ਮੈਗਜ਼ੀਨ

ਮਾਂ ਦੀ ਪੌਸ਼ਟਿਕ ਖੁਰਾਕ ਉਸ ਦੇ ਪੋਤੇ-ਪੋਤੀਆਂ ’ਚ ਇਕ ਸਿਹਤਮੰਦ ਦਿਮਾਗ ਨੂੰ ਯਕੀਨੀ ਬਣਾ ਸਕਦੀ ਹੈ: ਅਧਿਐਨ

ਜੈਨੇਟਿਕ ਮਾਡਲ ਦੀ ਵਰਤੋਂ ਕਰਦੇ ਹੋਏ ਮੋਨਾਸ਼ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਜਿਹੜੀਆਂ ਔਰਤਾਂ ਅਪਣੀ ਗਰਭ ਅਵਸਥਾ ਦੇ ਸ਼ੁਰੂ ਵਿਚ ਸੇਬ ਅਤੇ ਜੜੀ-ਬੂਟੀਆਂ ਦਾ ਸੇਵਨ ਕਰਦੀਆਂ ਹਨ, ਉਹ ਅਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਵਿਚ ਦਿਮਾਗੀ ਨੁਕਸ ਪੈਦਾ ਤੋਂ ਰਾਖੀ ਕਰ ਸਕਦੀਆਂ ਹਨ। ਇਹ ਅਧਿਐਨ ਇਕ ਪ੍ਰਾਜੈਕਟ ਦਾ ਹਿੱਸਾ ਹੈ। ਅਧਿਐਨ ’ਚ ਪਾਇਆ ਗਿਆ ਕਿ ਇਕ ਗਰਭਵਤੀ ਔਰਤ ਦੀ ਖੁਰਾਕ ਨਾ ਸਿਰਫ਼ ਉਸ ਦੇ ਬੱਚੇ ਬਲਕਿ ਉਸ ਦੇ ਪੋਤੇ-ਪੋਤੀਆਂ ਦੇ ਦਿਮਾਗ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ।

‘ਨੇਚਰ ਸੈੱਲ ਬਾਇਓਲੋਜੀ’ ’ਚ ਪ੍ਰਕਾਸ਼ਤ ਮੋਨਾਸ਼ ਬਾਇਓਮੈਡੀਸਨ ਡਿਸਕਵਰੀ ਇੰਸਟੀਚਿਊਟ ਦੇ ਅਧਿਐਨ ’ਚ ਪਾਇਆ ਗਿਆ ਹੈ ਕਿ ਕੁਝ ਭੋਜਨ ਦਿਮਾਗ ਦੇ ਕੰਮ ’ਚ ਗਿਰਾਵਟ ਨੂੰ ਰੋਕਣ ’ਚ ਮਦਦ ਕਰ ਸਕਦੇ ਹਨ। ਅਧਿਐਨ ’ਚ ‘ਰਾਊਂਡਵਰਮ’ (ਕੈਨੋਰਹੈਬਡਾਇਟਿਸ ਐਲੀਗਨਸ) ਨਾਮਕ ਕੀੜੇ ਦੀ ਇਕ ਕਿਸਮ ਦੀ ਜੈਨੇਟਿਕ ਮਾਡਲ ਵਜੋਂ ਵਰਤੋਂ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਬਹੁਤ ਸਾਰੇ ਜੀਨ ਮਨੁੱਖਾਂ ’ਚ ਵੀ ਪਾਏ ਜਾਂਦੇ ਹਨ, ਜੋ ਮਨੁੱਖੀ ਸੈੱਲਾਂ ਦੇ ਸੰਦਰਭ ’ਚ ਸਮਝ ਪ੍ਰਦਾਨ ਕਰਦੇ ਹਨ।

ਖੋਜਕਰਤਾਵਾਂ ਨੇ ਵੇਖਿਆ ਕਿ ਸੇਬ ਅਤੇ ਜੜੀ-ਬੂਟੀਆਂ ਜਿਵੇਂ ਕਿ ਤੁਲਸੀ, ਗੁਲਮੇਂਹਦੀ (ਰੋਜ਼ਮੇਰੀ), ਜਵੈਣ ਅਤੇ ਤੇਜਪਾਤ ’ਚ ਮੌਜੂਦ ਇਕ ਖਾਸ ਅਣੂ ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ’ਚ ਮਦਦ ਕਰਦਾ ਹੈ। ਸੀਨੀਅਰ ਪ੍ਰੋਫੈਸਰ ਰੋਜਰ ਪੋਕੌਕ ਨੇ ਅਪਣੀ ਟੀਮ ਨਾਲ ਦਿਮਾਗ ’ਚ ਨਰਵ ਸੈੱਲਾਂ ’ਤੇ ਅਧਿਐਨ ਕੀਤਾ। ਇਹ ਸੈੱਲ ਇਕ-ਦੂਜੇ ਤੋਂ ਲਗਭਗ ਸਾਢੇ ਅੱਠ ਲੱਖ ਕਿਲੋਮੀਟਰ ਲੰਮੀ ਇਕ ਕਿਸਮ ਦੀ ਕੇਬਲ ਰਾਹੀਂ ਇਕ ਦੂਜੇ ਨਾਲ ਜੁੜੇ ਹੋਏ ਹਨ, ਜਿਸ ਨੂੰ ‘ਐਕਸੋਨ’ ਕਿਹਾ ਜਾਂਦਾ ਹੈ। ਪੋਕੌਕ ਨੇ ਦਸਿਆ ਕਿ ਜੇਕਰ ਕਿਸੇ ਸਮੱਸਿਆ ਕਾਰਨ ਨਰਵ ਕੋਸ਼ਿਕਾਵਾਂ ‘ਐਕਸੋਨ’ ਕਮਜ਼ੋਰ ਹੋ ਜਾਂਦੀਆਂ ਹਨ, ਤਾਂ ਦਿਮਾਗੀ ਕਮਜ਼ੋਰੀ ਅਤੇ ‘ਨਿਊਰੋਡੀਜਨਰੇਸ਼ਨ’ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਉਸ ਨੇ ਕਿਹਾ ਕਿ ਉਸ ਦੀ ਟੀਮ ਨੇ ਇਕ ਕਮਜ਼ੋਰ ‘ਐਕਸੋਨ’ ਵਾਲੇ ਜੈਨੇਟਿਕ ਮਾਡਲ ਦੀ ਵਰਤੋਂ ਕੀਤੀ ਜੋ ਜਾਨਵਰਾਂ ਦੀ ਉਮਰ ਦੇ ਨਾਲ ਟੁੱਟ ਜਾਂਦਾ ਹੈ।
ਪੋਕੌਕ ਨੇ ਕਿਹਾ, ‘‘ਅਸੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਖੁਰਾਕ ’ਚ ਪਾਏ ਜਾਣ ਵਾਲੇ ਕੁਦਰਤੀ ਉਤਪਾਦ ਇਨ੍ਹਾਂ ਸੈੱਲਾਂ ਨੂੰ ਸਥਿਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਟੁੱਟਣ ਤੋਂ ਰੋਕ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਅਪਣੇ ਅਧਿਐਨ ’ਚ ਪਾਇਆ ਹੈ ਕਿ ਜੋ ਔਰਤਾਂ ਸੇਬ ਅਤੇ ਜੜੀ-ਬੂਟੀਆਂ ਦਾ ਸੇਵਨ ਕਰਦੀਆਂ ਹਨ, ਉਹ ਅਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਦਿਮਾਗੀ ਸਿਹਤ ਦੀ ਰੱਖਿਆ ਕਰ ਸਕਦੀਆਂ ਹਨ।’’

ਪੋਕੌਕ ਨੇ ਕਿਹਾ, ‘‘ਅਸੀਂ ਸੇਬ ਅਤੇ ਜੜੀ ਬੂਟੀਆਂ ’ਚ ਪਾਏ ਜਾਣ ਵਾਲੇ ਇਕ ਅਣੂ ਦੀ ਪਛਾਣ ਕੀਤੀ ਹੈ ਜੋ ‘ਐਕਸੋਨ’ ਨੂੰ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ… ਉਰਸੋਲਿਕ ਅਮਲ। ਅਸੀਂ ਵੇਖਿਆ ਕਿ ਇਹ ਅਮਲ ਇਕ ਖਾਸ ਕਿਸਮ ਦੀ ਚਰਬੀ ਬਣਾਉਂਦਾ ਹੈ ਜੋ ਐਕਸੋਨ ਨੂੰ ਵਿਗਾੜ ਤੋਂ ਬਚਾਉਂਦਾ ਹੈ। ਇਹ ਚਰਬੀ, ਜਿਸ ਨੂੰ ਸਫਿੰਗੋਲਿਪੀਡ ਕਿਹਾ ਜਾਂਦਾ ਹੈ, ਮਾਂ ਦੀਆਂ ਅੰਤੜੀਆਂ ਤੋਂ ਉਸ ਦੇ ਅੰਡੇ ’ਚ ਜਾਂਦਾ ਹੈ ਅਤੇ ਫਿਰ ਦੂਜੀ ਪੀੜ੍ਹੀ ਤਕ ਪੁੱਜਦਾ ਹੈ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-