ਟਾਪਪੰਜਾਬ

’ਹਿੰਦ ਦੀ ਚਾਦਰ’ ਗੁਰੂ ਤੇਗ਼ ਬਹਾਦਰ ਜੀ : ਸ਼ਹੀਦੀ ਸਰੋਕਾਰ -ਪ੍ਰੋ. ਸਰਚਾਂਦ ਸਿੰਘ ਖਿਆਲਾ

ਸ਼ਹਾਦਤ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ। ਸ਼ਹਾਦਤ ਦਾ ਸਿੱਖ ਸੰਕਲਪ ਉੱਚਤਮ ਅਤੇ ਬੇਮਿਸਾਲ ਹੈ ਸ਼ਹੀਦੀ ਦਾ ਸਬਕ ਗੁਰੂ ਸਾਹਿਬਾਨ ਨੇ ਨਿੱਜੀ ਮਿਸਾਲ ਰਾਹੀਂ ਦ੍ਰਿੜ੍ਹ ਕਰਵਾਇਆ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੁਆਰਾ ਸ਼ਹਾਦਤ ਦੇ ਕੇ ਵਜਾਇਆ ਗਿਆ ਸੰਖਨਾਦ ਕੇਵਲ ਧਰਮ ਲਈ ਹੀ ਨਹੀਂ ਸੁਤੰਤਰਤਾ ਦੇ ਸਰੋਕਾਰਾਂ ਨੂੰ ਪੂਰੀ ਤਰ੍ਹਾਂ ਪਰਨਾਈ ਹੋਈ ਸੀ। ਇਸੇ ਪੰਧ ’ਤੇ ਚੱਲ ਕੇ ਸਿੱਖਾਂ ਨੇ ਅਣਗਿਣਤ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸੇ ਲਈ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ, ਅਸੀਂ ਆਪਣੇ ਸ਼ਹੀਦਾਂ ’ਤੇ ਜਿੰਨਾ ਵੀ ਫ਼ਖਰ ਕਰੀਏ ਥੋੜ੍ਹਾ ਹੈ।
’’ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ’’ ( ਇਕਬਾਲ)

ਸਿੱਖ ਕੌਮ, ਹਿੰਦੂ ਸਮਾਜ, ਪੰਜਾਬ, ਭਾਰਤ ਹੀ ਨਹੀਂ ਸਗੋਂ ਪੂਰੀ ਮਾਨਵਜਾਤੀ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸ਼ਰਧਾ ਪੂਰਵਕ ਮਨਾਉਂਦਿਆਂ ਉਹਨਾਂ ਵੱਲੋਂ ਕੀਤੇ ਗਏ ਪਰਉਪਕਾਰਾਂ ਨੂੰ ਸਿੱਜਦਾ ਕਰ ਰਹੀ ਹੈ। ਇਹ ਸਾਡੇ ਲਈ ਵੱਡੇ ਭਾਗਾਂ ਦੀ ਗੱਲ ਹੈ ਕਿ ਗੁਰੂ ਸਾਹਿਬਾਨਾਂ ਦੀਆਂ ਅਨੇਕਾਂ ਸ਼ਤਾਬਦੀਆਂ ਸਾਡੇ ਜੀਵਨ ਵਿੱਚ ਆਈਆਂ ਹਨ। ਇਹ ਸ਼ਤਾਬਦੀਆਂ ਅਤੇ ਮਹਾਨ ਸ਼ਹੀਦੀ ਸਾਕੇ ਸਾਡੇ ਵਰਗੇ ਦੁਬਿਧਾ ਗ੍ਰਸਤ ਲੋਕਾਂ ਨੂੰ ਦੇਸ਼ ਅਤੇ ਕੌਮ ਪ੍ਰਸਤੀ ਦਾ ਸਬਕ ਦ੍ਰਿੜਾਉਂਦੇ ਹਨ।  ਇਤਿਹਾਸ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹੀ ਜਿਊਂਦੀਆਂ ਰਹਿੰਦੀਆਂ ਹਨ।

ਹਿੰਦੁਸਤਾਨ ਦੀ ਆਜ਼ਾਦੀ ਸੰਘਰਸ਼ ਵਿੱਚ ਆਬਾਦੀ ਪੱਖੋਂ ਦੋ ਫ਼ੀਸਦੀ ਹੋਣ ਦੇ ਬਾਵਜੂਦ 80 ਫ਼ੀਸਦੀ ਸਿੱਖਾਂ ਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਅਸੀਂ ਗ਼ੁਲਾਮੀ ਨਾ ਪਸੰਦ ਕੌਮ ਦੇ ਵਾਰਸ ਹਾਂ। ਕਿਸੇ ਵੀ ਕੌਮ ਦੀਆਂ ਵੱਡੀਆਂ ਕੁਰਬਾਨੀਆਂ ਪਿੱਛੇ ਕੌਮ ਦੀ ਚੇਤਨਾ ਅਤੇ ਅਵਚੇਤਨ ਕਾਰਜਸ਼ੀਲ ਹਨ, ਜੋ ਮਨ ਦੀ ਵਿਸ਼ਾਲ ਸਰ ਜ਼ਮੀਨ ਜਿੱਥੇ ਸਾਡੀਆਂ ਪਰੰਪਰਾਗਤ ਮੂਲ ਪ੍ਰਵਿਰਤੀਆਂ ਦੱਮਿਤ ਇੱਛਾਵਾਂ ਅਤੇ ਸਾਡੇ ਵੱਡਿਆਂ- ਪੂਰਵਜਾਂ ਵੱਲੋਂ ਕੀਤੇ ਗਏ ਕਾਰਨਾਮਿਆਂ ਦੀਆਂ ਯਾਦਾਂ ਆਦਿ ਜਨਮਜਾਤ ਪ੍ਰੇਰਨਾਵਾਂ ਰਿਹਾਇਸ਼ ਰੱਖਦੀਆਂ ਹਨ । ਭਾਵ ਕੌਮੀ ਜਾਂ ਮਾਨਵ ਸਮੂਹ ਦੀ ਉਹ ਸਮਗਰੀ ਹੈ ਜੋ ਵਿਰਸੇ ਵਿੱਚ ਮਿਲੀ ਹੁੰਦੀ ਹੈ ਅਤੇ ਸਾਂਝੀ ਮਾਨਸਿਕਤਾ ਦਾ ਆਧਾਰ ਬਣਦੀ ਹੈ । ਇਹੀ ਕਾਰਨ ਹੈ ਕਿ ਕਿਸੇ ਵੀ ਕੌਮ ਦੇ ਵਜੂਦ ਨੂੰ ਮਿਟਾਉਣ ਲਈ ਹਰ ਕਿਸੇ ਦੁਸ਼ਮਣ ਦੀ ਅੱਖ ਅਤੇ ਸੋਚ ਹਮੇਸ਼ਾ ’ਇਹਨਾਂ’ ਨੂੰ ਮਿਟਾਉਣ ’ਤੇ ਟਿਕੀ ਹੁੰਦੀ ਹੈ।

ਭਾਰਤ ਵਿੱਚ ਇਸਲਾਮ ਤਲਵਾਰ ਦੇ ਜ਼ੋਰ ਉੱਤੇ ਫੈਲਾਇਆ ਗਿਆ
ਸਾਲ ਪਹਿਲਾਂ ਕਸ਼ਮੀਰੀ ਨੇਤਾ ਗ਼ੁਲਾਮ ਨਬੀ ਆਜ਼ਾਦ ਵੱਲੋਂ ਕੀਤਾ ਗਿਆ ਇਹ ਪ੍ਰਗਟਾਵਾ ਮੈਨੂੰ ਅੱਜ ਵੀ ਯਾਦ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ, ” ਸਾਡੇ ਪੁਰਖੇ ਤੇ ਭਾਰਤੀ ਮੁਸਲਮਾਨ ਪਹਿਲੇ ਹਿੰਦੂ ਹੀ ਸਨ… ਕਸ਼ਮੀਰ ਇਸ ਦੀ ਮਿਸਾਲ ਹੈ। ਕੋਈ 600 ਸਾਲ ਪਹਿਲਾਂ ਕਸ਼ਮੀਰ ਵਿੱਚ ਮੁਸਲਮਾਨ ਕੌਣ ਸਨ, ਸਾਰੇ ਪੰਡਿਤ ਸਨ” ਬੇਸ਼ੱਕ ਕੁਝ ਦਿਨਾਂ ਬਾਅਦ ਇਸਲਾਮ ਜਗਤ ਵੱਲੋਂ ਕੀਤੀ ਗਈ ਆਲੋਚਨਾ ਦੇ ਕਾਰਨ ਉਹਨਾਂ ਨੂੰ ਆਪਣੀ ਸਫ਼ਾਈ ਵੀ ਦੇਣੇ ਪਈ ਅਤੇ ਇਸਲਾਮ ਮੁਹੱਬਤ ਦੇ ਪੈਗ਼ਾਮ ਜਰੀਏ ਭਾਰਤ ਵਿੱਚ ਫੈਲਿਆ ਕਹਿ ਕੇ ਸਚਾਈ ਉੱਤੇ ਪਰਦਾ ਪਾਉਣ ਦੀ ਉਹਨਾਂ ਕੋਸ਼ਿਸ਼ਾਂ ਵੀ ਕੀਤੀ। ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਸ ਪਹਿਲੂ ਬਾਰੇ ਗਵਾਹ ਹਨ।
ਭਾਵੇਂ ਕਿ ਇਸਲਾਮ ਦਾ ਅਰਥ ’ਸ਼ਾਂਤੀ ਦਾ ਧਰਮ’ ਹੈ । ਪਰ ਸੰਸਾਰ ਦੀ ਕੋਈ ਵੀ ਸਭਿਅਕ ਜਾਤੀ ਇਸਲਾਮ ਦੇ ਇਤਿਹਾਸ ਦਾ ਉਨ੍ਹੀਂ ਵਾਕਫ਼ ਨਹੀਂ ਜਿੰਨਾ ਹਿੰਦੁਸਤਾਨ । ਭਾਰਤ ਵਿੱਚ ਮੁਸਲਮਾਨ ਹਾਕਮਾਂ ਦਾ ਅੱਤਿਆਚਾਰ ਇਨ੍ਹਾਂ ਭਿਆਨਕ ਰਿਹਾ ਕਿ ਸਮੁੱਚੇ ਸੰਸਾਰ ਦੇ ਇਤਿਹਾਸ ਵਿੱਚ ਉਸ ਦਾ ਕੋਈ ਸਾਨੀ ਨਹੀਂ। ਵਿਸ਼ਵ ਜਾਣਦਾ ਹੈ ਕਿ ਭਾਰਤ ਪ੍ਰਾਚੀਨ ਜਗਤ ਵਿੱਚ ਸਭਿਅਤਾ ਦਾ ਗੁਰੂ ਸੀ। ਇਸਲਾਮ ਦੀ ਚੜ੍ਹਤ ਤੋਂ ਪਹਿਲਾਂ ਅਰਬ ਅਤੇ ਇਰਾਨ ਦੇ ਲੋਕ ਭਾਰਤ ਦੀ ਸਭਿਅਤਾ ਅਤੇ ਸੱਭਿਆਚਾਰ ਤੋਂ ਖ਼ੂਬ ਵਾਕਫ਼ ਸਨ।

ਭਾਰਤ ’ਚ ਇਸਲਾਮ ਦਾ ਪ੍ਰਵੇਸ਼
ਭਾਰਤੀ ਖੇਤਰ ਵਿੱਚ ਸੱਤਵੀਂ ਸਦੀ ਦੌਰਾਨ ਅਰਬਾਂ ਦੇ ਅਸਫਲ ਹਮਲਿਆਂ ਵੇਲੇ ਅਫ਼ਗ਼ਾਨ ਇੱਕ ਹਿੰਦੂ ਰਾਜ ਸੀ। ਸਿੰਧ ਉੱਤੇ ਅਰਬਾਂ ਨੇ 712 ਈਸਵੀ ਚ ਚੜ੍ਹਾਈ ਕੀਤੀ ਪਰ ਅਸਲ ਤਬਾਹੀ ਮੁਹੰਮਦ ਗ਼ਜ਼ਨਵੀ, ਮੁਹੰਮਦ ਗੌਰੀ ਅਤੇ ਬਾਬਰ ਨੇ ਲਿਆਂਦੀ। ਮਹਿਮੂਦ ਗ਼ਜ਼ਨਵੀ ਵੱਲੋਂ ਭਾਰਤ ਉੱਤੇ 17 ਵਾਰ ਕੀਤੇ ਗਏ ਹਮਲੇ ਪਿੱਛੇ ਉਸ ਦਾ ਮਕਸਦ ਕੇਵਲ ਲੁੱਟਣਾ ਹੀ ਨਹੀਂ ਸੀ, ਉਸ ਦੁਆਰਾ ਸੋਮਨਾਥ ਸਮੇਤ ਅਨੇਕਾਂ ਮੰਦਰਾਂ ਦੀ ਕੀਤੀ ਗਈ ਤਬਾਹੀ ਉਸ ਤੇ ਏਜੰਡੇ ਨੂੰ ਸਪਸ਼ਟ ਕਰਦਾ ਸੀ। ਮੁਹੰਮਦ ਗੌਰੀ ਨੇ 1192 ਵਿੱਚ ਦਿੱਲੀ ਨੂੰ ਜਿੱਤ ਕੇ ਇੱਥੇ ਇਸਲਾਮ ਰਾਜ ਸ਼ਾਹੀ ਦੀ ਸ਼ੁਰੂਆਤ ਕੀਤੀ।
ਅਯੁੱਧਿਆ ਵਿੱਚ ਰਾਮ ਮੰਦਰ ਨੂੰ ਢਾਹ ਕੇ ਬਾਬਰੀ ਮਸਜਿਦ ਉਸਾਰਨ ਵਾਲੇ ਮੁਗ਼ਲ ਮੀਰ ਬਾਬਰ ਨੇ 16ਵੀਂ ਸਦੀ 1526 ਨੂੰ ਇਬਰਾਹੀਮ ਲੋਧੀ ਨੂੰ ਹਾਰ ਦੇ ਕੇ ਦਿੱਲੀ ਉੱਤੇ ਕਬਜ਼ਾ ਕਰਦਿਆਂ ਭਾਰਤ ਵਿੱਚ ਮੁਗ਼ਲ ਰਾਜ ਵੰਸ਼ ਦੀ ਸਥਾਪਨਾ ਕੀਤੀ। ਉਸ ਵਕਤ ਬਾਬਰ ਨੂੰ ਜਾਬਰ ਅਤੇ ਉਸ ਦੇ ਹਮਲਿਆਂ ਦੀ ਭਿਆਨਕਤਾ ਬਾਰੇ ਗੁਰੂ ਨਾਨਕ ਦੇਵ ਜੀ ਨੇ
’’ਖ਼ੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ’’ ਅਤੇ
’’ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥’’
ਕਹਿ ਕੇ ਕੀਤੀ ਗਈ ਬੇਬਾਕ ਆਲੋਚਨਾ ਨੇ ਹੀ ਸਦੀਆਂ ਤੋਂ ਗ਼ੁਲਾਮੀ ਹੰਢਾ ਰਹੇ ਭਾਰਤੀਆਂ ਨੂੰ ਸੁਤੰਤਰਤਾ ਲਈ ਹੋਕਾ ਦਿੱਤਾ। ਇਹ ਉਸੇ ਪਰੰਪਰਾ ਅਤੇ ਵਿਚਾਰਧਾਰਾ ਦਾ ਹੀ ਹਿੱਸਾ ਸੀ, ਜਿਸ ਨੂੰ ਇਸ ਤੋਂ ਪਹਿਲਾਂ ਭਗਤੀ ਲਹਿਰ ਦੇ ਸੰਤਾਂ ਮਹਾਂਪੁਰਸ਼ਾਂ ਨੇ ਭਾਰਤ ਨੂੰ ਵਿਦੇਸ਼ੀਆਂ ਦੀ ਸਦੀਆਂ ਤੋਂ ਜਾਰੀ ਗ਼ੁਲਾਮੀ ਤੋਂ ਨਿਜਾਤ ਦਿਵਾਉਣ ਲਈ ਹਾਕ ਮਾਰੀ ਸੀ। ਸੰਤ ਕਬੀਰ ਜੀ ਦਾ
’’ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’’  ਅਤੇ
ਪੀੜਾ ਰਹਿਤ ਰਾਜ ਪ੍ਰਬੰਧਨ ਦੀ ਇੱਛਾ ਪ੍ਰਤੀ ਭਗਤ ਰਵਿਦਾਸ ਜੀ ਦੇ
’’ਬੇਗਮਪੁਰਾ ਸਹਰ ਕੋ ਨਾਉ॥ ਦੁੱਖ ਅੰਦੋਹੁ ਨਹੀਂ ਤਿਹਿ ਠਾਉ॥
ਨਾ ਤਸਵੀਸ ਖਿਰਾਜੁ ਨਾ ਮਾਲੁ॥ ਖਉਫੁ ਨ ਖਤਾ ਨ ਤਰਸੁ ਜੁਵਾਲੁ॥ ’’ ਨਾਲ ਸਮਝਿਆ ਜਾ ਸਕਦਾ ਹੈ।

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ
ਇਤਿਹਾਸਿਕ ਵਰਤਾਰੇ ਵਜੋਂ ਬਹੁਤਿਆਂ ਨੂੰ ਇਹ ਪਤਾ ਕਿ ਦੀਵਾਨ ਚੰਦੂ ਨੇ ਆਪਣੀ ਧੀ ਦਾ ਰਿਸ਼ਤਾ ਬਾਲ ਗੁਰੂ ਹਰਗੋਬਿੰਦ ਸਾਹਿਬ ਲਈ ਕਬੂਲ ਨਾ ਕਾਰਨ ’ਤੇ ਗੁਰੂ ਅਰਜਨ ਸਾਹਿਬ ਦੇ ਖ਼ਿਲਾਫ਼ ਬਾਦਸ਼ਾਹ ਜਹਾਂਗੀਰ ਨੂੰ ਭੜਕਾਉਣਾ ਕੀਤਾ, ਪਰ ਅਸਲ ਕਾਰਨ ਜਹਾਂਗੀਰ ਨੇ ਜੋ ਆਪਣੀ ਡਾਇਰੀ ਕਮ ਸਵੈਜੀਵਨੀ ’ਤੋਜਿਕਿ ਜਹਾਂਗੀਰ’ ਵਿੱਚ ਸਾਫ ਲਿਖਿਆ ਹੈ। ਉਸ ਸਮੇਂ ਸਿੱਖੀ ਦਾ ਵਧਦਾ ਰਸੂਖ਼ ਜਹਾਂਗੀਰ ਨੂੰ ਨਹੀਂ ਭਾਉਂਦਾ ਸੀ। ਉਸ ਨੇ ਸਿੱਖੀ ਨੂੰ ਇਸਲਾਮ ਧਰਮ ਅਤੇ ਉਸ ਦੀ ਆਪਣੀ ਸਲਤਨਤ ਨੂੰ ਚੈਲੰਜ ਜਾਣਿਆ। ਜਹਾਂਗੀਰ ਇਹ ਵੀ ਚਾਹੁੰਦਾ ਸੀ ਕਿ ਗੁਰੂ ਸਾਹਿਬ ਵੱਲੋਂ ਸੰਪਾਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਨੂੰ ਅਤੇ ਇਸਲਾਮ ਨੂੰ ਅਪਣਾਉਣ ਬਾਰੇ ਲਿਖਿਆ ਜਾਵੇ, ਪਰ ਗੁਰਮਤ ਦਾ ਅਸੂਲ
‘ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ’
’ਤੇ ਟਿਕਿਆ ਹੋਇਆ ਸੀ। ਭਾਵ ਅੱਲਾਹ ਨੂੰ ਯਾਦ ਕੀਤੇ ਬਿਨਾ ਕੋਈ ਵੀ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ ਨਰਕਾਂ ਵਿੱਚ ਪੈਣ ਤੋਂ ਨਹੀਂ ਬਚਾ ਸਕਦਾ ।
ਸੋ ਗੁਰੂ ਅਮਰਦਾਸ ਜੀ ਤੇ ਸਮੇਂ ਸ੍ਰੀ ਗੋਇੰਦਵਾਲ ਤੋਂ ਬੜੀ ਚਲਦੀ ਆ ਰਹੀ ’ਸਿੱਖੀ’ ਨੂੰ ਬੰਦ ਕਰਨ ਲਈ ਹੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰ ਲੈਣ ਲਈ ਦਬਾਅ ਪਾਇਆ ਗਿਆ, ਪ੍ਰੰਤੂ ਗੁਰੂ ਸਾਹਿਬ ਅਡੋਲ ਡਟੇ ਰਹੇ ਅਤੇ ਧਰਮ ਦੇ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ ।
ਇਸ ਤਰ੍ਹਾਂ ’ਬ੍ਰਹਮ ਗਿਆਨੀ ਕੈ ਧੀਰਜ ਏਕ’ ਦੇ ਧਾਰਨੀ ਗੁਰੂ ਅਰਜਨ ਦੇਵ ਜੀ
’’ਤਨ ਮਨ ਕਾਟ ਕਾਟ ਸਭ ਅਰਪੀ ਵਿਚਿ ਅਗਨੀ ਆਪ ਜਲਾਈ || ’’
ਦੇ ਮਹਾਂਵਾਕ ਨੂੰ ਸਿੱਧ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ
’’ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣੁ ਨ ਕੀਜੈ॥ ’’
ਦੇ ਸੰਕਲਪ ਅਤੇ ਧਾਰਮਿਕ ਆਜ਼ਾਦੀ ਲਈ ਸ਼ਹੀਦੀ ਪਰੰਪਰਾ ਨਾਲ ਸਿੱਖਾਂ ਨੂੰ ਪਹਿਲੀ ਵਾਰ ਪਰੀਚਿਤ ਕਰਾਇਆ।

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ
ਮਨੁੱਖੀ ਅਤੇ ਧਰਮ ਦੇ ਇਤਿਹਾਸ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵਿਲੱਖਣ ਸਥਾਨ ਰੱਖਦਾ ਹੈ। ਇਹ ਪਹਿਲੀ ਵਾਰ ਸੀ ਕਿ ਦੂਜੇ ਦੇ ਧਰਮ, ਉਹਨਾਂ ਦੇ ਵਿਸ਼ਵਾਸ ਅਤੇ ਪੂਜਾ ਪੱਧਤੀਆਂ ਦੀ ਰੱਖਿਆ ਲਈ ਕੋਈ ਆਪਣਾ ਸੀਸ ਭੇਟ ਕਰਨ ਲਈ ਖ਼ੁਦ ’ਮਕਤਲ’ ਵਿੱਚ ਜਾਂਦਾ ਹੈ ਅਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਹਨ, ਉੱਥੇ ਹੀ 70 ਸਾਲ ਬਾਦ ਆਪ ਜੀ ਦੇ ਪੋਤਰੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਾਸਾਨੀ ਹੋਣ ਦਾ ਦਰਜਾ ਦਿੱਤਾ। ’’ਤੇਗ਼ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥’’
ਭਾਵ ਜੋ ਗੁਰੂ ਤੇਗ਼ ਬਹਾਦਰ ਜੀ ਨੇ ਕੀਤਾ ਉਹ ਕੋਈ ਵੀ ਨਹੀਂ ਕਰ ਸਕਿਆ ਫਿਰ ਕੀਤਾ ਕੀ?
’’ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥ ’’
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੇ ਲਈ ਅਤੇ ਤਮਾਮ ਉਨਾਂ ਧਰਮਾਂ ਤੇ ਵਿਸ਼ਵਾਸ਼ਾਂ ਲਈ ਜੋ ਭਾਰਤ ਅਤੇ ਵਿਸ਼ਵ ’ਚ ਪ੍ਰਚਲਤ ਸਨ ਦੀ ਸੁਤੰਤਰ ਪਹੁੰਚ ਲਈ ਆਪਣੀ ਸ਼ਹਾਦਤ ਦੇ ਦਿੱਤੀ।

ਔਰੰਗਜ਼ੇਬੀ ਹਕੂਮਤ ਦੇ ਸਮੇਂ ਭਾਰਤ ਦੇ ਹਾਲਾਤ
ਵਕਤ ਦਾ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਇੱਕ ਜ਼ਾਲਮ ਕੱਟੜਪੰਥੀ ਸੀ, ਜੋ ਭਾਰਤ ਵਿੱਚ ਤਲਵਾਰ ਦੀ ਜ਼ੋਰ ਉੱਤੇ ਮੁਸਲਿਮ ਕੱਟੜਪੰਥੀ ਰਾਜ ’ਦਾਰ ਉਲ ਇਸਲਾਮ’ ਨੂੰ ਸਥਾਪਿਤ ਕਰਨਾ ਚਾਹੁੰਦਾ ਸੀ। ਦਿੱਲੀ ਦਾ ਚਾਂਦਨੀ ਚੌਂਕ, ਗੜੀ ਚਮਕੌਰ ਅਤੇ ਸਰਹੰਦ ਦੀਆਂ ਨੀਂਹਾਂ ਉਸ ਦੁਆਰਾ ਵਰਤਾਏ ਗਏ ਕਹਿਰ ਦੇ ਅੱਜ ਵੀ ਗਵਾਹ ਹਨ। ਉਸ ਨੇ ਹਿੰਦੂਆਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਕਰ ਪ੍ਰਤੀ ਮਜਬੂਰ ਕਰਨ ਲਈ ਦਹਿਸ਼ਤ ਅਤੇ ਜ਼ੁਲਮ ਦਾ ਦੌਰ ਚਲਾਇਆ ਸੀ। ਉਸ ਨੇ ਇਸਲਾਮਿਕ ਕੱਟੜਪੰਥੀ ਵਿਚਾਰਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਹਿੰਦੂਆਂ ਅਤੇ ਸਿੱਖਾਂ ਦੇ ਸਰੀਰਕ ਮਾਨਸਿਕ ਧਾਰਮਿਕ ਰਹੁ ਰੀਤਾਂ ਅਤੇ ਜੀਵਨ ਦੀਆਂ ਸਥਿਤੀਆਂ ਨੂੰ ਵੀ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਹਿੰਦੂ ਧਰਮ ਦੇ ਖ਼ਾਤਮੇ ਦਾ ਟੀਚਾ ਮਿੱਥ ਕੇ ਹਿੰਦੂਆਂ ਨੂੰ ਧਰਮ ਛੱਡਣ ਲਈ ਮਜਬੂਰ ਕਰਨ ਲਈ ਉਹਨਾਂ ਦੀ ਆਰਥਿਕ ਲੁੱਟ ਕਰਦਿਆਂ ਧਾਰਮਿਕ ਟੈਕਸ (ਜਜ਼ੀਆ) ਲਗਵਾਇਆ ਗਿਆ। ਇਸ ਤੋਂ ਇਲਾਵਾ ਉਸ ਦੌਰ ’ਚ ਸਭ ਤੋਂ ਪ੍ਰਸਿੱਧ ਹਿੰਦੂ ਤਿਉਹਾਰਾਂ ਦੀਵਾਲੀ ਅਤੇ ਹੋਲੀ ਆਦਿ ਮਨਾਉਣ ਅਤੇ ਹਿੰਦੂਆਂ ਨੂੰ ਘੋੜੇ ’ਤੇ ਚੜ੍ਹਨ ਦੀ ਵੀ ਮਨਾਈ ਕੀਤੀ । ਬਹੁਤ ਸਾਰੇ ਮਹੱਤਵਪੂਰਨ ਹਿੰਦੂ ਮੰਦਰ ਢਾਹ ਕੇ ਮਸਜਿਦਾਂ ਬਣਾਈਆਂ ਗਈਆਂ । ਇਸ ਤਰ੍ਹਾਂ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਭਾਰਤੀ ਇਸਲਾਮੀ ਰਾਜ ਲਈ ਪਹਿਲਾ ਤੇ ਪ੍ਰਮੁੱਖ ਕਾਰਜ ਬਣ ਗਿਆ। ਇਨ੍ਹਾਂ ਅੱਤਿਆਚਾਰਾਂ ਦਾ ਵਿਰੋਧ ਕਰਨ ਦਾ ਮਤਲਬ ਇੱਜ਼ਤ ਅਤੇ ਜਾਨ ਗਵਾਉਣੀ ਸੀ। ਧਰਮ ਪਰਿਵਰਤਨ ਦੀ ਆੜ ’ਚ ਲੱਖਾਂ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਦੀਆਂ ਜਾਇਦਾਦਾਂ ਲੁੱਟ ਲਈਆਂ ਗਈਆਂ ।

ਕਸ਼ਮੀਰ ਦੇ ਹਾਲਾਤ
ਪ੍ਰਮਾਣਿਕ ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦੇ ਸ਼ਾਹੀ ਹੁਕਮ ਤਹਿਤ ਕਸ਼ਮੀਰ ਦੇ ਗਵਰਨਰ ਇਫਤਖਾਰ ਖਾਨ ਵੱਲੋਂ ਕੀਤੇ ਜਾ ਰਹੇ ਜਬਰ ਜ਼ੁਲਮ ਦਾ ਸਾਹਮਣਾ ਕਰਨ ਤੋਂ ਅਸਮਰਥ ਕਸ਼ਮੀਰੀ ਪੰਡਿਤ ਅਨੇਕਾਂ ਰਾਜੇ ਮਹਾਰਾਜਿਆਂ ਅਤੇ ਧਾਰਮਿਕ ਆਗੂਆਂ ਕੋਲ ਆਪਣੇ ਬਚਾਅ ਪ੍ਰਤੀ ਫ਼ਰਿਆਦੀ ਹੋਏ ਪਰ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ, ਫਿਰ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਮਿਲੇ। ਉਹਨਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ’’ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ’’, ਉਸ ਵਕਤ ਨੌਂ ਸਾਲ ਦੇ ਬਾਲ ਗੋਬਿੰਦ ਰਾਏ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਆਪ ਜੀ ਤੋਂ ਬਿਨਾਂ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਇਸ ਤੋਂ ਬਾਅਦ ਗੁਰੂ ਸਾਹਿਬ ਵੱਲੋਂ ਕਸ਼ਮੀਰੀ ਪੰਡਤਾਂ ਦੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ਼ ਬਹਾਦਰ ਨੂੰ ਮੁਸਲਮਾਨ ਬਣਾ ਲੈਣ ਫਿਰ ਅਸੀਂ ਵੀ ਬਣ ਜਾਵਾਂਗੇ। ਇਹ ਸੰਦੇਸ਼ ਪਾ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਗੁਰੂ ਸਾਹਿਬ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਲਾਲਚ, ਧਮਕੀਆਂ ਦੇ ਬਾਵਜੂਦ ਗੁਰੂ ਸਾਹਿਬ ਨੇ ਆਪਣਾ ਧਰਮ ਨਾ ਛੱਡਿਆ ਅਤੇ 11 ਨਵੰਬਰ 1675 ਨੂੰ ਚਾਂਦਨੀ ਚੌਕ ਵਿਖੇ ਸਿਰ ਕਲਮ ਕਰਦਿਆਂ ਸ਼ਹੀਦੀ ਦੇ ਦਿਤੀ।। ਇਸ ਤੋਂ ਪਹਿਲਾਂ ਉਹਨਾਂ ਦੇ ਅਨਿਆਈ ਗੁਰਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਬਾਅ ਬਣਾਉਣ ਅਤੇ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇ-ਰਹਿਮੀ ਨਾਲ ਕਤਲ ਕਰ ਦਿੱਤੇ ਗਏ ਸਨ।।
ਗੁਰੂ ਸਾਹਿਬ ਜੀ ਤੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਗੁਪਤ ਰੂਪ ਵਿੱਚ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ। ਮਨਾਹੀ ਦੇ ਬਾਵਜੂਦ ਗੁਰੂ ਸਾਹਿਬ ਦੇ ਸਰੀਰ ਦਾ ਲੱਖੀ ਸ਼ਾਹ ਵਣਜਾਰਾ ਨੇ ਦਿਲੀ ਵਿਖੇ ਆਪਣੇ ਘਰ ਨੂੰ ਗੁਪਤ ਰੂਪ ਵਿੱਚ ਅਗਨ ਭੇਟ ਕਰਦਿਆਂ ਸਸਕਾਰ ਕੀਤਾ।

ਚਾਂਦਨੀ ਚੌਂਕ ਦਾ ਸ਼ਹੀਦੀ ਪ੍ਰਸੰਗ ਅਤੇ ਖ਼ਾਲਸੇ ਦੀ ਸਿਰਜਣਾ
ਚਾਂਦਨੀ ਚੌਂਕ ਦੇ ਸ਼ਹੀਦੀ ਪ੍ਰਸੰਗ ਨੇ ਮਰ ਚੁੱਕੀਆਂ ਅਨੇਕਾਂ ਰੂਹਾਂ ਨੂੰ ਜਗਾਉਣਾ ਕੀਤਾ। ਜੋ ਅੱਗੇ ਚੱਲ ਕੇ ਸਿੱਖ ਪੰਥ ਦੀ ਤਾਕਤ ਬਣੀ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਕੂਮਤ ਦੇ ਜ਼ੁਲਮ ਖ਼ਿਲਾਫ਼ ਲੋਕਾਂ ਵਿੱਚ ਜਾਗ੍ਰਿਤੀ, ਹਿੰਮਤ, ਦਲੇਰੀ ਅਤੇ ਵਿਸ਼ਵਾਸ ਪੈਦਾ ਕੀਤਾ । ਸ਼ਾਸਤਰ ਦੇ ਨਾਲ ਸ਼ਸਤਰ ਵਿੱਦਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਵੱਲੋਂ ਚਿਤਵੇ ਸਚਿਆਰ ਮਨੁੱਖ ਨੂੰ ਅਮਲੀ ਰੂਪ ਵਿੱਚ ਢਾਲਣ ਅਤੇ ਸ਼ਸਤਰ ਨੂੰ ਮਜ਼ਲੂਮਾਂ ਦੀ ਰੱਖਿਆ ਲਈ ਪੱਕੇ ਤੌਰ ਤੇ ਸਿੱਖਾਂ ਦੇ ਹੱਥਾਂ ਵਿੱਚ ਥਮ੍ਹਾਉਣ ਲਈ ਦਸ ਗੁਰੂ ਸਾਹਿਬਾਨ ਦੇ ਜਾਮੇ ਵਿੱਚ ਢਾਈ ਸਦੀ ਦਾ ਵਕਤ ਲੱਗਿਆ।  ਕੇਸਗੜ੍ਹ ਸਾਹਿਬ ਵਿਖੇ ਜ਼ਬਰ-ਜ਼ੁਲਮ ਖ਼ਿਲਾਫ਼ ਧਰਮ ਤੇ ਸੁਤੰਤਰਤਾ ਦੀ ਲੜਾਈ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699ਦੀ ਵਿਸਾਖੀ ਨੂੰ ਸੰਤ ਅਤੇ ਸਿਪਾਹੀ ਦੇ ਰੂਪ ’ਚ ਖ਼ਾਲਸੇ ਦੀ ਸਿਰਜਣਾ ਕੀਤੀ ਅਤੇ ਭਾਰਤੀ ਲੋਕਾਂ ਅੰਦਰ ਪ੍ਰਭੂ ਭਗਤੀ ਦੇ ਨਾਲ ਵੀਰਤਾ ਤੇ ਸਾਹਸ ਦਾ ਸੰਚਾਰ ਕੀਤਾ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨੋ ਸ਼ੌਕਤ ਨੂੰ ਵੇਖ ਕੇ ਈਰਖਾਲੂ ਲੋਕ ਔਰੰਗਜ਼ੇਬ ਨੂੰ ਸ਼ਿਕਾਇਤਾਂ ਕਰਨ ਲੱਗੇ ਕਿ ਗੁਰੂ ਜੀ ਇਸਲਾਮ ਦਾ ਵੈਰੀ ਹੈ ਬਾਦਸ਼ਾਹੀ ਤਖ਼ਤ ਲਈ ਖ਼ਤਰਾ ਹੈ। ਅਨੰਦਪੁਰ ’ਚ ਉਸੇ ਦੇ ਹਕੂਮਤ ਹੈ। ਤੇਰੇ ਤੋਂ ਉੱਚਾ ਤਖ਼ਤ ਲਾਈ ਬੈਠਾ ਹੈ, ਰਣਜੀਤ ਨਗਾਰਾ ਰੱਖਿਆ ਹੈ। ਅਰਬੀ ਘੋੜੇ ਰੱਖਦਾ, ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਹਨ ਉਹ ਨਿਆਂ ਦਿਵਾਉਂਦਾ ਹੈ।

ਸ੍ਰੀ ਅਨੰਦਪੁਰ ਸਾਹਿਬ ’ਤੇ ਹਮਲਾ
ਫਿਰ ਕੀ ਸੰਮਤ 1761, ਸੰਨ 1704 ਨੂੰ ਮੁਗ਼ਲ ਅਤੇ ਬਾਈ ਧਾਰ ਦੇ ਬੇਗ਼ੈਰਤ ਰਾਜਿਆਂ ਦੀਆਂ ਲੱਖਾਂ ਹੀ ਫ਼ੌਜਾਂ ਵੱਲੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ। ਮੁੱਠੀ ਭਰ ਸਿੰਘਾਂ ਨਾਲ ਗੁਰੂ ਸਾਹਿਬ ਕਾਬੂ ਨਾ ਆਏ, ਘੇਰਾ ਲੰਬਾ ਹੁੰਦਾ ਗਿਆ ਔਰੰਗਜ਼ੇਬ ਤੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਅਨੰਦਪੁਰ ਸਾਹਿਬ ਛੱਡਣ ਲਈ ਝੂਠੇ ਵਾਅਦੇ ਕੀਤੇ। ਸ਼ਰਤ ਸੀ ਕਿ ਗੁਰੂ ਸਾਹਿਬ ਇੱਕ ਵਾਰ ਕਿਲ੍ਹਾ ਛੱਡ ਦੇਣ ਉਹਨਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਸਿੰਘਾਂ ਨੂੰ ਧੀਰਜ ਰੱਖਣ ਲਈ ਕਿਹਾ ਪਰ ਕੁਝ ਸਿੰਘ ਬੇਦਾਵਾ ਲਿਖ ਕੇ ਦੇ ਗਏ, ਜੋ ਬਾਅਦ ਵਿੱਚ ਜਾਨ ਦੇ ਕੇ ਪੜਵਾਇਆ ਵੀ।
6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਨੇ ਕਿੱਲਾ ਛੱਡ ਦਿੱਤਾ, ਤਾਂ ਦੁਸ਼ਮਣ ਨੇ ਧਰਮਹੀਣ ਰਾਜ ਸੱਤਾ ਦਾ ਨੰਗਾ ਨਾਚ ਕਰਦਿਆਂ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕੀਤਾ । ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੋਲ ਭਿਆਨਕ ਯੁੱਧ ਹੋਇਆ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿੱਛੜ ਗਿਆ।

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਜੰਗ ਵਿੱਚ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਆਪਾ ਵਾਰ ਗਏ।
ਅੱਲਾ ਯਾਰ ਖਾਂ ਜੋਗੀ ਲਿਖਦੇ ਹਨ
’’ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲੀਏ। ’’

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਇਸੇ ਪ੍ਰਕਾਰ ਇਸਲਾਮ ਕਬੂਲ ਨਾ ਕਰਨ ’ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਨੂੰ ਸਰਹੰਦ ਦੇ ਵਿੱਚ ਨੀਂਹਾਂ ’ਚ ਚਿਣੇ ਜਾਣ ’ਤੇ ਵੀ ਜ਼ਾਲਮਾਂ ਨੂੰ ਸਬਰ ਨਹੀਂ ਆਇਆ ਸੀ । ਫੁੱਲਾਂ ਵਰਗਾ ਬਾਬਾ ਫ਼ਤਿਹ ਸਿੰਘ ਨੀਂਹਾਂ ਵਿੱਚ ਚਿਣੇ ਜਾਣ ਤੋਂ ਬਾਅਦ ਵੀ ਸਹਿਕ ਰਿਹਾ ਸੀ, ਜਿਸ ਦੇ ਗਲੇ ਤੇ ਛੁਰੀ ਫੇਰਦਿਆਂ ਨਿੱਕੀਆਂ ਜਿੰਦਾਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਮਾਤਾ ਗੁਜਰੀ ਜੀ ਵੀ ਸ਼ਹਾਦਤ ਪਾ ਗਏ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਤੇ ਗੁਰੂ ਸਾਹਿਬ ਨੇ ਸੰਗਤ ਵੱਲ ਇਸ਼ਾਰਾ ਕਰਦਿਆਂ ਕਿਹਾ
’’ ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਗਏ ਤੋ ਕਿਆ ਭਿਆ ਜੀਵਤ ਕਈ ਹਜ਼ਾਰ।’’
ਬਾਅਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ਗਿਆ ਜ਼ਫ਼ਰਨਾਮਾ ਪੜ੍ਹ ਕੇ ਬਾਦਸ਼ਾਹ ਔਰੰਗਜ਼ੇਬ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ।

ਸਿੱਖ ਸ਼ਕਤੀ ਦਾ ਉਭਾਰ ਤੇ ਬਾਬਾ ਬੰਦਾ ਸਿੰਘ ਬਹਾਦਰ  ਤੇ ਸ਼ਹੀਦੀ
ਕੁਝ ਸਮਾਂ ਪਾ ਕੇ ਆਜ਼ਾਦੀ ਅਤੇ ਹੱਕ ਸੱਚ ਦੀ ਲੋਅ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਹੀਂ ਉੱਜਵਲ ਹੋਈ। ਜੰਮੂ ਦੇ ਪਿੰਡ ਰਜ਼ੌਰੀ ਜ਼ਿਲ੍ਹਾ ਪੁੰਛ ਦੇ ਰਾਜਪੂਤ ਕਿਸਾਨ ਨਾਮਦੇਵ ਦੇ ਘਰ ਪੈਦਾ ਹੋਇਆ ਲਛਮਣ ਦਾਸ ਜੋ ਬਾਅਦ ਵਿੱਚ ਮਾਧੋ ਦਾਸ ਬਣ ਕੇ ਗੋਦਾਵਰੀ ਨਦੀ ਕਿਨਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮੇਲ ਹੋਇਆ ਅਤੇ ਬੰਦਾ ਸਿੰਘ ਬਹਾਦਰ ਬਣਿਆ। ਅਤੇ ਗੁਰੂ ਸਾਹਿਬ ਦੁਆਰਾ ਪੰਜਾਬ ਭੇਜਿਆ ਗਿਆ। ਅਨੇਕਾਂ ਇਲਾਕੇ ਫ਼ਤਿਹ ਕਰਨ ਤੋਂ ਬਾਅਦ ਚੱਪੜਚਿੜੀ ਦੇ ਮੈਦਾਨ ਵਿੱਚ ਸੂਬਾ ਸਰਹੰਦ ਨੂੰ ਲਿਤਾੜ ਕੇ 12 ਮਈ 1710 ਨੂੰ ਸਰਹੰਦ ਫ਼ਤਿਹ ਕੀਤਾ। ਉਹਨਾਂ ਖ਼ਾਲਸੇ ਦਾ ਅਜਿਹਾ ਰਾਜ ਸਥਾਪਿਤ ਕੀਤਾ ਜਿੱਥੇ ਕੋਈ ਵੀ ਜ਼ੁਲਮ ਦਾ ਨਾਮੋ ਨਿਸ਼ਾਨ ਨਹੀਂ ਸੀ। ਇਹ ਵਿਸ਼ਵ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ ਜਿੱਤਿਆ ਹੋਇਆ ਇਲਾਕਾ ਅਤੇ ਸਾਰੀ ਖੇਤੀ ਯੋਗ ਜ਼ਮੀਨ ਹਾਕਮ ਨੇ ਕਿਸਾਨਾਂ ਵਿੱਚ ਵੰਡ ਦਿੱਤੀ ਅਤੇ ਉਨ੍ਹਾਂ ਨੂੰ ਮਾਲਕਾਨਾ ਹੱਕ ਦਿੱਤਾ। ਇਹ ਲੋਕ ਰਾਜ ਦੀ ਸਥਾਪਨਾ ਸੀ। ਇਸ ਤਰਾਂ ਯੂਰਪ ਵਿਚ ਉੱਠਣ ਵਾਲੀਆਂ ਤਮਾਮ ਕ੍ਰਾਂਤੀਆਂ ਤੋਂ ਪਹਿਲਾਂ ਪੰਜਾਬ ’ਚ ਕ੍ਰਾਂਤੀ ਲਿਆ ਕੇ ਵਿਸ਼ਵ ਨੂੰ ਹੱਕ ਸੱਚ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨਾਮ ‘ਤੇ ਜਾਰੀ ਕੀਤਾ। ਉਨ੍ਹਾਂ ਨੂੰ ਭਾਵੇਂ ਰਾਜ ਕਰਨ ਜਾਂ ਜੀਣ ਲਈ ਬਹੁਤਾ ਸਮਾਂ ਨਹੀਂ ਮਿਲਿਆ, ਪਰ ਆਪਣੇ 7-8 ਸਾਲ ਦੇ ਸਮੇਂ ਵਿਚ ਹੀ ਉਹ ਅਜਿਹਾ ਤੂਫ਼ਾਨ ਬਣ ਕੇ ਆਇਆ ਕਿ ਜਾਬਰਾਂ-ਜਰਵਾਣਿਆਂ ਨੂੰ ਆਪਣੀਆਂ ਹਕੂਮਤਾਂ ਹੀ ਨਹੀਂ, ਜਾਨਾਂ ਬਚਾਉਣੀਆਂ ਮੁਸ਼ਕਿਲ ਹੋ ਗਈਆਂ ਸਨ। ਜਿੱਥੇ ਉਹ ਮੈਦਾਨ-ਏ-ਜੰਗ ਵਿਚ ਬੜੀ ਸੂਰਮਗਤੀ ਨਾਲ ਲੜਿਆ ਤੇ ਬਿਨਾ ਕਿਸੇ ਟਰੇਂਡ ਫ਼ੌਜ ਦੇ ਆਮ ਲੋਕਾਂ ਦੀ ਮਦਦ ਨਾਲ ਜਿੱਤਾਂ ਹਾਸਲ ਕੀਤੀਆਂ।
ਪਕੜੇ ਜਾਣ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੁਗ਼ਲਾਂ ਨੇ ਉਨ੍ਹਾਂ ਨੂੰ ਤਸੀਹੇ ਦਿੱਤੇ, ਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬੰਦੇ ਦੇ ਮੂੰਹ ’ਚ ਪਾਇਆ ਗਿਆ ਅਤੇ ਬਾਅਦ ਵਿਚ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ। ਇਸ ਤਰਾਂ ਉਨ੍ਹਾਂ ਬੜੀ ਬਹਾਦਰੀ ਨਾਲ ਖਿੜੇ ਮੱਥੇ ਸ਼ਹਾਦਤ ਵੀ ਪ੍ਰਾਪਤ ਕੀਤੀ। ਅਸੀਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਨੂੰ ਲੱਖ-ਲੱਖ ਵਾਰ ਸਿੱਜਦਾ ਕਰਦੇ ਹਾਂ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੇ ਸਿੱਖਾਂ ਨੂੰ ਮੁਗ਼ਲ ਸ਼ਾਸਕਾਂ ਅਤੇ ਅਬਦਾਲੀ ਵਰਗੇ ਹਮਲਾਵਰਾਂ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ।

18ਵੀਂ ਸਦੀ ਦੌਰਾਨ ਭਾਰਤ ਵਿੱਚ ਮੁਗ਼ਲ ਸ਼ਾਸਕਾਂ ਨੇ ਹਿੰਦੂਆਂ ਅਤੇ ਸਿੱਖਾਂ ‘ਤੇ ਭਾਰੀ ਹਿੰਸਾ ਕੀਤੀ, ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਕੁਚਲਿਆ, ਉਨ੍ਹਾਂ ਦੀ ਜਾਇਦਾਦ ਲੁੱਟਣ ਤੋਂ ਇਲਾਵਾ ਹਰ ਤਰਾਂ ਜੁਰਮ ਕੀਤਾ । ਇਸ ਦਮਨਕਾਰੀ ਸ਼ਾਸਨ ਦਾ ਪੰਜਾਬ ’ਚ ਸਿੱਖਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ। ਸਿੱਖ ਸਰਦਾਰਾਂ ਨੇ ਮਿਸਲਾਂ ਦੇ ਰੂਪ ਵਿੱਚ ਰਾਖੀ ਪ੍ਰਣਾਲੀ ਸ਼ੁਰੂ ਕਰਦਿਆਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਇਸ ਦੌਰ ’ਚ ਸ: ਜੱਸਾ ਸਿੰਘ ਆਹਲੂਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ, ਸ: ਬਘੇਲ ਸਿੰਘ ਆਦਿ ਜਰਨੈਲ ਪੰਜਾਬੀ ਸਮਾਜ ਲਈ ਸਤਿਕਾਰ ਤੇ ਪਿਆਰ ਦੇ ਲਖਾਇਕ ਸਨ। ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਬੰਦਾ ਬਹਾਦਰ ਦੀ ਵਿਰਾਸਤ ਨੂੰ ਦ੍ਰਿੜ੍ਹਤਾ ਤੇ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਅਤੇ ਸ਼ੇਰ-ਏ-ਪੰਜਾਬ ਦੇ ਰੂਪ ਵਿਚ ਪਹਿਲੇ ਸਿੱਖ ਸਮਰਾਟ ਅਤੇ ਭਾਰਤ ਵਿੱਚ ਸਿੱਖ ਸਾਮਰਾਜ ਦੇ ਸੰਸਥਾਪਕ ਵਜੋਂ ਆਪਣਾ ਸਥਾਨ ਬਣਾਇਆ। ਉਸ ਨੇ ਸਿਰਫ਼ 17 ਸਾਲ ਦੀ ਉਮਰ ਵਿੱਚ, ਅਫ਼ਗ਼ਾਨ ਧਾੜਵੀਆਂ ਨੂੰ ਭਾਰਤ ‘ਤੇ ਹਮਲਾ ਕਰਨ ਤੋਂ ਰੋਕਣ ਲਈ ਅਹਿਮਦ ਸ਼ਾਹ ਅਬਦਾਲੀ ਦੇ ਪੋਤੇ ਜ਼ਮਾਨ ਸ਼ਾਹ ਦੁਰਾਨੀ ਵਿਰੁੱਧ ਲੜਾਈ ਦੀ ਅਗਵਾਈ ਕੀਤੀ। ਦੁਰਾਨੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦੋ ਤੋਂ ਵੱਧ ਵਾਰ ਹਰਾਇਆ ਸੀ। ਬਿਨਾਂ ਸ਼ੱਕ ਜੇਤੂ ਹੋਣ ਦੇ ਬਾਅਦ ਮਹਾਰਾਜੇ ਨੇ ਸਿੱਖ ਸਾਮਰਾਜ ਨੂੰ ਸਫਲਤਾਪੂਰਵਕ ਮਜ਼ਬੂਤ ਤੇ ਵਿਸਥਾਰ ਕੀਤਾ ਸੀ। ਉਸ ਦੇ ਰਾਜ ਦੌਰਾਨ, ਪੰਜਾਬ ਇਕ ਵਿਸ਼ਾਲ ਖੇਤਰ ’ਚ ਫੈਲਿਆ ਹੋਇਆ ਸੀ, ਜਿਸ ਵਿੱਚ ਅਜੋਕੇ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਚੀਨ ਦੇ ਹਿੱਸੇ ਸ਼ਾਮਲ ਸਨ।

ਪੂਰਵ ਅਜ਼ਾਦੀ ਸੰਘਰਸ਼
ਸੁਤੰਤਰਤਾ ਸੰਗਰਾਮ ਤੋਂ ਬਹੁਤ ਪਹਿਲਾਂ, ਅੰਗਰੇਜ਼ਾਂ ਉੱਤੇ ਹਮਲਾ ਕਰਨ ਲਈ ਸਿੱਖ ਯੋਧਿਆਂ ਦੁਆਰਾ ਸਤਲੁਜ ਦਰਿਆ ਨੂੰ ਪਾਰ ਕਰਨਾ, ਭਾਰਤ ਵਿੱਚ ਬਸਤੀਵਾਦ ਦੇ ਵਿਰੋਧ ਦਾ ਪ੍ਰਤੀਕ ਸੀ।  ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਅਯੋਗ ਸ਼ਾਸਕਾਂ ਦੇ ਕਾਰਨ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ’ਚ ਚਲੇ ਜਾਣ ਦੇ ਤੁਰੰਤ ਬਾਅਦ ਆਜ਼ਾਦੀ ਲਈ ਸੰਘਰਸ਼ ਦੀ ਪ੍ਰਜ੍ਵਲਿਤ ਲੋਅ ਪੰਜਾਬ ’ਚ ਦੇਖਣ ਨੂੰ ਮਿਲਦੀ ਹੈ।
ਕੁਝ ਲੋਕ 1857 ਦੀ ਬਗ਼ਾਵਤ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਮੰਨਦੇ ਹੋਣ, ਪਰ ਅਸਲ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਹਕੂਮਤ ਤੋਂ ਆਜ਼ਾਦੀ ਲਈ ਪਹਿਲੀ ਜੰਗ ’’ਪਿਆਰ ਨਾਲ ਇਹ ਕਰਨ ਗ਼ੁਲਾਮੀ, .. ਪਰ ਟੈਂ ਨਾ ਮੰਨਦੇ ਕਿਸੇ ਦੀ’’ ਵਾਲੇ ਪੰਜਾਬੀ ਸੁਭਾਅ ਤੇ ਬਿਰਤੀ ਵਾਲੇ ਪੰਜਾਬੀ ਹਿੰਦੂ ਸਪੂਤ ਦੀਵਾਨ ਮੂਲ ਰਾਜ ਦੀ ਅਗਵਾਈ ਵਿੱਚ ਪੰਜਾਬ ਦੇ ਮੁਲਤਾਨ ’ਚ 18 ਅਪ੍ਰੈਲ 1848 ਤੋਂ 22 ਜਨਵਰੀ 1849 ਤੱਕ, ਅੰਗਰੇਜ਼ਾਂ ਨੂੰ ਜ਼ਬਰਦਸਤ ਸੈਨਿਕ ਟੱਕਰ ਦਿੰਦਿਆਂ ਲੜੀ ਗਈ ਸੀ। ਦੀਵਾਨ ਮੂਲ ਰਾਜ ਮੁਲਤਾਨ ਦੀ ਗਵਰਨਰੀ ਤੋਂ ਅਸਤੀਫ਼ਾ ਦੇ ਚੁੱਕਿਆ ਸੀ। ਨਿਰਸੰਦੇਹ ਉਸ ਦੀ ਲੜਾਈ ਕੇਵਲ ਦੇਸ਼ ਕੌਮ ਲਈ ਸੀ। ਇਸੇ ਸਮੇਂ ਬਗ਼ਾਵਤ ਦਾ ਝੰਡਾ ਬੁਲੰਦ ਕਰਨ ਵਾਲਿਆਂ ’ਚ ਰਾਜਾ ਸ਼ੇਰ ਸਿੰਘ, ਸ: ਚਤਰ ਸਿੰਘ ਅਟਾਰੀ ਵਾਲਾ, ਭਾਈ ਮਹਾਰਾਜ ਸਿੰਘ ਨੌਰੰਗਾਬਾਦ ( 5, ਜੁਲਾਈ 1856 ਨੂੰ ਸ਼ਹੀਦ ) ਵੀ ਸ਼ਾਮਲ ਸਨ।

ਅਜ਼ਾਦੀ ਸੰਘਰਸ਼ ’ਚ ਪੰਜਾਬ ਦਾ ਯੋਗਦਾਨ
ਪੰਜਾਬ ਦੁਆਰਾ ਅਜ਼ਾਦੀ ਸੰਘਰਸ਼ ’ਚ ਯੋਗਦਾਨ ਦੀ ਗਲ ਕਰੀਏ ਤਾਂ ਅੰਗਰੇਜ਼ਾਂ ਦੇ ਪੂਰਨ ਕਬਜ਼ੇ ਉਪਰੰਤ ਸਿੱਖੀ ’ਚ ਨਿਰੰਕਾਰੀ ਮਤ ( ਬਾਬਾ ਦਿਆਲ ਜੀ 1783- 1854 ਅਤੇ ਨਾਮਧਾਰੀ ਕੂਕਾ ਲਹਿਰ, ਭਾਈ ਬਾਲਕ ਸਿੰਘ 1799- 1862 ਈ) ਦੇ ਰੂਪ ’ਚ ਸਮਾਜਿਕ- ਧਾਰਮਿਕ ਸੁਧਾਰਵਾਦੀ ਲਹਿਰਾਂ ਨੇ ਜਨਮ ਲਿਆ।
ਨਾਮਧਾਰੀਆਂ ਦੀ ਅੱਗੇ ਚੱਲ ਕੇ ਬਾਬਾ ਰਾਮ ਸਿੰਘ ਜੀ (ਪੰਜਾਬ ਦੇ ਪਿੰਡ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ) ਦੀ ਅਗਵਾਈ ’ਚ ਆਜ਼ਾਦੀ ਦੀ ਇਕ ਹੋਰ ਅਜਿਹੀ ਲਾਟ ਪ੍ਰਜ੍ਵਲਿਤ ਹੋਈ, ਜਿਸ ਦੀ ‘ਨਾ ਮਿਲਵਰਤਨ’ ਲਹਿਰ ਨੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਧਾਰਮਿਕ ਲਹਿਰ ਹੋਣ ਦੇ ਬਾਵਜੂਦ ਇਸ ਦਾ ਮੁੱਖ ਨਿਸ਼ਾਨਾ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢਣਾ ਤੇ ਆਪਣੀ ਮਾਤ-ਭੂਮੀ ਨੂੰ ਮੁਕਤ ਕਰਾਉਣਾ ਸੀ। ਇਹ ਪਹਿਲੀ ਵਾਰ ਸੀ ਕਿ 68 ਕੂਕਿਆਂ ਨੂੰ ਤੋਪਾਂ ਦੇ ਮੂੰਹ ਅੱਗੇ ਬੰਨ੍ਹ ਕੇ ਉਡਾ ਦਿੱਤਾ ਗਿਆ। ਸੰਨ 1884 ਵਿਚ ਜਲਾਵਤਨੀ ਦੇ ਦੌਰਾਨ ਬਾਬਾ ਰਾਮ ਸਿੰਘ ਜੀ ਦਾ ਦੇਹਾਂਤ ਹੋ ਗਿਆ ਸੀ।
ਵੀਹਵੀਂ ਸਦੀ ਦੇ ਸ਼ੁਰੂਆਤ ਦੌਰਾਨ 1907 ’ਚ ਬਰਤਾਨੀਆ ਦੇ ਖ਼ਿਲਾਫ਼ ਪੰਜਾਬ ਵਿਚ ਇਕ ਜ਼ਬਰਦਸਤ ਕਿਸਾਨ ਅੰਦੋਲਨ ਨੇ ਜਨਮ ਲਿਆ। ਜਿਸ ਨੇ ਅੰਗਰੇਜ਼ ਸਰਕਾਰ ਵੱਲੋਂ ਨਹਿਰੀ ਜ਼ਮੀਨਾਂ ਉੱਪਰ ਵਧਾਏ ਗਏ ਮਾਲੀਏ ਦਾ ਵਿਰੋਧ ਕੀਤਾ।
ਅਮਰੀਕਾ ਦੀ ਧਰਤੀ ’ਤੇ ਭਾਰਤੀਆਂ ਨਾਲ ਹੁੰਦੇ ਮਾੜੇ ਸਲੂਕ ਅਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਇੱਛਾ ਨੇ 1913 ਵਿਚ ਇਕ ਸ਼ਕਤੀਸ਼ਾਲੀ ‘ਗੱਦਰ ਲਹਿਰ’ ਨੂੰ ਜਨਮ ਦਿੱਤਾ। ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ,ਸਕੱਤਰ ਲਾਲਾ ਹਰਦਿਆਲ ਅਤੇ ਕਰਤਾਰ ਸਿੰਘ ਸਰਾਭਾ ਦੀ ਮਨਸ਼ਾ ਹਿੰਦੁਸਤਾਨ ਵਿਚ ਹਥਿਆਰਬੰਦ ਕ੍ਰਾਂਤੀ ਲਿਆ ਕੇ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢਣਾ ਸੀ। 1914 ਦਾ ਕਾਮਾ ਗਾਟਾ ਮਾਰੂ ਜਹਾਜ਼ ਦਾ ਦੁਖਾਂਤ ਵੀ ਇਸੇ ਲਹਿਰ ਦਾ ਇਕ ਹਿੱਸਾ ਸੀ।
1919 ਨੂੰ ਅੰਮ੍ਰਿਤਸਰ ਵਿਚ ਵਰਤਾਏ ਗਏ ਜਲਿਆਂ ਵਾਲੇ ਬਾਗ਼ ਦੇ ਸਾਕੇ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸੇ ਦੌਰਾਨ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਦੀ ਸੰਭਾਲ ਲਈ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਿਰ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ, ਮੈ ਮਰਾਂ ਪੰਥ ਜੀਵੇਂ ਦੇ ਧਾਰਨੀਆਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਨਾਲ ਦੇਸ਼ ਦੀ ਅਜ਼ਾਦੀ ਲਈ ਵੀ ਅਹਿਮ ਰੋਲ ਅਦਾ ਕੀਤਾ।
ਪੰਜਾਬ ਨੇ ਮਹਾਤਮਾ ਗਾਂਧੀ ਦੇ ਨਾ ਮਿਲਵਰਤਨ ਲਹਿਰ ਤੋਂ ਇਲਾਵਾ ਕਾਂਗਰਸ ਵੱਲੋਂ ਚਲਾਈਆਂ ਗਈਆਂ ਆਜ਼ਾਦੀ ਲਹਿਰਾਂ ’ਚ ਅਹਿਮ ਯੋਗਦਾਨ ਪਾਇਆ।
ਅਜ਼ਾਦੀ ਦੀ ਲਹਿਰ ’ਚ ਯੋਗਦਾਨ ਪਾਉਣ ਵਾਲਿਆਂ ’ਚ ਸ਼ਹੀਦ ਮਦਦ ਲਾਲ ਖੁਰਾਨਾ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜ ਗੁਰੂ, ਸ਼ਹੀਦ ਸੁਖਦੇਵ , ਲਾਲਾ ਲਾਜਪਤ ਰਾਏ, ਚਾਚਾ ਅਜੀਤ ਸਿੰਘ ਅਜਿਹੇ ਨਾਮ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ।

ਅਜ਼ਾਦੀ ਉਪਰੰਤ ਦਾ ਪੰਜਾਬ
ਆਜ਼ਾਦੀ ਪ੍ਰਾਪਤੀ ਨਾਲ ਹੀ ਪੰਜਾਬ ਨੂੰ ਭਾਰੀ ਜਾਨੀ ਮਾਲੀ ਨੁਕਸਾਨ ਸਹਿਣਾ ਪਿਆ। ਲੱਖਾਂ ਲੋਕ ਮਾਰੇ ਗਏ ਅਤੇ ਬੇਘਰ ਹੋਏ, ਜ਼ਮੀਨ ਜਾਇਦਾਦ ਅਤੇ ਜਾਨ ਤੋਂ ਵੱਧ ਪਿਆਰੇ ਗੁਰਦੁਆਰੇ ਅਤੇ ਮੰਦਿਰ ਪਾਕਿਸਤਾਨ ਵਿੱਚ ਛੱਡ ਕੇ ਆਏ।

’47 ਚ ਹੀ ਕਸ਼ਮੀਰ ਵਾਦੀ ਨੂੰ ਬਚਾਉਣ ਲਈ ਲੜੇ, 1962, 65, 71 ਅਤੇ 1999 ਵਿੱਚ ਕਾਰਗਿਲ ਦੀ ਲੜਾਈਆਂ ਵਿੱਚ ਵੀ ਪੰਜਾਬੀ ਅਤੇ ਸਿੱਖ ਫ਼ੌਜਾਂ ਯੁੱਧ ਦੇ ਮੈਦਾਨ ਵਿੱਚ ਹਮੇਸ਼ਾਂ ਮੂਹੜੇ ਰਹੀਆਂ।
ਇਸ ਸਭ ਦੇ ਪਿੱਛੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਤੇ ਗੁਰੂ ਅਰਜਨ ਦੇਵ ਜੀ ਸਮੇਤ ਅਨੇਕਾਂ ਸ਼ਹੀਦਾਂ ਦੀ ਪ੍ਰੇਰਨਾ ਅਤੇ ਚੇਤਨ ਅਵਚੇਤਨ ਕੰਮ ਕਰ ਰਹੀ ਸੀ।

(ਪ੍ਰੋ. ਸਰਚਾਂਦ ਸਿੰਘ ਖਿਆਲਾ, 9781355522)


 
SARCHAND SINGH
*Mobile – 9781355522

Leave a Reply

Your email address will not be published. Required fields are marked *