ਦੇਸ਼-ਵਿਦੇਸ਼

ਪਛਮੀ ਦੇਸ਼ਾਂ ’ਚ ਮੁੜ ਪੈਰ ਪਸਾਰਨ ਲੱਗਾ ਕੋਵਿਡ-19

ਲੰਡਨ: ਬਰਤਾਨੀਆਂ ’ਚ ਪਿਛਲੇ ਮਹੀਨੇ ਸਾਹਮਣੇ ਆਇਆ ਕੋਵਿਡ ਦਾ ਇਕ ਨਵਾਂ ਸਰੂਪ ਈ.ਜੀ. 5.1 ਹੁਣ ਦੇਸ਼ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਇੰਗਲੈਂਡ ਦੇ ਸਿਹਤ ਅਧਿਕਾਰੀ ਨੇ ਕਿਹਾ ਹੈ ਕਿ ਇਹ ਸਰੂਪ ਤੇਜ਼ੀ ਨਾਲ ਫੈਲੇ ਓਮੀਕ੍ਰੋਨ ਤੋਂ ਪੈਦਾ ਹੋਇਆ ਹੈ। ਹਰ ਸੱਤ ਮਰੀਜ਼ਾਂ ’ਚੋਂ ਇਕ ਇਸ ਵੇਰੀਐਂਡ ਤੋਂ ਪ੍ਰਭਾਵਤ ਹੈ।
ਇਸ ਤੋਂ ਪਹਿਲਾਂ ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਵਲੋਂ ਨਵੇਂ ਕੋਵਿਡ ਮਾਮਲਿਆਂ ਨਾਲ-ਨਾਲ ਇਸ ਕਾਰਨ ਹਸਪਤਾਲਾਂ ’ਚ ਭਰਤੀ ਹੋਣ ਵਾਲਿਆਂ ਦੀ ਗਿਣਤੀ ’ਚ ਵਾਧਾ ਵੇਖਿਆ ਗਿਆ ਹੈ। ਜੂਨ ’ਚ ਲਗਭਗ 6300 ਕੋਵਿਡ-19 ਮਰੀਜ਼ ਹਸਪਤਾਲ ’ਚ ਭਰਤੀ ਸਨ, ਜਿਨ੍ਹਾਂ ਦੀ ਗਿਣਤੀ 22 ਜੁਲਾਈ ਨੂੰ ਖ਼ਤਮ ਹਫ਼ਤੇ ’ਚ ਵਧ ਕੇ 8 ਹਜ਼ਾਰ ਤੋਂ ਵੱਧ ਹੋ ਗਈ।

ਬਰਤਾਨੀਆਂ ਦੀ ਸਿਹਤ ਸੁਰਖਿਆ ਏਜੰਸੀ (ਯੂ.ਕੇ.ਐਸ.ਐਸ.ਏ.) ਨੇ ਕਿਹਾ ਕਿ ਈ.ਜੀ. 5.1 ਨੂੰ ‘ਏਰਿਸ’ ਉਪਨਾਮ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਹਰ ਸੱਤ ਨਵੇਂ ਮਾਮਲਿਆਂ ’ਚੋਂ ਇਕ ਮਾਮਲਾ ਇਸ ਸਰੂਪ ਦਾ ਸਾਹਮਣੇ ਆ ਰਿਹਾ ਹੈ।

ਕੌਮਾਂਤਰੀ ਪੱਧਰ ’ਤੇ, ਵਿਸ਼ੇਸ਼ ਕਰ ਕੇ ਏਸ਼ੀਆ ’ਚ ਵਧਦੇ ਮਾਮਲਿਆਂ ਕਾਰਨ ਦੇਸ਼ ’ਚ ਇਸ ਦੀ ਵਿਆਪਕਤਾ ਦਰਜ ਹੋਣ ਮਗਰੋਂ 31 ਜੁਲਾਈ ਨੂੰ ਇਸ ਨੂੰ ਕੋਵਿਡ ਦੇ ਇਕ ਸਰੂਪ ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਦੋ ਹਫ਼ਤੇ ਪਹਿਲਾਂ ਹੀ ਈ.ਜੀ. 5.1 ਸਰੂਪ ’ਤੇ ਉਸ ਸਮੇਂ ਨਜ਼ਰ ਰਖਣਾ ਸ਼ੁਰੂ ਕੀਤਾ ਸੀ ਜਦੋਂ ਡਬਲਿਊ.ਐਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਨੋਮ ਘੇਬਿਅਸ ਨੇ ਕਿਹਾ ਸੀ ਕਿ ਲੋਕ ਟੀਕਿਆਂ ਅਤੇ ਪਹਿਲਾਂ ਤੋਂ ਲਾਗ ਲੱਗਣ ਕਾਰਨ ਬਿਹਤਰ ਸੁਰਖਿਅਤ ਹਨ, ਪਰ ਦੇਸ਼ਾਂ ਨੂੰ ਅਪਣੀ ਚੌਕਸੀ ’ਚ ਕਮੀ ਨਹੀਂ ਆਉਣ ਦੇਣੀ ਚਾਹੀਦੀ।

ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਨਵਾਂ ਸਰੂਪ ਜ਼ਿਆਦਾ ਗੰਭੀਰ ਹੈ ਕਿਉਂਕਿ ਯੂ.ਕੇ.ਐਸ.ਐਸ.ਏ. ਦੇ ਤਾਜ਼ਾ ਅੰਕੜੇ ਵਿਖਾਉਂਦੇ ਹਨ ਕਿ ਇਹ ਹੁਣ ਦੇਸ਼ ਦੇ ਸਾਰੇ ਕੋਵਿਡ ਕੇਸਾਂ ਦਾ 14.6 ਫ਼ੀ ਸਦੀ ਹੈ। ਯੂ.ਕੇ.ਐਸ.ਐਸ.ਏ. ਦੇ ‘ਰੇਸਪੀਰੇਟਰੀ ਡੈਟਾਮਾਰਟ ਸਿਸਟਮ’ ਰਾਹੀਂ ਦਰਜ ਕੀਤੇ ਗਏ 4,396 ਨਮੂਨਿਆਂ ’ਚੋਂ, 5.4 ਫ਼ੀ ਸਦੀ ਕੋਵਿਡ-19 ਵਜੋਂ ਦਰਜ ਕੀਤੇ ਗਏ ਸਨ।

ਯੂ.ਕੇ.ਐਸ.ਐਸ.ਏ. ਟੀਕਾਕਰਨ ਦੀ ਮੁਖੀ ਡਾ. ਮੈਰੀ ਰਾਮਸੇ ਨੇ ਕਿਹਾ, ‘‘ਅਸੀਂ ਵੇਖ ਰਹੇ ਹਾਂ ਕਿ ਇਸ ਹਫ਼ਤੇ ਰੀਪੋਰਟ ਕੀਤੇ ਗਏ ਕੋਵਿਡ-19 ਮਾਮਲਿਆਂ ’ਚ ਲਗਾਤਾਰ ਵਾਧਾ ਜਾਰੀ ਹੈ। ਜ਼ਿਆਦਾਤਰ ਉਮਰ ਵਰਗ, ਖਾਸ ਕਰ ਕੇ ਬਜ਼ੁਰਗ ਵੱਡੀ ਗਿਣਤੀ ’ਚ ਹਸਪਤਾਲਾਂ ’ਚ ਆ ਰਹੇ ਹਨ।’’
ਉਨ੍ਹਾਂ ਕਿਹਾ, ‘‘ਨਿਯਮਿਤ ਹੱਥ ਧੋਣ ਨਾਲ ਤੁਹਾਨੂੰ ਕੋਵਿਡ-19 ਅਤੇ ਹੋਰ ਵਾਇਰਸਾਂ ਤੋਂ ਬਚਾਉਣ ’ਚ ਮਦਦ ਮਿਲਦੀ ਹੈ। ਜੇਕਰ ਤੁਹਾਡੇ ਕੋਲ ਸਾਹ ਦੀ ਬਿਮਾਰੀ ਦੇ ਲੱਛਣ ਹਨ, ਤਾਂ ਅਸੀਂ ਜਿੰਨਾ ਸੰਭਵ ਹੋ ਸਕੇ ਦੂਜਿਆਂ ਤੋਂ ਦੂਰ ਰਹਿਣ ਦੀ ਸਿਫਾਰਸ਼ ਕਰਦੇ ਹਾਂ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-