ਦੇਸ਼-ਵਿਦੇਸ਼

ਗੁਰਪ੍ਰੀਤ ਸਿੰਘ ਨੇ ਵਰਲਡ ਪੁਲਸ ਖੇਡ ਮੁਕਾਬਲਿਆਂ ‘ਚ ਤਮਗਾ ਜਿੱਤ ਗੜ੍ਹਦੀਵਾਲਾ ਦਾ ਚਮਕਾਇਆ ਨਾਂ

ਗੜ੍ਹਦੀਵਾਲਾ:  ਗੜ੍ਹਦੀਵਾਲਾ ਦੇ ਨੇੜਲੇ ਪਿੰਡ ਬਾਹਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ (25) ਹਾਲ ਵਾਸੀ ਬਾਗਪੁਰ ਜੋ ਕਿ ਪੰਜਾਬ ਪੁਲਸ ਹੁਸ਼ਿਆਰਪੁਰ ਵਿਖੇ ਨੌਕਰੀ ਦੌਰਾਨ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ, ਨੇ ਵਰਲਡ ਪੁਲਸ ਖੇਡਾਂ ‘ਚ 100 ਮੀਟਰ ਦੌੜ ਵਿੱਚ ਭਾਗ ਲਿਆ, ਜੋ ਕਿ ਕੈਨੇਡਾ ਵਿੱਚ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੌਰਾਨ ਗੁਰਪ੍ਰੀਤ ਸਿੰਘ ਨੇ 100 ਮੀਟਰ ਰੇਸ ‘ਚ ਚਾਂਦੀ ਦਾ ਤਮਗਾ ਜਿੱਤ ਕੇ ਪੂਰੇ ਭਾਰਤ ਦਾ ਤੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਬਾਹਲਾ ਅਤੇ ਬਾਗਪੁਰ ਦਾ ਨਾਂ ਰੌਸ਼ਨ ਕਰਕੇ ਪੁਲਸ ਵਿਭਾਗ ਦਾ ਮਾਣ ਵਧਾਇਆ। ਇਸ ਮਾਣਮੱਤੀ ਪ੍ਰਾਪਤੀ ਕਾਰਨ ਪੂਰੇ ਇਲਾਕੇ ‘ਚ ਜਸ਼ਨ ਦਾ ਮਾਹੌਲ ਹੈ।

ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਦੁਨੀਆ ਵਿੱਚ ਪੰਜਾਬ ਪੁਲਸ ਤੇ ਆਪਣੇ ਮਾਂ-ਬਾਪ ਦਾ ਨਾਂ ਚਮਕਾਉਣ ਵਾਲੇ ਗੁਰਪ੍ਰੀਤ ਸਿੰਘ ਦੇ ਪਿਤਾ ਮਾਸਟਰ ਅਮਰਜੀਤ ਸਿੰਘ ਪੁੱਤਰ ਗਿਆਨੀ ਯੋਗਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਸ਼ੁਰੂ ਤੋਂ ਹੀ ਖੇਡਾਂ ਵਿੱਚ ਹਿੱਸਾ ਲੈਂਦਾ ਆਇਆ ਹੈ। ਗੁਰਪ੍ਰੀਤ ਸਿੰਘ ਨੂੰ ਪੁਲਸ ਵਿੱਚ 12 ਸਾਲ ਭਾਰਤੀ ਹੋਏ ਨੂੰ ਹੋ ਗਏ ਹਨ, ਉਹ ਸਿਟੀ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਤੇ ਨੈਸ਼ਨਲ ਖੇਡਾਂ ਵਿੱਚ ਤੀਜੇ ਸਥਾਨ ‘ਤੇ ਕਾਂਸੀ ਦਾ ਤਮਗਾ ਜਿੱਤ ਚੁੱਕਾ ਹੈ। ਉਹ ਯੂਨੀਵਰਸਿਟੀ ਤੇ ਪੰਜਾਬ ‘ਚੋਂ ਟਾਪਰ ਰਹਿ ਚੁੱਕਾ ਹੈ। ਗੁਰਪ੍ਰੀਤ ਸਿੰਘ ਓਲੰਪਿਕ ਖੇਡਾਂ ਵਿੱਚ ਜਿੱਤ ਦਰਜ ਕਰਕੇ ਭਾਰਤ ਤੇ ਪੰਜਾਬ ਪੁਲਸ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੈ।

ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਵਰਲਡ ਪੁਲਸ ਖੇਡਾਂ ‘ਚ ਚਾਂਦੀ ਦਾ ਤਮਗਾ ਜਿੱਤ ਕੇ ਪੰਜਾਬ ਪੁਲਸ ਦੀ ਝੋਲੀ ਪਾਉਣ ਦਾ ਸਿਹਰਾ ਡੀਜੀਪੀ ਪੰਜਾਬ, ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੇ ਪੂਰੇ ਪੁਲਸ ਵਿਭਾਗ ਤੇ ਗੁਰਪ੍ਰੀਤ ਵੱਲੋਂ ਲਗਨ ਨਾਲ ਕੀਤੀ ਅਣਥੱਕ ਮਿਹਨਤ ਦੇ ਸਿਰ ਜਾਂਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-