ਥਾਣਾ ਕਬਰਵਾਲਾ ਦੀ ਪੁਲਿਸ ਵੱਲੋਂ 3 ਚਾਲੂ ਭੱਠੀਆਂ ਸਮੇਤ 1600 ਲੀਟਰ ਲਾਹਣ ਜ਼ਬਤ
ਸ੍ਰੀ ਮੁਕਤਸਰ ਸਾਹਿਬ – ਸਥਾਨਕ ਜ਼ਿਲ੍ਹੇ ਦੇ ਪਿੰਡ ਡੱਬਵਾਲੀ ਢਾਬ ਵਿਖੇ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਥਾਣਾ ਕਬਰਵਾਲਾ ਦੀ ਪੁਲਿਸ ਦੇ ਸਹਿਯੋਗ ਨਾਲ ਅੱਜ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਇਕ ਢਾਣੀ ਵਿਚੋਂ ਭਾਰੀ ਮਾਤਰਾ ਵਿਚ 3 ਚਾਲੂ ਭੱਠੀਆਂ ਸਮੇਤ 1600 ਲੀਟਰ ਲਾਹਣ ਅਤੇ 600 ਲੀਟਰ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਖਿਲਾਫ਼ ਮਾਮਲਾ ਦਰਜ ਕਰਵਾ ਕੇ ਕਰਵਾਈ ਕੀਤੀ ਜਾ ਰਹੀ ਹੈ।
ਜਿੱਥੇ ਉਕਤ ਵਿਅਕਤੀ ਵੱਲੋਂ ਘਰ ਵਿੱਚ ਵੱਖ-ਵੱਖ ਤਿੰਨ ਭੱਠੀਆਂ ਵਿਚ ਬਿਜਲੀ ਦੇ ਹੀਟਰ ਅਤੇ ਰੇਡੀਏਟਰ, ਪੱਖੇ ਅਤੇ ਡਰੰਮਾਂ ਨਾਲ ਆਧੁਨਿਕ ਤਰੀਕੇ ਨਾਲ ਨਜਾਇਜ਼ ਸ਼ਰਾਬ ਬਣਾਈ ਜਾ ਰਹੀ ਸੀ। ਉਕਤ ਫੈਕਟਰੀ ਵਿੱਚੋਂ ਡਰੰਮ, ਹੀਟਰ, ਰੇਡੀਏਟਰ, ਸਹਾਇਕ ਉਪਕਰਣ, 3 ਭੱਠੀਆਂ ਤੋਂ ਇਲਾਵਾ 1600 ਲੀਟਰ ਲਾਹਣ ਅਤੇ 600 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਲਾਹਣ ਤੇ ਸ਼ਰਾਬ ਜਿੱਥੇ ਢੋਲਾਂ ਵਿੱਚ ਸੀ। ਉੱਥੇ ਪਲਾਸਟਿਕ ਦੇ ਥੈਲਿਆਂ ਵਿਚ 6-6 ਬੋਤਲਾਂ ਨਾਜਾਇਜ਼ ਸ਼ਰਾਬ ਪੈਕ ਕੀਤੀ ਗਈ ਸੀ।
ਜਿਸ ਦੀ ਸਪਲਾਈ ਪਿੰਡ ਗੁਰੂਸਰ, ਡੱਬਵਾਲੀ ਢਾਬ ਪੱਕੀ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਨੇ ਕੀਤੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਦਿਨ-ਰਾਤ ਚੱਲ ਰਹੀਆਂ ਬਿਜਲੀ ਦੀਆਂ ਭੱਠੀਆਂ ਲਈ ਬਿਜਲੀ ਚੋਰੀ ਕਰਦਾ ਸੀ। ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਉਸ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।