ਅਮਰੀਕਾ ‘ਚ ਭਾਰਤੀ ਨੌਜਵਾਨ ਦੀ ਹਾਦਸੇ ‘ਚ ਹੋਈ ਮੌਤ
ਹਿਊਸਟਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿਚ ਭਿਆਨਕ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮਾਰੇ ਗਏ ਨੌਜਵਾਨ ਦੀ ਪਛਾਣ ਗੁਜਰਾਤ ਦੇ ਪਾਟਨ ਦੇ ਨਿਵਾਸੀ ਦਰਸ਼ੀਲ ਠੱਕਰ ਪੁੱਤਰ ਰਮੇਸ਼ਭਾਈ ਠੱਕਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 24 ਸਾਲਾ ਨੌਜਵਾਨ ਸੜਕ ਪਾਰ ਕਰਦੇ ਸਮੇਂ ਅਪਣੇ ਮਾਪਿਆਂ ਨਾਲ ਵੀਡੀਓ ਕਾਲ ‘ਤੇ ਗੱਲ ਕਰ ਰਿਹਾ ਸੀ।
ਇਸ ਦੌਰਾਨ ਉਸ ਨੂੰ ਕਿਸੇ ਕਾਰ ਨੇ ਟੱਕਰ ਮਾਰ ਦਿਤੀ ਤੇ ਉਹ ਸੜਕ ਵਿਚਾਲੇ ਡਿੱਗ ਗਿਆ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਆ ਰਹੀਆਂ 14 ਦੇ ਕਰੀਬ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ ਅਤੇ ਉਸ ਦੀ ਲਾਸ਼ ਦੇ ਚਿਥੜੇ ਉੱਡ ਗਏ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਜ਼ਟਰ ਵੀਜ਼ੇ ‘ਤੇ ਦੋ ਹਫ਼ਤੇ ਪਹਿਲਾਂ ਹੀ ਅਮਰੀਕਾ ਗਿਆ ਸੀ ਉਸ ਨੇ ਸਤੰਬਰ ਵਿਚ ਭਾਰਤ ਪਰਤਣਾ ਸੀ ਪਰ ਬਦਕਿਸਮਤੀ ਨਾਲ ਉਸ ਨਾਲ ਇਹ ਮੰਦਭਾਗਾ ਹਾਦਸਾ ਵਾਪਰ ਗਿਆ।
ਪਰਿਵਾਰ ਨੇ ਸਰਕਾਰ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਅਮਰੀਕਾ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਦਸਿਆ ਕਿ ਉਸਦੀ ਲਾਸ਼ ਭਾਰਤ ਵਾਪਸ ਆਉਣ ਦੀ ਸਥਿਤੀ ਵਿਚ ਨਹੀਂ ਹੈ ਅਤੇ ਉਸ ਦਾ ਅੰਤਿਮ ਸਸਕਾਰ ਬੀਤੇ ਦਿਨ ਐਤਵਾਰ ਨੂੰ ਅਮਰੀਕਾ ‘ਚ ਕਰ ਦਿਤਾ ਗਿਆ ਹੈ।