ਟਾਪ ਨਿਊਜ਼ਭਾਰਤ

ਗਿਆਨਵਾਪੀ ਮਸਜਿਦ ਕੰਪਲੈਕਸ ’ਚ ਤੀਜੇ ਦਿਨ ਵੀ ਸ਼ਾਮ ਪੰਜ ਵਜੇ ਤਕ ਚਲਿਆ ਸਰਵੇ

ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ’ਚ ਪਾਰਤੀ ਪੁਰਾਤੱਤਵ ਸਰਵੇਖਣ (ਏ.ਐਸ.ਆਈ.) ਨੇ ਐਤਵਾਰ ਨੂੰ ਤੀਜੇ ਦਿਨ ਵੀ ਗਿਆਨਵਾਪੀ ਮਸਿਜਦ ਕੰਪਲੈਕਸ ’ਚ ਪੁਰਾਤਾਤਵਿਕ ਸਰਵੇਖਣ ਦਾ ਕੰਮ ਸ਼ੁਰੂ ਕੀਤਾ, ਜੋ ਸ਼ਾਮ ਪੰਜ ਵਜ ਤਕ ਚਿਲਆ। ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਐਤਵਾਰ ਸ਼ਾਮ ਨੂੰ ਇਹ ਜਾਣਕਾਰੀ ਦਿਤੀ।

ਇਸ ਦੌਰਾਨ ਮੁਸਲਿਮ ਧਿਰ ਨੇ ਸਰਵੇਖਣ ਨੂੰ ਲੈ ਕੇ ਝੂਠੀਆਂ ਖ਼ਬਰਾਂ ਫੈਲਾਉਣ ਦਾ ਦੋਸ਼ ਲਾਉਂਦਿਆਂ ਪ੍ਰਕਿਰਿਆ ਤੋਂ ਵੱਖ ਹੋਣ ਦੀ ਚੇਤਾਵਨੀ ਦਿਤੀ। ਹਿੰਦੂ ਧਿਰ ਦੇ ਵਕੀਲ ਵਿਸ਼ਣੂ ਸ਼ੰਕਰ ਜੈਨ ਨੇ ਕਿਹਾ ਕਿ ਐਤਵਾਰ ਨੂੰ ਤਿੰਨੇ ਗੁੰਬਦਾਂ ਹੇਠਾਂ ਵਿਗਿਆਨਕ ਜਾਂਚ ਕੀਤੀ ਗਈ। ਉਥੇ ਫ਼ੋਟੋਗ੍ਰਾਫ਼ੀ, ਮਾਨਚਿਤਰਣ ਅਤੇ ਮਾਪਣ ਦਾ ਕੰਮ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਤਿੰਨ ਤਹਿਖ਼ਾਨਿਆਂ ਦੀ ਸਫ਼ਾਈ ਕਰਵਾ ਦਿਤੀ ਗਈ ਹੈ, ਵਿਆਸ ਜੀ ਦੇ ਤਹਿਖ਼ਾਨੇ ਦਾ ਵੀ ਸਰਵੇਖਣ ਕੀਤਾ ਗਿਆ ਹੈ। ਸਰਵੇਖਣ ਦੇ ਕੰਮ ’ਚ ਅਜੇ ਸਮਾਂ ਲੱਗੇਗਾ। ਇਸ ਦੌਰਾਨ ਗਿਆਨਵਾਪੀ ਮਸਜਿਦ ਦੀ ਦੇਖ-ਰੇਖ ਲਈ ਜ਼ਿੰਮੇਵਾਰ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਦੇ ਸੰਯੁਕਤ ਸਕੱਤਰ ਸਈਅਦ ਮੁਹੰਮਦ ਯਾਸੀਨ ਨੇ ਦਸਿਆ ਕਿ ਸਰਵੇਖਣ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੁਸਲਿਮ ਧਿਰ ਨੇ ਦੂਜੇ ਦਿਨ ਵੀ ਸਰਵੇਖਣ ਵਿਚ ਹਿੱਸਾ ਲਿਆ ਅਤੇ ਅੱਜ ਵੀ ਇਸ ਦੇ ਵਕੀਲ ਪ੍ਰਕਿਰਿਆ ਵਿਚ ਹਨ। ਪਰ ਸਰਵੇਖਣ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਬੇਬੁਨਿਆਦ ਗੱਲਾਂ ਫੈਲਾਈਆਂ ਜਾ ਰਹੀਆਂ ਹਨ, ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਮੁਸਲਿਮ ਧਿਰ ਮੁੜ ਸਰਵੇਖਣ ਦਾ ਬਾਈਕਾਟ ਕਰ ਸਕਦੀ ਹੈ।

ਯਾਸੀਨ ਨੇ ਦੋਸ਼ ਲਾਇਆ ਕਿ ਸ਼ਨਿਚਰਵਾਰ ਨੂੰ ਸਰਵੇਖਣ ਦੌਰਾਨ ਮੀਡੀਆ ਦੇ ਇਕ ਹਿੱਸੇ ਨੇ ਅਫਵਾਹ ਫੈਲਾਈ ਕਿ ਮਸਜਿਦ ਦੇ ਅੰਦਰ ਤਹਿਖਾਨੇ ਵਿਚ ਮੂਰਤੀਆਂ, ਤ੍ਰਿਸ਼ੂਲ ਅਤੇ ਕਲਸ਼ ਮਿਲੇ ਹਨ, ਜਿਸ ਤੋਂ ਮੁਸਲਮਾਨ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਹਰਕਤਾਂ ਨੂੰ ਨੱਥ ਨਾ ਪਾਈ ਗਈ ਤਾਂ ਮੁਸਲਿਮ ਧਿਰ ਇਕ ਵਾਰ ਫਿਰ ਸਰਵੇਖਣ ਦਾ ਬਾਈਕਾਟ ਕਰ ਸਕਦੀ ਹੈ।

ਹਿੰਦੂ ਪੱਖ ਦੀ ਇਕ ਮੁਦਈ ਸੀਤਾ ਸਾਹੂ ਨੇ ਸਨਿਚਰਵਾਰ ਨੂੰ ਇਮਾਰਤ ਤੋਂ ਬਾਹਰ ਆਉਣ ਤੋਂ ਬਾਅਦ ਦਸਿਆ ਸੀ ਕਿ ਗਿਆਨਵਾਪੀ ਕੰਪਲੈਕਸ ਦੀ ਪਛਮੀ ਕੰਧ ’ਤੇ ਅੱਧੇ ਜਾਨਵਰ ਅੱਧੀ ਦੇਵੀ ਦੀ ਮੂਰਤੀ ਵੇਖੀ ਗਈ ਸੀ, ਅਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਤਹਿਖਾਨੇ ’ਚ ਵੀ ਖੰਡਿਤ ਮੂਰਤੀਆਂ ਅਤੇ ਥੰਮ੍ਹ ਮਿਲੇ ਹਨ।

ਸੁਪਰੀਮ ਕੋਰਟ ਨੇ ਪਿਛਲੇ ਸ਼ੁਕਰਵਾਰ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਏ.ਐਸ.ਆਈ. ਸਰਵੇਖਣ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿਤਾ ਸੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਵੀ ਇਸੇ ਮੰਗ ਨੂੰ ਲੈ ਕੇ ਮੁਸਲਿਮ ਪੱਖ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿਤਾ ਸੀ, ਜਿਸ ਤੋਂ ਬਾਅਦ ਸ਼ੁਕਰਵਾਰ ਨੂੰ ਕੈਂਪਸ ’ਚ ਸਰਵੇਖਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-