ਸਿੱਖਾਂ ‘ਤੇ ਵੱਧ ਰਹੇ ਨਸਲੀ ਹਮਲੇ ਚਿੰਤਾਜਨਕ: ਸਿੱਖ ਸੰਸਦ ਮੈਂਬਰਾਂ ਵਲੋਂ ਪੁਲਿਸ ਮੰਤਰੀ ਨਾਲ ਗੰਭੀਰ ਚਰਚਾ
ਲੰਡਨ – ਬਰਤਾਨੀਆ ਵਿੱਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਬੀਤੇ ਦਿਨੀਂ ਬਰਤਾਨੀਆ ਦੀ ਸੰਸਦ ਵਿੱਚ ਸਿੱਖ ਸੰਸਦ ਮੈਂਬਰਾਂ ਅਤੇ ਕਮਿਊਨਿਟੀ ਨੇਤਾਵਾਂ ਨੇ ਪੁਲਿਸ ਮੰਤਰੀ ਸਾਰਾਹ ਜੋਨਸ ਨਾਲ ਮਹੱਤਵਪੂਰਨ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਖ ਵਿਰੋਧੀ ਨਫਰਤੀ ਅਪਰਾਧਾਂ ਦੇ ਤਾਜ਼ਾ ਮਾਮਲਿਆਂ ‘ਤੇ ਚਰਚਾ ਕੀਤੀ ਅਤੇ ਸਰਕਾਰ ਵਲੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਸਿੱਖ ਨੇਤਾਵਾਂ ਨੇ ਮੰਤਰੀ ਨੂੰ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੀਆਂ ਪੰਜ ਨਸਲੀ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚੋਂ ਦੋ ਬਹੁਤ ਹੀ ਘਿਨਾਉਣੀਆਂ ਜਬਰ ਜਨਾਹ ਦੀਆਂ ਘਟਨਾਵਾਂ ਸਨ। ਉਨ੍ਹਾਂ ਕਿਹਾ ਕਿ ਇਹ ਰੁਝਾਨ ਬਹੁਤ ਖਤਰਨਾਕ ਹੈ ਅਤੇ ਜੇਕਰ ਇਸ ‘ਤੇ ਤੁਰੰਤ ਕਾਬੂ ਨਾ ਪਾਇਆ ਗਿਆ ਤਾਂ ਇਸ ਨਾਲ ਸਿੱਖ ਭਾਈਚਾਰੇ ‘ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਸਕਦਾ ਹੈ।
ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੇ ਚੇਅਰਮੈਨ ਜਸਬੀਰ ਸਿੰਘ ਜੱਸ ਅਠਵਾਲ ਨੇ ਜ਼ੋਰ ਦਿੱਤਾ ਕਿ ਸਿਰਫ਼ ਪੁਲਿਸਿੰਗ ਨਾਲ ਇਹ ਸਮੱਸਿਆ ਹੱਲ ਨਹੀਂ ਹੋਵੇਗੀ। ਸਾਨੂੰ ਉਹਨਾਂ ਤਰੀਕਿਆਂ ਨਾਲ ਵੀ ਨਜਿੱਠਣਾ ਪਵੇਗਾ ਜਿਨ੍ਹਾਂ ਰਾਹੀਂ ਸੋਸ਼ਲ ਮੀਡੀਆ ਤੇ ਹੋਰ ਪਲੇਟਫਾਰਮਾਂ ‘ਤੇ ਨਸਲਵਾਦੀ ਗਲਤ ਜਾਣਕਾਰੀ ਅਤੇ ਨਫਰਤ ਨੂੰ ਫੈਲਾਇਆ ਜਾਂਦਾ ਹੈ।
ਬ੍ਰਿਟਿਸ਼ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਮੀਟਿੰਗ ਦੌਰਾਨ ਕਿਹਾ ਕਿ 71 ਫ਼ੀਸਦੀ ਨਸਲੀ ਹਮਲਿਆਂ ਦੇ ਮਾਮਲੇ ਰਿਕਾਰਡ ਕੀਤੇ ਗਏ ਹਨ ਪਰ ਸਿੱਖਾਂ ਵਿਰੁੱਧ ਵਿਸ਼ੇਸ਼ ਅੰਕੜੇ ਸਾਫ਼ ਤੌਰ ‘ਤੇ ਦਰਜ ਨਹੀਂ ਕੀਤੇ ਜਾ ਰਹੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਫਰਤੀ ਅਪਰਾਧਾਂ ਦੇ ਡਾਟੇ ਨੂੰ ਵੱਖਰੇ ਤੌਰ ‘ਤੇ ਇਕੱਠਾ ਕੀਤਾ ਜਾਵੇ ਤਾਂ ਜੋ ਅਸਲ ਤਸਵੀਰ ਸਾਹਮਣੇ ਆ ਸਕੇ।
ਮੀਟਿੰਗ ਦੌਰਾਨ ਤਨਮਨਜੀਤ ਸਿੰਘ ਢੇਸੀ, ਵਰਿੰਦਰ ਸਿੰਘ ਜੱਸ, ਵੈਲੇਰੀ ਵਾਜ਼, ਗੁਰਿੰਦਰ ਸਿੰਘ ਜੋਸਨ, ਹਰਪ੍ਰੀਤ ਕੌਰ ਉੱਪਲ, ਤਾਈਵੋ, ਕਿਰਿਥ ਐਂਟਵਿਸਲ, ਬਾਗੀ ਸ਼ੰਕਰ, ਸੂਰੀਨਾ ਬ੍ਰੈਕਨ ਬ੍ਰਿਜ ਅਤੇ ਵੈਂਡੀ ਮੋਰਟਨ ਸਮੇਤ ਕਈ ਹੋਰ ਸੰਸਦ ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਨੇ ਇਕਸੁਰਤੀ ਨਾਲ ਮੰਗ ਕੀਤੀ ਕਿ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਖਾਸ ਯੋਜਨਾ ਬਣਾਵੇ ਅਤੇ ਪੁਲਿਸ ਨੂੰ ਨਿਰਦੇਸ਼ ਜਾਰੀ ਕਰੇ ਕਿ ਸਿੱਖ ਵਿਰੋਧੀ ਨਫਰਤੀ ਅਪਰਾਧਾਂ ਦੇ ਮਾਮਲਿਆਂ ‘ਚ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇ।
ਸਿੱਖ ਭਾਈਚਾਰੇ ਨੇ ਆਸ ਜਤਾਈ ਕਿ ਇਸ ਮੀਟਿੰਗ ਤੋਂ ਬਾਅਦ ਸਰਕਾਰ ਇਸ ਗੰਭੀਰ ਮਸਲੇ ‘ਤੇ ਜਲਦ ਪ੍ਰਭਾਵਸ਼ਾਲੀ ਕਦਮ ਚੁੱਕੇਗੀ ਤਾਂ ਜੋ ਬਰਤਾਨੀਆ ਵਿੱਚ ਰਹਿੰਦੇ ਸਾਰੇ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਨਮਾਨਤ ਮਹਿਸੂਸ ਕਰ ਸਕਣ।
