ਦੇਸ਼-ਵਿਦੇਸ਼

ਇਹਨਾਂ ਦੇਸ਼ਾਂ ‘ਚ ਔਰਤਾਂ ਨੂੰ ਇਹ ‘ਇਮੋਜੀ’ ਭੇਜਣਾ ਬਣਿਆ ਅਪਰਾਧ, ਹੋਵੇਗੀ ਜੇਲ੍ਹ

ਸੋਸ਼ਲ ਮੀਡੀਆ ‘ਤੇ ਲੋਕ ਅਕਸਰ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹੋਏ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ‘ਇਮੋਜੀ’ ਦੀ ਵਰਤੋਂ ਕਰਦੇ ਹਨ। ਹਾਲਾਂਕਿ ਕੁਝ ਲੋਕ ਅਜਿਹੇ ਹਨ ਜੋ ਪਿਆਰ ਦਾ ਇਜ਼ਹਾਰ ਕਰਨ ਲਈ ਦਿਲ ਵਾਲੇ ਇਮੋਜੀ ਭੇਜਦੇ ਹਨ। ਪਰ ਹੁਣ ਅਜਿਹਾ ਕਰਨਾ ਅਪਰਾਧ ਦੀ ਸ਼੍ਰੇਣੀ ਵਿੱਚ ਆ ਸਕਦਾ ਹੈ ਅਤੇ ਇਸਦੇ ਲਈ ਜੇਲ੍ਹ ਜਾਣਾ ਪੈ ਸਕਦਾ ਹੈ।

ਦਰਅਸਲ ਖਾੜੀ ਦੇ ਦੋ ਇਸਲਾਮਿਕ ਦੇਸ਼ਾਂ ਕੁਵੈਤ ਅਤੇ ਸਾਊਦੀ ਅਰਬ ‘ਚ ਹੁਣ ਕਿਸੇ ਔਰਤ ਨੂੰ ਹਾਰਟ ਵਾਲੀ ਇਮੋਜੀ ਭੇਜਣਾ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਹਾਰਟ ਇਮੋਜੀ ਭੇਜਣ ਵਾਲੇ ਪੁਰਸ਼ਾਂ ਨੂੰ ਹੁਣ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਜਾਂ ਵਟਸਐਪ ‘ਤੇ ਕਿਸੇ ਔਰਤ ਜਾਂ ਕੁੜੀ ਨੂੰ ਦਿਲ ਦੇ ਆਕਾਰ ਦੇ ਇਮੋਜੀ ਭੇਜਣਾ ਅਪਰਾਧ ਮੰਨਿਆ ਜਾਵੇਗਾ। ਇਸ ਨੂੰ ਗ਼ਲਤ ਕੰਮ ਲਈ ਉਕਸਾਉਣ ਵਜੋਂ ਦੇਖਿਆ ਜਾਵੇਗਾ।

ਸਜ਼ਾ ਦੀ ਵਿਵਸਥਾ 
ਕੁਵੈਤ ਦੇ ਵਕੀਲ ਹਯਾ ਅਲ ਸਲਾਹੀ ਨੇ ਕਿਹਾ ਕਿ ਇਸ ਕਾਨੂੰਨ ਨੂੰ ਤੋੜਨ ਵਾਲੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਦੋ ਸਾਲ ਦੀ ਕੈਦ ਕੱਟਣੀ ਪਵੇਗੀ। ਇੰਨਾ ਹੀ ਨਹੀਂ ਉਸ ‘ਤੇ 2000 ਕੁਵੈਤੀ ਦਿਨਾਰ (ਕਰੀਬ 5.38 ਲੱਖ ਰੁਪਏ) ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸਾਊਦੀ ਅਰਬ ਵਿਚ ਜੇਕਰ ਕੋਈ ਹਾਰਟ ਇਮੋਜੀ ਭੇਜਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਦੋ ਤੋਂ ਪੰਜ ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਦੋਸ਼ੀ ਵਿਅਕਤੀ ਨੂੰ ਇਕ ਲੱਖ ਸਾਊਦੀ ਰਿਆਲ (22 ਲੱਖ ਰੁਪਏ) ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਹਾਲਾਂਕਿ ਇਹ ਨਿਯਮ ਸਿਰਫ ਕੁਵੈਤ ਅਤੇ ਸਾਊਦੀ ਅਰਬ ਵਿੱਚ ਰਹਿਣ ਵਾਲੇ ਲੋਕਾਂ ‘ਤੇ ਲਾਗੂ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-