ਪੰਜਾਬ ਅਤੇ ਦਿੱਲੀ ਦੀ ਤਰਜ਼ ’ਤੇ ਹਰਿਆਣਾ ਵਿਚ ਬਿਜਲੀ ਅੰਦੋਲਨ: ਹਰੇਕ ਹਫ਼ਤੇ ਪੰਜਾਬ ਤੋਂ ਇਕ ਮੰਤਰੀ ਲੈਣਗੇ ਹਿੱਸਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਹਰਿਆਣਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਡਾ. ਸੁਸ਼ੀਲ ਗੁਪਤਾ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਦੱਸੀਆਂ। ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਦਸਿਆ ਕਿ ਪੰਜਾਬ ਅਤੇ ਦਿੱਲੀ ਦੀ ਤਰਜ਼ ’ਤੇ ਹਰਿਆਣਾ ਵਿਚ ਬਿਜਲੀ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਹਰੇਕ ਹਫ਼ਤੇ ਪੰਜਾਬ ਤੋਂ ਇਕ ਮੰਤਰੀ ਅੰਦੋਲਨ ਵਿਚ ਹਿੱਸਾ ਲੈਣਗੇ।
ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੇ ਅਫਵਾਹਾਂ ਫੈਲਾਉਣ ਦਾ ਕੰਮ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਾਅਦੇ ਝੂਠੇ ਸਨ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਭਰੋਸਾ ਕੀਤਾ ਅਤੇ 117 ‘ਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਬਣੇ। ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਅਪਣੇ ਵਾਅਦੇ ਪੂਰੇ ਕਰ ਦਿਤੇ। ਜਿਸ ਤਰ੍ਹਾਂ ਦਿੱਲੀ ਦੇ 80 ਫ਼ੀ ਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ, ਉਸੇ ਤਰ੍ਹਾਂ ਅੱਜ ਪੰਜਾਬ ਦੇ 90 ਫ਼ੀ ਸਦੀ ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ। ਅਜਿਹੇ ਇਨਕਲਾਬੀ ਕਦਮ ਸਿਰਫ਼ ਆਮ ਆਦਮੀ ਪਾਰਟੀ ਹੀ ਚੁੱਕ ਸਕਦੀ ਹੈ। ਜਦੋਂ ਪੰਜਾਬ ਵਿਚ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਪਛਵਾੜਾ ਕੋਲਾ ਖਾਨ 13 ਸਾਲ ਤਕ ਬੰਦ ਰਹੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਕੋਲੇ ਦੀ ਖਾਨ ਖੋਲ੍ਹੀ ਗਈ ਸੀ, ਅੱਜ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਕੋਲਾ ਉਥੋਂ ਆਉਂਦਾ ਹੈ। ਇਸੇ ਤਰ੍ਹਾਂ ਤਿੰਨ-ਚਾਰ ਪ੍ਰਵਾਰਾਂ ਨੇ ਹਰਿਆਣਾ ਨੂੰ ਵੀ ਲੁੱਟਿਆ ਹੈ। ਉਹ ਪਿਛਲੇ 50 ਸਾਲਾਂ ਤੋਂ ਹਰਿਆਣਾ ‘ਤੇ ਰਾਜ ਕਰ ਰਹੇ ਹਨ ਅਤੇ ਬਿਜਲੀ ਦੀ ਸਮੱਸਿਆ ਹੱਲ ਨਹੀਂ ਕਰਵਾ ਸਕੇ।
ਉਨ੍ਹਾਂ ਕਿਹਾ ਕਿ 300 ਯੂਨਿਟ ਬਿਜਲੀ ਵਰਤਣ ਲਈ ਹਰਿਆਣਾ ਦੇ ਲੋਕਾਂ ਨੂੰ 2100 ਰੁਪਏ ਤਕ ਦਾ ਭੁਗਤਾਨ ਕਰਨਾ ਪੈਂਦਾ ਹੈ। ਜਦਕਿ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਲਈ 1 ਰੁਪਏ ਵੀ ਨਹੀਂ ਦੇਣਾ ਪੈਂਦਾ। ਇਕ ਸਾਲ ਵਿਚ ਹਰਿਆਣਾ ਦੇ ਲੋਕਾਂ ਨੂੰ ਬਿਜਲੀ ‘ਤੇ 25 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨਾ ਪੈਂਦਾ ਹੈ। ਜਦੋਂ ਕਿ ਪੰਜਾਬ ਦੇ ਲੋਕ ਹਰ ਸਾਲ ਇੰਨਾ ਪੈਸਾ ਬਚਾਉਂਦੇ ਹਨ। ਹਰਿਆਣਾ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ 300 ਯੂਨਿਟ ਬਿਜਲੀ ਮੁਫਤ ਦਿਤੀ ਜਾਵੇਗੀ ਅਤੇ 24 ਘੰਟੇ ਬਿਜਲੀ ਦਿਤੀ ਜਾਵੇਗੀ। ਇਸ ਨਾਲ ਹਰਿਆਣਾ ਦੇ ਹਰ ਪ੍ਰਵਾਰ ਨੂੰ 25 ਹਜ਼ਾਰ ਦੀ ਬਚਤ ਹੋਵੇਗੀ। ਇਸ ਸਬੰਧੀ ਆਮ ਆਦਮੀ ਪਾਰਟੀ ਵਲੋਂ ਸੂਬੇ ਦੇ ਹਰ ਪਿੰਡ ਵਿਚ ਬਿਜਲੀ ਦੀ ਲਹਿਰ ਚਲਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਰਕਰ ਪੰਜਾਬ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਵਿਚ ਦੱਸ ਰਹੇ ਹਨ।