ਫੀਚਰਜ਼ਫ਼ੁਟਕਲ

ਬੇਟੀ ਬਚਾਉ ਬੇਟੀ ਪੜ੍ਹਾਉ ਦੀ ਬ੍ਰਾਂਡ ਅੰਬੈਸਡਰ ਅੰਤਰਰਾਸ਼ਟਰੀ ਭਲਵਾਨ ਰਾਣੀ ਰਾਣਾ ਨਾਲ ਵਧੀਕੀ

ਗਵਾਲੀਅਰ : ਕੁਸ਼ਤੀ ਵਿਚ ਗਵਾਲੀਅਰ ਅਤੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅੰਤਰਰਾਸ਼ਟਰੀ ਮਹਿਲਾ ਭਲਵਾਨ  ਰਾਣੀ ਰਾਣਾ ਨੂੰ ਸਹੁਰਿਆਂ ਵਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਗਿਆ, ਕੁੱਟਮਾਰ ਕਰ ਕੇ ਘਰੋਂ ਕੱਢ ਦਿਤਾ ਗਿਆ। ਰਾਣੀ ਰਾਣਾ ਗਵਾਲੀਅਰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਬੇਟੀ ਬਚਾਉ-ਬੇਟੀ ਪੜ੍ਹਾਉ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਵੀ ਹੈ। ਮਹਿਲਾ ਭਲਵਾਨ ਦੀ ਸ਼ਿਕਾਇਤ ‘ਤੇ ਮੁਰਾਰ ਥਾਣਾ ਪੁਲਿਸ ਨੇ ਦਾਜ ਲਈ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਤਹਿਤ ਵੱਖ ਵੱਖ ਥਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਤਕ ਨਹੀਂ ਹੋ ਸਕੀ ਹੈ। ਗਵਾਲੀਅਰ ਦੇ ਹਸਤੀਨਾਪੁਰ ਦੇ ਜਖਾੜਾ ਪਿੰਡ ਦੀ ਰਹਿਣ ਵਾਲੀ ਰਾਣੀ ਰਾਣਾ ਦਾ ਵੀ ਮੁਰਾਰ ਸਥਿਤ ਸੁਰੱਈਆਪੁਰਾ ਵਿਚ ਇਕ ਘਰ ਹੈ। ਰਾਣੀ ਰਾਣਾ ਦਾ ਵਿਆਹ 11 ਅਗਸਤ 2020 ਨੂੰ ਸੁਦਾਮਾਪੁਰੀ, ਮੁਰਾਰ ਦੇ ਰਹਿਣ ਵਾਲੇ ਪ੍ਰਿੰਸ ਰਾਣਾ ਨਾਲ ਹੋਇਆ ਸੀ। ਪ੍ਰਿੰਸ ਰਾਣਾ ਇਕ ਜਿਮ ਟ੍ਰੇਨਰ ਹੈ। ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਸਭ ਕੁਝ ਠੀਕ ਰਿਹਾ ਪਰ ਉਸ ਤੋਂ ਬਾਅਦ ਰਾਣੀ ਦੇ ਪਤੀ ਪ੍ਰਿੰਸ ਅਤੇ ਸਹੁਰੇ ਪ੍ਰਵਾਰ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ।

ਜਾਣਕਾਰੀ ਅਨੁਸਾਰ ਰਾਣੀ ਨੂੰ ਪੇਕੇ ਪ੍ਰਵਾਰ ਨੇ 10 ਲੱਖ ਰੁਪਏ ਦਾ ਸਾਮਾਨ ਦਾਜ ‘ਚ ਦਿਤਾ ਸੀ। ਇਸ ਤੋਂ ਬਾਅਦ ਵੀ ਇਹ ਲੋਕ ਦਾਜ ਦੀ ਮੰਗ ਕਰਦੇ ਸਨ। ਪ੍ਰਿੰਸ ਦੱਸਦਾ ਸੀ ਕਿ ਉਹ ਜਿਮ ਟ੍ਰੇਨਰ ਹੈ। ਉਹ ਆਪਣਾ ਜਿਮ ਖੋਲ੍ਹਣਾ ਚਾਹੁੰਦਾ ਹੈ। ਇਸ ਦੇ ਲਈ ਉਸ ਨੂੰ ਪੰਜ ਲੱਖ ਰੁਪਏ ਦੀ ਲੋੜ ਹੈ। ਜਦੋਂ ਰਾਣੀ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ 30 ਮਈ ਨੂੰ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਰਾਣੀ ਨੂੰ ਘਰੋਂ ਬਾਹਰ ਕੱਢ ਦਿਤਾ ਗਿਆ। ਉਦੋਂ ਤੋਂ ਬਾਅਦ ਰਾਣੀ ਅਪਣੇ ਪੇਕੇ ਘਰ ਰਹਿ ਰਹੀ ਸੀ।

ਰਾਣੀ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਐਫ਼.ਆਈ.ਆਰ. ਦਰਜ ਕੀਤੀ ਗਈ ਹੈ।
ਮਹਿਲਾ ਭਲਵਾਨ ਰਾਣੀ ਰਾਣਾ ਭਾਰਤ ਲਈ ਕਈ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਖੇਡ ਚੁੱਕੀ ਹੈ। ਨੈਸ਼ਨਲ ਰੈਸਲਿੰਗ ਟੂਰਨਾਮੈਂਟ ਦੌਰਾਨ 55 ਕਿਲੋਗ੍ਰਾਮ ਮੁਕਾਬਲੇ ਦੌਰਾਨ ਅੰਡਰ-23 ਵਰਗ ਵਿਚ ਸੋਨ ਤਮਗ਼ਾ ਵੀ ਜਿੱਤਿਆ ਸੀ। ਇਸੇ ਤਰ੍ਹਾਂ ਭਲਵਾਨ ਰਾਣੀ ਨੇ ਹੋਰ ਵੀ ਕਈ ਮੁਕਾਬਲਿਆਂ ਵਿਚ ਤਮਗ਼ੇ ਜਿੱਤੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-