ਮੈਗਜ਼ੀਨ

ਗਰਮੀਆਂ ਵਿਚ ਸਿਹਤਮੰਦ ਰਹਿਣ ਲਈ ਖਾਉ ਹਰਾ ਸਲਾਦ

ਸਲਾਦ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ ਅਤੇ ਉਹ ਅਪਣੇ ਭੋਜਨ ਵਿਚ ਸਲਾਦ ਨੂੰ ਜ਼ਰੂਰ ਜਗ੍ਹਾ ਦਿੰਦੇ ਹਨ ਕਿਉਂਕਿ ਸਲਾਦ ਵਿਟਾਮਿਨ, ਖਣਿਜ ਅਤੇ ਫ਼ਾਈਬਰ ਵਰਗੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹਰਾ ਸਲਾਦ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਗਰਮੀਆਂ ਵਿਚ ਸਲਾਦ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਨੂੰ ਬਣਾਉਣ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ, ਖੀਰੇ ਦੀ ਵਰਤੋਂ ਕਰ ਸਕਦੇ ਹੋ। ਇਸ ਵਿਚ ਸ਼ਿਮਲਾ ਮਿਰਚ, ਗਾਜਰ, ਟਮਾਟਰ ਅਤੇ ਪਿਆਜ਼ ਵੀ ਮਿਲਾਇਆ ਜਾਂਦਾ ਹੈ। ਸਲਾਦ ਬਣਾਉਣ ਤੋਂ ਬਾਅਦ ਤੁਸੀਂ ਇਸ ਨੂੰ ਹਰੇ ਧਨੀਏ ਨਾਲ ਸਜਾਵਟ ਕਰ ਸਕਦੇ ਹੋ ਜਿਸ ਨਾਲ ਸਲਾਦ ਵਧੀਆ ਲਗਦਾ ਹੈ।

ਆਉ ਜਾਣਦੇ ਹਾਂ ਹਰਾ ਸਲਾਦ ਖਾਣ ਦੇ ਕੀ ਫ਼ਾਇਦੇ ਹਨ:

ਗਾਜਰ ਨੂੰ ਸਲਾਦ ਦਾ ਹਿੱਸਾ ਜ਼ਰੂਰ ਬਣਾਉ। ਇਸ ਵਿਚ ਬੀਟਾ ਕੈਰੋਟੀਨ ਨਾਂ ਦਾ ਵਿਟਾਮਿਨ ਹੁੰਦਾ ਹੈ। ਇਹ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਦਾ ਹੈ, ਇਹ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਨੂੰ ਸ਼ੂਗਰ, ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ। ਹਰ ਰੋਜ਼ ਭੋਜਨ ਦੇ ਨਾਲ ਸਲਾਦ ਖਾਉ। ਪੱਤੇਦਾਰ ਸਬਜ਼ੀਆਂ ਜਿਵੇਂ ਗੋਭੀ, ਪਾਲਕ ਤੋਂ ਬਣੇ ਸਲਾਦ ਦਾ ਸੇਵਨ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ, ਇਹ ਵਿਟਾਮਿਨ ਬੀ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਥਕਾਵਟ ਦੂਰ ਕਰਨ ਦੇ ਨਾਲ-ਨਾਲ ਤੁਹਾਡਾ ਮੂਡ ਵੀ ਠੀਕ ਕਰਦਾ ਹੈ। ਇਨ੍ਹਾਂ ਸਬਜ਼ੀਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਖਾਣ ਨਾਲ ਸਰੀਰ ਨੂੰ ਪੋਸ਼ਕ ਤੱਤ ਮਿਲਦੇ ਹਨ।

ਗਰਮੀਆਂ ਦੇ ਮੌਸਮ ਵਿਚ ਅਕਸਰ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ। ਹਰੇ ਸਲਾਦ ਵਿਚ ਜੋ ਚੀਜ਼ਾਂ ਪਾਈਆਂ ਜਾਣ ਉਹ ਪੇਟ ਨੂੰ ਕਾਫ਼ੀ ਫ਼ਾਇਦਾ ਪਹੁੰਚਾਉਂਦੀਆਂ ਹਨ। ਹਰੇ ਸਲਾਦ ਵਿਚ ਵਿਟਾਮਿਨ ਏ, ਬੀ1, ਬੀ6, ਸੀ, ਆਇਰਨ ਅਤੇ ਪੋਟਾਸ਼ੀਅਮ ਹੁੰਦਾ ਹੈ। ਇਸ ਨਾਲ ਹੀ ਇਸ ਵਿਚ 90 ਫ਼ੀ ਸਦੀ ਪਾਣੀ ਮਿਲ ਜਾਂਦਾ ਹੈ। ਖੀਰੇ ਨੂੰ ਹਰੇ ਸਲਾਦ ਦਾ ਹਿੱਸਾ ਬਣਾਉ, ਇਹ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-