੀ ਮਰਨ ਦੀ ਇੱਛਾ ਸੀ ਜੋ ਕਿ ਅਧੂਰੀ ਰਹੀ। ਉਹਨਾਂ ਦੀ ਮੌਤ15 ਜੂਨ 2006 ਨੂੰ 77 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਹੋਈ।
ਪੰਜਾਬੀ ਸੱਭਿਆਚਾਰ ਦੀ ਰੂਹ ਉਸ ਦੇ ਅੰਗ ਹੁੰਦੇ ਹਨ,ਜਿਵੇਂ ਕਿ ਢੋਲਾ, ਸੱਸ, ਮਾਹੀਆ, ਚਰਖਾ, ਡੋਲੀ ਅਤੇ ਭਾਬੋ ਆਦਿ। ਇਹਨਾਂ ਨੂੰ ਸੁਰਿੰਦਰ ਕੌਰ ਨੇ ਬਾਖੂਬੀ ਨਿਭਾਇਆ। ਧੀ ਨੂੰ ਦਰਾਂ ਤੋਂ ਤੋਰਨ ਸਮੇਂ ਭਾਵੁਕਤਾ ਦੇ ਪਲਾਂ ਨੂੰ ਸੁਰਿੰਦਰ ਕੌਰ ਨੇ ਇਉਂ ਬਿਆਨਿਆ ਹੈ:- “ਅੱਜ ਦੀ ਦਿਹਾੜੀ ਰੱਖ ਡੋਲੀ ਨੀਂ ਮਾਏ” ਸਾਡੇ ਸਮਾਜ ਵਿੱਚ ਨੂੰਹ-ਸੱਸ ਦਾ ਰਿਸ਼ਤਾ ਕੜਵਾਹਟ ਭਰਿਆ ਪੇਸ਼ ਕੀਤਾ ਜਾਂਦਾ ਹੈ। ਪਰ ਸੁਰਿੰਦਰ ਕੌਰ ਨੇ ਇਸ ਰਿਸ਼ਤੇ ਨੂੰ ਨਵੀਂ ਦਿੱਖ ਦਿੱਤੀ:- “ਮਾਵਾਂ ਲਾਡ ਲਡਾਵਣ ਧੀਆਂ ਵਿਗਾੜ ਨੀਂ,
 ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਨੀਂ” ਇਸ ਸਦਾਬਹਾਰ ਗਾਇਕੀ ਦੀ ਮਲਕਾ ਦੀ ਇੱਕ ਹੋਰ ਵੰਨਗੀ ਸੱਭਿਆਚਾਰ ਨੂੰ ਰੂਪਵਾਨ ਕਰਦੀ ਹੈ,:- “ਡਾਚੀ ਵਾਲਿਆਂ ਮੋੜ ਮੁਹਾਰ ਵੇ ਸੋਹਣੀ ਵਾਲਿਆ ਲੈ ਚੱਲ ਨਾਲ ਵੇ”
ਜਿਵੇਂ ਫੁੱਲ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੁੰਦੀ ਹੈ ਉਸੇ ਤਰ੍ਹਾਂ ਹੀ ਸੁਰਿੰਦਰ ਕੌਰ ਦੀ ਕੀਮਤ ਵੀ ਉਸਦੀ ਸਾਫ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਲਈ ਹੈ। ਇਸੇ ਕਰਕੇ ਇਹ ਸੱਭਿਆਚਾਰਕ ਮਹਿਕ ਦੀ ਮਲਕਾ ਅਤੇ ਸੁਰੀਲੀ ਗਾਇਕੀ ਕਰਕੇ ਪੰਜਾਬ ਦੀ ਕੋਇਲ ਕਹਾਉਂਦੀ ਹੈ। ਗਾਇਕੀ ਦੇ ਸਾਰੇ ਪੱਖ ਸਾਫ ਸੁਥਰੇ ਨਿਭਾਉਣ ਲਈ ਇਹ ਨਾਂ ਕਿਸੇ ਦਾ ਮੁਹਤਾਜ ਨਹੀਂ। ਚੜ੍ਹਦੇ-ਲਹਿੰਦੇ ਪੰਜਾਬ ਦੀ ਗਾਇਕਾ ਅੱਜ ਵੀ ਆਪਣੀ ਗਾਇਕੀ ਕਰਕੇ ਦੋਵਾਂ ਪੰਜਾਬਾਂ ਵਿੱਚ ਮਹਿਕ ਬਿਖੇਰਦੀ ਹੈ। ਸ਼ਾਲਾ! ਕੋਈ ਹੋਰ ਸੁਰਿੰਦਰ ਕੌਰ ਪੈਦਾ ਹੋਵੇ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ
9878111445

Leave a Reply

Your email address will not be published. Required fields are marked *