ਦੇਸ਼-ਵਿਦੇਸ਼ਫੀਚਰਜ਼

ਨੇਪਾਲ ਤੋਂ ਜਹਾਜ਼ ਹਾਈਜੈਕ ਹੋਣ ਤੋਂ 24 ਸਾਲ ਬਾਅਦ ਪਾਇਲਟ ਨੇ ਇਕ ਰਾਜ਼ ਤੋਂ ਪਰਦਾ ਚੁਕਿਆ

ਨਵੀਂ ਦਿੱਲੀ: ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈ.ਸੀ.-814 ਨੂੰ ਨੇਪਾਲ ਦੇ ਕਾਠਮੰਡੂ ਤੋਂ ਹਾਈਜੈਕ ਕੀਤੇ ਜਾਣ ਤੋਂ 24 ਸਾਲ ਬਾਅਦ ਉਸ ਦੇ ਪਾਈਲਟ ਕੈਪਟਨ ਦੇਵੀ ਸ਼ਰਨ ਨੇ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਨੇ ਜਹਾਜ਼ ਨੂੰ ਇਕ ਨੈਸ਼ਨਲ ਹਾਈਵੇ ’ਤੇ ਹੰਗਾਮੀ ਸਥਿਤੀ ’ਚ ਉਤਾਰਨ ਦਾ ਨਾਟਕ ਕਰ ਕੇ ਲਾਹੌਰ ’ਚ ਹਵਾਈ ਆਵਾਜਾਈ ਕੰਟਰੋਲ (ਏ.ਟੀ.ਸੀ.) ਨੂੰ ਡਰਾਉਣ ਦੀ ਗੁਪਤ ਯੋਜਨਾ ਬਣਾਈ ਸੀ।

ਅਜੇ ਤਕ ਅਜਿਹਾ ਮੰਨਿਆ ਜਾਂਦਾ ਸੀ ਕਿ ਕੈਪਟਨ ਸ਼ਰਨ, ਉਨ੍ਹਾਂ ਦੇ ਸਹਿ-ਪਾਈਲਟ ਰਜਿੰਦਰ ਕੁਮਾਰ ਅਤੇ ਫ਼ਲਾਈਟ ਇੰਜਨੀਅਰ ਏ.ਕੇ. ਜੱਗੀਆ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਫੈਸਲੇ ਵਿਰੁਧ ਜਾ ਕੇ ਜਹਾਜ਼ ਨੂੰ ਲਾਹੌਰ ਹਵਾਈ ਅੱਡੇ ’ਤੇ ਉਤਾਰਨ ਦਾ ਫੈਸਲਾ ਕੀਤਾ ਸੀ ਅਤੇ ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਇਕ ਨੈਸ਼ਨਲ ਹਾਈਵੇ ਨੂੰ ਰਨਵੇ ਸਮਝ ਲਿਆ ਸੀ, ਕਿਉਂਕਿ ਰਨਵੇ ਦੀ ਲਾਈਟ ਬੰਦ ਕਰ ਦਿਤੀ ਗਈ ਸੀ।

ਜਹਾਜ਼ ਨੈਸ਼ਨਲ ਹਾਈਵੇ ’ਤੇ ਉਤਰਨ ਤੋਂ ਵਾਲ-ਵਾਲ ਬਚਿਆ ਸੀ। ਦਰਅਸਲ, ਪਾਈਲਟਾਂ ਨੂੰ ਤੁਰਤ ਹੀ ਪਤਾ ਲੱਗ ਗਿਆ ਸੀ ਕਿ ਇਹ ਰਨਵੇ ਦੀ ਬਜਾਏ ਨੈਸ਼ਨਲ ਹਾਈਵੇ ਹੈ ਅਤੇ ਉਸ ਨੇ ਤੁਰਤ ਉਪਰ ਵਲ ਉਡਾਨ ਭਰ ਲਈ ਸੀ। ਜੱਗੀਆ ਨੇ 2003-04 ’ਚ ਮੀਡੀਆ ਨੂੰ ਆਈ.ਸੀ.-814 ਦੇ ਹਾਈਜੈਕ ਹੋਣ ਦੀ ਕਹਾਣੀ ਸੁਣਾਉਂਦਿਆਂ ਦਸਿਆ ਸੀ ਕਿ ਜਦੋਂ ਏ.ਟੀ.ਸੀ. ਨੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਜਹਾਜ਼ ਉਤਾਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਰਨਵੇ ਤੇ ਹਵਾਈ ਅੱਡੇ ਦੀ ਲਾਈਟ ਬੰਦ ਕਰ ਦਿਤੀ ਸੀ ਤਾਂ ਉਨ੍ਹਾਂ ਕੋਲ ਹਨੇਰੇ ’ਚ ਰਨਵੇ ਦੀ ਭਾਲ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ, ਕਿਉਂਕਿ ਜਹਾਜ਼ ’ਚ ਫ਼ਿਊਲ ਬਹੁਤ ਘੱਟ ਬਚਿਆ ਸੀ।

ਜੱਗੀਆ ਅਨੁਸਾਰ, ਅਜਿਹਾ ਕਰਦਿਆਂ ਉਨ੍ਹਾਂ ਨੇ ਜਹਾਜ਼ ਨੂੰ ਇਕ ਨੈਸ਼ਨਲ ਹਾਈਵੇ ’ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਉਨ੍ਹਾਂ ਨੂੰ ਆਸਮਾਨ ਤੋਂ ਇਹ ਲੰਮਾ ਰਸਤਾ ਕਿਸੇ ਰਨਵੇ ਵਾਂਗ ਲਗ ਰਿਹਾ ਸੀ, ਪਰ ਜਦੋਂ ਉਹ ਹੇਠਾਂ ਉਤਰਦੇ ਸਮੇਂ ਉਸ ਨੇੜੇ ਪੁੱਜੇ ਤਾਂ ਅਚਾਨਕ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਕੋਈ ਸੜਕ ਹੈ।

ਜੱਗੀਆ ਨੇ ਕਿਹਾ ਸੀ, ‘‘ਪਾਇਲਟ ਨੇ ਬਗ਼ੈਰ ਸਮਾਂ ਗੁਆਏ ਮੁੜ ਉਡਾਨ ਭਰ ਲਈ।’’ ਜੱਗੀਆ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।
ਹਾਲਾਂਕਿ ਕੈਪਟਨ ਸ਼ਰਨ ਨੇ 31 ਜੁਲਾਈ ਤੋਂ ਪੰਜ ਅਗੱਸਤ ਤਕ ‘ਜਹਾਜ਼ ਸੁਰੱਖਿਆ ਸਭਿਆਚਾਰ ਹਫ਼ਤਾ’ ਮੌਕੇ ਹੋਏ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਕਾਕਪਿਟ ’ਚ ਮੇਰੇ ਪਿੱਛੇ ਦੋ ਅਤਿਵਾਦੀ ਖੜੇ ਸਨ ਅਤੇ ਜੇ ਮੈਂ ਅਪਣੇ ਸਹਿ-ਪਾਈਲਟ ਜਾਂ ਟੀਮ ਦੇ ਮੈਂਬਰ ਨੂੰ ਕੁਝ ਵੀ ਕਹਿੰਦਾ ਤਾਂ ਅਤਿਵਾਦੀ ਸਭ ਕੁਝ ਸਮਝ ਜਾਂਦੇ। ਇਸ ਲਈ ਮੈਂ ਕੁਝ ਚੀਜ਼ਾਂ ਅਪਣੇ ਤਕ ਸੀਮਤ ਰੱਖਣ ਦਾ ਫੈਸਲਾ ਕੀਤਾ।’’

ਪ੍ਰੋਗਰਾਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕੈਪਟਨ ਸ਼ਰਨ ਨੇ ਕਿਹਾ, ‘‘ਜਦੋਂ ਲਾਹੌਰ ਏ.ਟੀ.ਸੀ. ਨੇ ਜਹਾਜ਼ ਨੂੰ ਉਤਾਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਮੈਂ ਜਹਾਜ਼ ਨੂੰ ਹੰਗਾਮੀ ਸਥਿਤੀ ’ਚ ਉਤਾਰਨ ਦਾ ਨਾਟਕ ਕਰਨ ਦੀ ਯੋਜਨਾ ਬਣਾਈ, ਤਾਕਿ ਇਸ ਨਾਲ ਉਨ੍ਹਾਂ ’ਤੇ ਰਨਵੇ ਦੀ ਲਾਈਟ ਜਗਾਉਣ ਅਤੇ ਸਾਨੂੰ ਉਥੇ ਜਹਾਜ਼ ਉਤਾਰਨ ਦੀ ਇਜਾਜ਼ਤ ਦੇਣ ਦਾ ਦਬਾਅ ਬਣੇ।’’

ਜਹਾਜ਼ ’ਚ ਲੱਗਾ ‘ਟਰਾਂਸਪੌਂਡਰ’ ਨਾਮਕ ਉਪਕਰਨ ਏ.ਟੀ.ਸੀ. ਨੂੰ ਲੋਕੇਸ਼ਨ ਦੀ ਜਾਣਕਾਰੀਆਂ ਮੁਹਈਆ ਕਰਵਾਉਂਦਾ ਹੈ ਅਤੇ ਉਨ੍ਹਾਂ ਅਨੁਸਾਰ ਇਸ ਉਪਕਰਨ ਦੀ ਮਦਦ ਨਾਲ ਲਾਹੌਰ ਏ.ਟੀ.ਸੀ਼ ਨੂੰ ਲੱਗਾ ਕਿ ਉਹ ਜਹਾਜ਼ ਨੂੰ ਹੰਗਾਮੀ ਸਥਿਤੀ ’ਚ ਉਤਾਰਨ ਜਾ ਰਹੇ ਹਨ।
ਕੈਪਟਨ ਸ਼ਰਨ ਨੇ ਕਿਹਾ, ‘‘ਸੱਚ ਮੰਨੋ, ਮੇਰੀ ਇਹ ਯੋਜਨਾ ਰੰਗ ਲਿਆਈ ਅਤੇ ਮੈਨੂੰ ਏ.ਟੀ.ਸੀ. ਤੋਂ ਤੁਰਤ ਸੰਦੇਸ਼ ਮਿਲਿਆ ਕਿ ਰਨਵੇ ਖੁਲ੍ਹਾ ਹੈ ਅਤੇ ਅਸੀਂ ਉਥੇ ਜਹਾਜ਼ ਨੂੰ ਸੁਰਖਿਅਤ ਉਤਾਰਿਆ।’’

ਕੈਪਟਨ ਸ਼ਰਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਸਹਿ-ਪਾਈਲਟ ਅਤੇ ਟੀਮ ਨੂੰ ਕਦੇ ਇਸ ਗੁਪਤ ਯੋਜਨਾ ਬਾਰੇ ਨਹੀਂ ਦਸਿਆ ਸੀ।
ਜ਼ਿਕਰਯੋਗ ਹੈ ਕਿ ਆਈ.ਸੀ਼-814 ਨੂੰ 24 ਦਸੰਬਰ, 1999 ਨੂੰ ਸ਼ਾਮ ਚਾਰ ਵਜੇ ਕਾਠਮੰਡੂ ਤੋਂ ਉਡਾਨ ਭਰਨ ਤੋਂ 40 ਮਿੰਟ ਬਾਅਦ ਪੰਜ ਅਤਿਵਾਦੀਆਂ ਨੇ ਹਾਈਜੈਕ ਕਰ ਲਿਆ ਸੀ।

ਜਹਾਜ਼ ’ਚ ਸਵਾਰ ਲਗਪਗ 180 ਮੁਸਾਫ਼ਰ ਅੱਠ ਦਿਨਾਂ ਤਕ ਬੰਧਕ ਬਣੇ ਰਹੇ ਸਨ। ਇਸ ਜਹਾਜ਼ ਨੇ ਕਾਠਮੰਡੂ ਤੋਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਦੀ ਉਡਾਨ ਭਰੀ ਸੀ। ਲਾਹੌਰ ਤੋਂ ਜਹਾਜ਼ ’ਚ ਮੁੜ ਫ਼ਿਊਲ ਭਰਿਆ ਗਿਆ ਅਤੇ ਇਹ ਦੁਬਈ ਰਵਾਨਾ ਹੋਇਆ। ਦੁਬਈ ਤੋਂ ਇਹ ਕੰਧਾਰ ਗਿਆ, ਜਿੱਥੇ 31 ਦਸੰਬਰ ਨੂੰ ਸਾਰੇ ਮੁਸਾਫ਼ਰਾਂ ਨੂੰ ਛੱਡ ਦਿਤਾ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-