ਫ਼ੁਟਕਲ

ਨੂਹ ਹਿੰਸਾ ‘ਚ AAP ਨੇਤਾ ‘ਤੇ FIR, ਬਜਰੰਗ ਦਲ ਦੇ ਨੇਤਾ ਦੀ ਹੱਤਿਆ ਦੇ ਲੱਗੇ ਦੋਸ਼, AAP ਨੇਤਾ ਨੇ ਦੋਸ਼ ਨਕਾਰੇ

ਕਰਨਾਲ – ਹਰਿਆਣਾ ਦੇ ਨੂਹ ‘ਚ ਹਿੰਸਾ ਦੌਰਾਨ ਸਹਾਰਾ ਹੋਟਲ ਜਿੱਥੇ ਪਥਰਾਅ ਹੋਇਆ ਸੀ, ਉਸ ਨੂੰ ਪ੍ਰਸ਼ਾਸਨ ਨੇ ਢਾਹ ਦਿੱਤਾ ਹੈ।   ਐਤਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਇਸ ਹੋਟਲ ਨੂੰ ਬੁਲਡੋਜ਼ਰ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਨੂਹ ਵਿਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾ ਰਿਹਾ ਹੈ। ਪੁਲਸ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਰੇ 31 ਜੁਲਾਈ ਦੀ ਹਿੰਸਾ ‘ਚ ਸ਼ਾਮਲ ਦੰਗਾਕਾਰੀਆਂ ਨਾਲ ਸਬੰਧਤ ਹਨ ਜਾਂ ਫਿਰ ਇਨ੍ਹਾਂ ਨੂੰ ਦੰਗੇ ਫੈਲਾਉਣ ਲਈ ਵਰਤਿਆ ਗਿਆ ਸੀ।

ਦੂਜੇ ਪਾਸੇ ਨੂਹ ਹਿੰਸਾ ਦੌਰਾਨ ਗੁਰੂਗ੍ਰਾਮ ਦੇ ਪ੍ਰਦੀਪ ਸ਼ਰਮਾ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਜਾਵੇਦ ਅਹਿਮਦ ਸਮੇਤ 150 ਲੋਕਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਗੁਰੂਗ੍ਰਾਮ ਦੇ ਸੋਹਨਾ ‘ਚ ਦਰਜ ਕੀਤਾ ਗਿਆ ਹੈ। ਹਾਲਾਂਕਿ ਜਾਵੇਦ ਦਾ ਕਹਿਣਾ ਹੈ ਕਿ ਇਹ ਮਾਮਲਾ ਗਲਤ ਹੈ ਕਿਉਂਕਿ ਉਹ ਉਸ ਦਿਨ ਇਲਾਕੇ ‘ਚ ਨਹੀਂ ਸੀ।

ਜਾਵੇਦ ਖ਼ਿਲਾਫ਼ ਦਰਜ ਕਰਵਾਈ ਐਫਆਈਆਰ ਵਿਚ ਪਵਨ ਨੇ ਦੱਸਿਆ ਕਿ 31 ਜੁਲਾਈ ਦੀ ਰਾਤ 10.30 ਵਜੇ ਉਹ ਕਾਰ ਵਿਚ ਨੂਹ ਤੋਂ ਸੋਹਨਾ ਜਾ ਰਹੇ ਸੀ। ਵਿਚਕਾਰ, ਨੂਹ ਪੁਲਿਸ ਨੇ ਸਾਡੀ ਮਦਦ ਕੀਤੀ ਅਤੇ ਸਾਨੂੰ ਕੇਐਮਪੀ ਹਾਈਵੇ ਤੱਕ ਛੱਡ ਦਿੱਤਾ। ਸਾਨੂੰ ਦੱਸਿਆ ਕਿ ਅੱਗੇ ਦਾ ਰਸਤਾ ਸਾਫ਼ ਹੈ ਨਿਕਲ ਜਾਓ।

ਉਸ ਨੇ ਕਿਹਾ ਕਿ ਜਦੋਂ ਉਹ ਨਿਰੰਕਾਰੀ ਕਾਲਜ ਦੇ ਨੇੜੇ ਪਹੁੰਚੇ ਤਾਂ ਉੱਥੇ 150 ਲੋਕ ਖੜ੍ਹੇ ਸਨ। ਉਨ੍ਹਾਂ ਦੇ ਹੱਥਾਂ ਵਿਚ ਪੱਥਰ, ਲੋਹੇ ਦੀਆਂ ਰਾਡਾਂ ਅਤੇ ਪਿਸਤੌਲ ਸਨ। ਉਹਨਾਂ ਵਿਚ ਜਾਵੇਦ ਵੀ ਮੌਜੂਦ ਸੀ।

ਜਾਵੇਦ ਦੇ ਕਹਿਣ ‘ਤੇ ਗੁੱਸੇ ‘ਚ ਆਈ ਭੀੜ ਨੇ ਸਾਡੇ ‘ਤੇ ਹਮਲਾ ਕਰ ਦਿੱਤਾ। ਸਾਡੀ ਕਾਰ ‘ਤੇ ਪੱਥਰ ਸੁੱਟੇ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਉਸ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਤਾਂ ਪੁਲਿਸ ਉਥੇ ਆ ਗਈ। ਉਹ ਮੈਨੂੰ ਅਤੇ ਗਣਪਤ ਨੂੰ ਭੀੜ ਵਿਚੋਂ ਬਾਹਰ ਲੈ ਗਏ ਅਤੇ ਭੀੜ ਪ੍ਰਦੀਪ ਨੂੰ ਡੰਡਿਆਂ ਨਾਲ ਕੁੱਟਦੀ ਰਹੀ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਾਵੇਦ ਅਹਿਮਦ ਨੇ ਅਪਣੇ ‘ਤੇ ਲੱਗੇ ਦੋਸ਼ ਨਕਾਰੇ 

ਇਸ ਦੇ ਨਾਲ ਹੀ ਦੱਸ ਦਈਏ ਕਿ ਜਾਵੇਦ ਅਹਿਮਦ ਨੇ ਇਸ ਮਸਲੇ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਵੀ ਖਾਸ ਗੱਲਬਾਤ ਕੀਤੀ। ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਉੱਥੇ ਮੌਜੂਦ ਨਹੀਂ ਸਨ ਤੇ ਇਸ ਗੱਲ ਦਾ ਸਬੂਤ ਵੀ ਉਹਨਾਂ ਕੋਲ ਹੈ। ਉਹਨਾਂ ਨੇ ਕਿਹਾ ਕਿ ਜੋ ਵੀਡੀਓਜ਼ ਸੀਸੀਟੀਵੀ ਦੀਆਂ ਸਾਹਮਣੇ ਆਈਆਂ ਹਨ ਉਹਨਾਂ ਤੋਂ ਵੀ ਇਹੀ ਸਾਬਤ ਹੁੰਦਾ ਹੈ ਕਿ ਉਹਨਾਂ ਦਾ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਹਨਾਂ ਨੇ ਕਿਹਾ ਕਿ  ਪ੍ਰਸ਼ਾਸਨ ਘਟਨਾ ਦਾ ਸਮਾਂ ਸਾਢੇ 10 ਵਜੇ ਦੱਸ ਰਹੇ ਹਨ ਪਰ ਉਹ ਤਾਂ 3 ਘੰਟੇ ਪਹਿਲਾਂ ਹੀ ਚਲੇ ਗਏ ਸਨ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਉਹਨਾਂ ਦੇ ਫੋਨ ਦੀ ਲੁਕੇਸ਼ਨ ਵੀ ਕੱਢ ਕੇ ਦੇਖ ਸਕਦਾ ਹੈ ਜਿਸ ਤੋਂ ਇਹੀ ਸਾਬਤ ਹੋਵੇਗਾ ਕਿ ਉਹ ਘਟਨਾ ਦੇ ਸਮੇਂ ਉੱਥੇ ਮੌਜੂਦ ਨਹੀਂ ਸਨ। 

ਓਧਰ ਜਾਵੇਦ ਅਹਿਮਦ ‘ਤੇ ਦਰਜ ਹੋਏ ਮਾਮਲੇ ਤੋਂ ਬਾਅਦ ਆਪ ਹਰਿਆਣਾ ਦੇ ਆਗੂ ਅਨੁਰਾਗ ਢਾਂਡਾ ਨੇ ਅੱਗੇ ਕਿਹਾ ਕਿ ਜਾਵੇਦ ਅਹਿਮਦ ਜੋ ਸਾਡੀ ਪਾਰਟੀ ਦਾ ਨੇਤਾ ਹੈ, ਦੇ ਖਿਲਾਫ਼ ਝੂਠੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਜਦਕਿ ਜਾਵੇਦ ਉਸ ਥਾਂ ਤੋਂ ਕਰੀਬ 100-150 ਕਿਲੋਮੀਟਰ ਦੂਰ ਸੀ ਜਿੱਥੇ ਇਹ ਘਟਨਾ ਵਾਪਰੀ ਸੀ। ਉਸ ਕੋਲ ਇਸ ਗੱਲ ਦਾ ਪੂਰਾ ਸਬੂਤ ਹੈ ਅਤੇ ਮੋਬਾਈਲ ਦੀ ਲੋਕੇਸ਼ਨ ਵੀ ਹੈ। ਅਸੀਂ ਇਹ ਸਾਰੇ ਸਬੂਤ ਪੁਲਿਸ ਦੇ ਸਾਹਮਣੇ ਵੀ ਰੱਖੇ ਹਨ। ਅਸੀਂ ਚਾਹੁੰਦੇ ਹਾਂ ਕਿ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਾਂਚ ਦਾ ਸਹੀ ਸਿੱਟਾ ਨਿਕਲਣਾ ਚਾਹੀਦਾ ਹੈ।

ਢਾਂਡਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਦੰਗੇ ਹੋਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਥਾਂ ਤੋਂ ਹਟਾ ਕੇ ਵੀਆਈਪੀ ਡਿਊਟੀ ’ਤੇ ਕਿਉਂ ਲਾਇਆ ਗਿਆ ਸੀ। ਕਈ ਉੱਚ ਅਧਿਕਾਰੀਆਂ ਦੀਆਂ ਛੁੱਟੀਆਂ ਮਨਜ਼ੂਰ ਕਰ ਲਈਆਂ ਗਈਆਂ। ਸੀਬੀਆਈ ਨੇ ਮੁੱਖ ਮੰਤਰੀ ਨੂੰ ਰਿਪੋਰਟ ਭੇਜੀ ਸੀ, ਜਿਸ ਵਿੱਚ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ, ਮੁੱਖ ਮੰਤਰੀ ਨੇ ਇਸ ਨੂੰ ਨਜ਼ਰਅੰਦਾਜ਼ ਕਿਉਂ ਕੀਤਾ।

ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਇਸ ਪਿੱਛੇ ਮੁੱਖ ਮੰਤਰੀ ਜਾਂ ਹੋਰ ਭਾਜਪਾ ਆਗੂਆਂ ਦਾ ਹੱਥ ਹੈ। ਦੱਸ ਦਈਏ ਕਿ 31 ਜੁਲਾਈ ਨੂੰ ਸੋਹਾਣਾ ਦੀ ਨਿਰੰਕਾਰੀ ਚੌਕੀ ਨੇੜੇ ਬਜਰੰਗ ਦਲ ਦੇ ਵਰਕਰ ਪ੍ਰਦੀਪ ਕੁਮਾਰ ਦੀ ਹੱਤਿਆ ਦੇ ਮਾਮਲੇ ‘ਚ ‘ਆਪ’ ਨੇਤਾ ਜਾਵੇਦ ਅਹਿਮਦ ਨੂੰ ਦੋਸ਼ੀ ਬਣਾਇਆ ਗਿਆ ਹੈ। 2 ਅਗਸਤ ਨੂੰ ਪੁਲਿਸ ਚੌਕੀ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-