ਭਾਰਤ

ਆਦਿਵਾਸੀ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਭਾਜਪਾ ਵਿਧਾਇਕ ਦੇ ਪੁੱਤਰ ’ਤੇ 10 ਹਜ਼ਾਰ ਰੁਪਏ ਦਾ ਇਨਾਮ

ਸਿੰਗਰੌਲੀ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸਿੰਗਰੌਲੀ ’ਚ ਦੋ ਦਿਨ ਪਹਿਲਾਂ ਇਕ ਆਦਿਵਾਸੀ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਮਗਰੋਂ ਫਰਾਰ ਹੋਣ ਵਾਲੇ ਮੁਲਜ਼ਮ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦੇ ਪੁੱਤਰ ਬਾਰੇ ਸੂਚਨਾ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ।

ਅਧਿਕਾਰੀ ਨੇ ਕਿਹਾ ਕਿ ਸਿੰਗਰੌਲੀ ਵਿਧਾਇਕ ਰਾਮ ਲੱਲੂ ਵੈਸ਼ ਦੇ ਪੁੱਤਰ ਵਿਵੇਕਾਨੰਦ ਵੈਸ਼ (40) ਨੇ ਮੋਰਬੀ ਪੁਲਿਸ ਥਾਣਾ ਖੇਤਰ ਤਹਿਤ ਵੀਰਵਾਰ ਦੀ ਸ਼ਾਮ ਆਦਿਵਾਸੀ ਭਾਈਚਾਰੇ ਦੇ ਸੂਰਜ ਕੁਮਾਰ ਖੈਰਵਾਰ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ’ਚ ਵਿਵੇਕਾਨੰਦ ’ਤੇ ਕਤਲ ਦੀ ਕੋਸ਼ਿਸ਼ ਸਮੇਤ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਹਥਿਆਰਬੰਦ ਐਕਟ ਦੀਆਂ ਵੱਖੋ-ਵੱਖ ਧਾਰਾਵਾਂ ਦੇ ਨਾਲ-ਨਾਲ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਣ) ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਖੈਰਵਾਰ ਦੀ ਸੱਜੀ ਕੂਹਣੀ ’ਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। ਸਿੰਗਰੌਲੀ ਦੇ ਪੁਲਿਸ ਸੂਪਰਡੈਂਟ ਯੂਸੁਫ਼ ਕੁਰੈਸ਼ੀ ਨੇ ਕਿਹਾ, ‘‘ਸ਼ੁਕਰਵਾਰ ਸ਼ਾਮ ਨੂੰ ਮੁਲਜ਼ਮ ਵਿਵੇਕਾਨੰਦ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।’’

ਉਨ੍ਹਾਂ ਕਿਹਾ, ‘‘ਅਸੀਂ (ਪਿਛਲੇ ਸਾਲ 20 ਜੁਲਾਈ ਦੀ ਗੋਲੀਬਾਰੀ ਦੀ ਘਟਨਾ ’ਚ) ਵਿਵੇਕਾਨੰਦ ਦੀ ਜ਼ਮਾਨਤ ਰੱਦ ਕਰਨ ਲਈ ਸੋਮਵਾਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ’ਚ ਵੀ ਅਪੀਲ ਦਾਇਰ ਕਰਾਂਗੇ।’’ ਪੁਲਿਸ ਅਨੁਸਾਰ ਪਿਛਲੇ ਸਾਲ 20 ਜੁਲਾਈ ਨੂੰ ਮੋਰਬਾ ਪੁਲਿਸ ਥਾਣਾ ਇਲਾਕੇ ’ਚ ਵਿਵੇਕਾਨੰਦ ਨੇ ਜੰਗਲਾਤ ਗਾਰਡ ਸੰਜੀਵ ਸ਼ੁਕਲਾ ਦੀ ਕਥਿਤ ਤੌਰ ’ਤੇ ਕੁਟਮਾਰ ਕੀਤੀ ਸੀ ਅਤੇ ਉਸ ਨੂੰ ਡਰਾਉਣ ਲਈ ਗੋਲੀ ਵੀ ਚਲਾਈ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-