ਫੀਚਰਜ਼ਭਾਰਤ

ਹਰਿਆਣਾ ’ਚ ਹੁਣ ਰੋਹਿੰਗਆਂ ਦੇ ਘਰ ਢਾਹੁਣ ਦੀ ਮੁਹਿੰਮ ਜਾਰੀ

ਗੁਰੂਗ੍ਰਾਮ: ਹਰਿਆਣਾ ਦੇ ਹਿੰਸਾ ਪ੍ਰਭਾਵਤ ਨੂਹ ਜ਼ਿਲ੍ਹਿਆਂ ’ਚ ਨਾਜਾਇਜ਼ ਉਸਾਰੀ ਵਿਰੁਧ ਮੁਹਿੰਮ ਸਨਿਚਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ। ਅਧਿਕਾਰੀਆਂ ਨੇ ਸੂਬੇ ਦੇ ਨਲਹੜ ਮੈਡੀਕਲ ਕਾਲਜ ਦੇ ਨੇੜੇ 2.6 ਏਕੜ ਜ਼ਮੀਨ ’ਤੇ ਨਾਜਾਇਜ਼ ਉਸਾਰੀ ’ਤੇ ਬੁਲਡੋਜ਼ਰ ਚਲਾ ਦਿਤਾ। ਪੁਲਿਸ ਨੇ ਦਸਿਆ ਕਿ ਮੁਹਿੰਮ ਤਹਿਤ ਗਲਪਞ 15 ਹੋਰ ਕੱਚੀਆਂ ਉਸਾਰੀਆਂ ਨੂੰ ਵੀ ਢਾਹ ਦਿਤਾ ਗਿਆ।

ਸਬ ਡਿਵੀਜ਼ਨਲ ਮੈਜਿਸਟ੍ਰੇਟ ਅਸ਼ਵਨੀ ਕੁਮਾਰ ਨੇ ਕਿਹਾ, ‘‘ਇਹ ਨਾਜਾਇਜ਼ ਉਸਾਰੀਆਂ ਸਨ। ਤੋੜੇ ਗਏ ਢਾਂਚਿਆਂ ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਦਿਤੇ ਗਏ ਸਨ। ਬ੍ਰਿਜ ਮੰਡਲ ਧਾਰਮਕ ਯਾਤਰਾ ਦੌਰਾਨ ਵਾਪਰੀ ਹਿੰਸਾ ’ਚ ਕੁਝ ਨਾਜਾਇਜ਼ ਢਾਂਚਿਆਂ ਦੇ ਮਾਲਕ ਵੀ ਸ਼ਾਮਲ ਸਨ। ਮੁਹਿੰਮ ਜਾਰੀ ਰਹੇਗੀ।’’ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਮੁਹਿੰਮ ਅਦਬਰ ਚੌਕ ਤੋਂ ਸ਼ੁਰੂ ਹੋਈ ਅਤੇ ਤਿਰੰਗਾ ਚੌਕ ਤਕ ਜਾਰੀ ਰਹੇਗੀ।

ਮੁਸਲਿਮ ਬਹੁਗਿਣਤੀ ਇਲਾਕੇ ਨੂਹ ’ਚ ਸੋਮਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ’ਤੇ ਭੀੜ ਵਲੋਂ ਹਮਲਾ ਕੀਤੇ ਜਾਣ ਮਗਰੋਂ ਹੋਈ ਹਿੰਸਾ ’ਚ ਹੋਮਗਾਰਡ ਦੇ ਦੋ ਜਵਾਨ ਅਤੇ ਇਕ ਇਮਾਮ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਨੂਹ ’ਚ ਭੜਕੀ ਹਿੰਸਾ ਗੁਰੂਗ੍ਰਾਮ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ’ਚ ਵੀ ਫੈਲ ਗਈ ਸੀ।

ਨੂਹ ਦੇ ਜ਼ਿਲ੍ਹਾ ਅਧਿਕਾਰੀ ਧੀਰੇਂਦਜ ਖਡਗਟਾ ਨੇ ਕਿਹਾ ਕਿ ਕਰਫ਼ੀਊ ’ਚ ਢਿੱਲ ਦਿਤੀ ਗਈ ਹੈ ਅਤੇ ਲੋਕ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਜ਼ਰੂਰੀ ਸਮਾਨ ਖ਼ਰੀਦਣ ਲਈ ਬਾਹਰ ਨਿਕਲ ਸਕਦੇ ਹਨ। ਪੁਲਿਸ ਮੁਤਾਬਕ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ’ਚ ਹੋਈ ਹਿੰਸਾ ਦੇ ਮਾਮਲੇ ’ਚ ਹੁਣ ਤਕ 56 ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 145 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਦਸਿਆ ਕਿ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣ ਦੇ ਦੋਸ਼ ’ਚ 10 ਵਿਅਕਤੀਆਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਤਾਵੜ ਸ਼ਹਿਰ ਅਤੇ ਗੁਆਂਢੀ ਨੂਹ ਜ਼ਿਲ੍ਹ ਦੇ ਹੋਰ ਇਲਾਕਿਆਂ ’ਚ ਨਾਜਾਇਜ਼ ਕਬਜ਼ਾ ਕੀਤੀ ਗਈ ਸਰਕਾਰੀ ਜ਼ਮੀਨ ’ਤੇ ਲਗਭਗ 250 ਝੋਪੜੀਆਂ ’ਤੇ ਸ਼ੁਕਰਵਾਰ ਨੂੰ ਬੁਲਡੋਜ਼ਰ ਚਲਾ ਦਿਤਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-