ਪੰਜਾਬਫੀਚਰਜ਼

ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਹੜ੍ਹ ਪੀੜਤਾਂ ਦੀ ਵਿੱਤੀ ਸਹਾਇਤਾ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਲੀਡਰਸ਼ਿਪ ਨੇ ਸੂਬੇ ਦੇ ਹੜ੍ਹ ਪੀੜਤਾਂ ਲਈ ਵਿੱਤੀ ਸਹਾਇਤਾ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਸੂਬੇ ਵਿਚ ਹੜ੍ਹਾਂ ਨੂੰ ਹੋਰ ਤੇਜ਼ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਮਰੱਥਾ ਅਤੇ ਕੁਪ੍ਰਬੰਧਨ ਦੀ ਆਲੋਚਨਾ ਕਰਦਿਆਂ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਪਾਰਟੀ ਨੇ ਬਰਸਾਤਾਂ ਤੋਂ ਪਹਿਲਾਂ ਡਰੇਨੇਜ ਸਿਸਟਮ ਅਤੇ ਨਹਿਰਾਂ ਦੇ ਪ੍ਰਬੰਧਨ, ਸਫਾਈ ਅਤੇ ਮੁਰੰਮਤ ਲਈ 100 ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਸਨ। ਜੋ ਕਿ ਲਗਾਤਾਰ ਮੀਂਹ ਦੇ ਪ੍ਰਭਾਵ ਨੂੰ ਘਟਾਉਣ ਲਈ ਸੀ ਪਰ ਹੁਣ ਫੋਕੀ ਮਸ਼ਹੂਰੀਆਂ ਵਾਲੀ ਸਰਕਾਰ ਸਵੈ-ਤਰੱਕੀ ਅਤੇ ਹੋਰ ਇਸ਼ਤਿਹਾਰਬਾਜ਼ੀ ਗਤੀਵਿਧੀਆਂ ਲਈ ਫੰਡ ਬਰਬਾਦ ਕਰਨ ‘ਤੇ ਤੁਲੀ ਹੋਈ ਹੈ।

ਇਸੇ ਤਰ੍ਹਾਂ ਹੀ ਵਰਜ਼ਦੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਨੁੱਖ ਦੁਆਰਾ ਸਿਰਜਿਆ ਇੱਕ ਹਾਦਸਾ ਹੈ। ਅਣਜਾਣ ਅਤੇ ਅਯੋਗ ਆਪ ਸਰਕਾਰ ਦੀ ਲੀਡਰਸ਼ਿਪ ਨੇ ਜਾਣਬੁੱਝ ਕੇ ਆਉਣ ਵਾਲੀ ਤਬਾਹੀ ਨੂੰ ਨਜ਼ਰਅੰਦਾਜ਼ ਕੀਤਾ। ਜੇਕਰ ਉਹ ਜਨਵਰੀ ਜਾਂ ਫਰਵਰੀ ਵਿੱਚ ਪ੍ਰਸ਼ਾਸਨ, ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਮਾਨਸੂਨ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਂਦੇ, ਨਹਿਰਾਂ ਅਤੇ ਨਿਕਾਸੀ ਸਿਸਟਮ ਦੇ ਪ੍ਰਬੰਧਨ ਅਤੇ ਮੁਰੰਮਤ ‘ਤੇ ਪੈਸਾ ਖਰਚ ਕਰਦੇ ਤਾਂ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਸੀ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

‘ਆਪ’ ਸਰਕਾਰ ਵੱਲੋਂ ਸੂਬੇ ‘ਚ ਤਬਾਹੀ ਮਚਾਉਣ ਵਾਲੇ ਹੜ੍ਹਾਂ ਨਾਲ ਜਿਸ ਤਰ੍ਹਾਂ ‘ਗਲਤ ਵਿਵਹਾਰ’ ਕੀਤਾ ਗਿਆ, ਉਸ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਵੜਿੰਗ ਨੇ ਕਿਹਾ, ਮੈਂ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਪੀੜਤਾਂ ਦੀ ਇੱਕ ਸਾਂਝੀ ਸ਼ਿਕਾਇਤ ਸੀ ਕਿ ਸਰਕਾਰ ਨੇ ‘ਬਦਲਾਵ’ ਦੇ ਨਾਂ ‘ਤੇ ਵੋਟਾਂ ਲਈਆਂ ਸਨ, ਪਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਅੱਖਾਂ ਬੰਦ ਕਰ ਲਈਆਂ ਅਤੇ ਸੰਕਟ ਦੌਰਾਨ ਉਨ੍ਹਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਸੀ।

ਪੰਜਾਬ ‘ਚ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਆਲੋਚਨਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ‘ਆਪ’ ਕੁਦਰਤੀ ਆਫਤ ਦੌਰਾਨ ਸੂਬੇ ‘ਚ ਹੜ੍ਹ ਪੀੜਤਾਂ ਨੂੰ ਬਚਾਉਣ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਹ ਸ਼ਰਮਨਾਕ ਗੱਲ ਹੈ ਕਿ ਜਦੋਂ ਸੂਬੇ ਦੇ ਲੋਕ ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ, ਤਾਂ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਬਿਆਨ ਦੇ ਰਹੇ ਸਨ ਕਿ ‘ਸਭ ਕੁਝ ਕੰਟਰੋਲ ਵਿਚ ਹੈ’। ‘ਆਪ’ ਆਗੂ ਜਾਣਬੁੱਝ ਕੇ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਦੀ ਸੱਤਾ ‘ਤੇ ਬਿਠਾਇਆ ਸੀ।

ਵੜਿੰਗ ਨੇ ਇਹ ਵੀ ਦੱਸਿਆ ਕਿ ਕਾਂਗਰਸ ਲੀਡਰਸ਼ਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ, ਮਾਨਯੋਗ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਸੌਂਪੇ, ਪੰਜਾਬ ਦੇ ਮੁੱਖ ਮੰਤਰੀ ਨੂੰ ਹੜ੍ਹ ਪੀੜਤਾਂ ਲਈ ਜਲਦੀ ਤੋਂ ਜਲਦੀ ਵਿੱਤੀ ਸਹਾਇਤਾ ਦਾ ਐਲਾਨ ਕਰਨ ਦੀ ਅਪੀਲ ਕੀਤੀ ਪਰ ਰਾਜ ਨੂੰ 218 ਕਰੋੜ ਰੁਪਏ ਦਾ ਮਾਮੂਲੀ ਮੁਆਵਜ਼ਾ ਮਿਲਿਆ। ਅਸੀਂ ਕਈ ਵਾਰ ਪ੍ਰਸ਼ਾਸਨ ਅਤੇ ਸੱਤਾਧਾਰੀ ਸਰਕਾਰਾਂ ਨੂੰ ਪੀੜਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਕਈ ਵਾਰ ਬੇਨਤੀ ਕੀਤੀ ਸੀ, ਪਰ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਹੁਣ ਅਸੀਂ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਲਈ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਣ ‘ਤੇ ਇਸ ਨੂੰ ਹੋਰ ਤੇਜ਼ ਕਰਾਂਗੇ।

ਭਗਵੰਤ ਮਾਨ ਦੀ ਅਸੰਵੇਦਨਸ਼ੀਲਤਾ ‘ਤੇ ਦੁੱਖ ਜ਼ਾਹਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਜੋ ਪਹਿਲਾਂ ਮੁਆਵਜ਼ਾ ਵੰਡਣ ਦੀ ਗੱਲ ਕਰਦਾ ਸੀ ਅਤੇ ਸਰਕਾਰ ਨੂੰ ਅਪੀਲ ਕਰਦਾ ਸੀ ਕਿ ਗਿਰਦਾਵਰੀ ਬਾਅਦ ‘ਚ ਕੀਤੀ ਜਾ ਸਕਦੀ ਹੈ, ਪਰ ਹੁਣ ਉਸੇ ਰਾਹ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਜੋ ਪ੍ਰਚਾਰ ਕਰਦੇ ਹਨ ਉਸ ‘ਤੇ ਅਮਲ ਕਰਨ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਆਮ ਕੋਕਾਂ ਦੀਆਂ ਮੁਸ਼ਕਿਲਾਂ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੂੰ ਭਾਰੀ ਮੀਂਹ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਅਤੇ ਖੇਤੀਬਾੜੀ ਨੂੰ ਹੋਏ  ਨੁਕਸਾਨ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਸ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਜੇਕਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਰਹੀ ਤਾਂ ਉਹ ਕਦੇ ਇਸ ਸਮੱਸਿਆਂ ਤੋਂ ਬਾਹਰ ਨਹੀ ਆ ਸਕਣਗੇ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਸੂਬੇ ਦੇ ਲੋਕਾਂ ਦੇ ਨਾਲ ਰਹੀ ਹੈ ਅਤੇ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਨੀਅਰ ਲੀਡਰਸ਼ਿਪ ਨੇ ਘੱਟੋ-ਘੱਟ 50000 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ। ਕਿਸਾਨਾਂ ਲਈ 5 ਲੱਖ ਰੁਪਏ ਦੀ ਵਿੱਤੀ ਸਹਾਇਤਾ, ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਜ਼ਖਮੀਆਂ ਨੂੰ 5-5 ਲੱਖ ਅਤੇ ਦੁਖੀ ਪਰਿਵਾਰਾਂ ਨੂੰ 10-10 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਅਸੀਂ ਉਨ੍ਹਾਂ ਦੁਕਾਨਦਾਰਾਂ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਵੀ ਮੰਗ ਕੀਤੀ ਹੈ, ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਮਾਲਕਾਂ ਨੂੰ 50,000 ਰੁਪਏ ਦਿੱਤੇ ਜਾਣ, ਜਿਨ੍ਹਾਂ ਦੇ ਦੁਧਾਰੂ ਪਸ਼ੂ ਕੁਦਰਤੀ ਆਫ਼ਤ ਵਿੱਚ ਮਾਰੇ ਗਏ ਹਨ। ਬਾਜਵਾ ਨੇ ਐਲਾਨ ਕੀਤਾ ਕਿ ਅਸੀਂ ਆਪਣੇ ਲੋਕਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ ਅਤੇ ਸਰਕਾਰ ‘ਤੇ ਮੁਆਵਜ਼ੇ ਦਾ ਐਲਾਨ ਕਰਨ ਲਈ ਦਬਾਅ ਪਾਉਂਦੇ ਰਹਾਂਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-