ਬੇਭਰੋਸਗੀ ਮਤੇ ‘ਤੇ ਬੋਲੇ ਹਰਸਿਮਰਤ ਕੌਰ ਬਾਦਲ, “ਸਿੱਖ ਕੌਮ ਕਿਸ ਉਤੇ ਵਿਸ਼ਵਾਸ ਕਰੇ?”
ਨਵੀਂ ਦਿੱਲੀ: ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਕਿਹਾ ਕਿ ਇਸ ਸੈਸ਼ਨ ਨੂੰ ਚਲਾਉਣ ਲਈ ਬੇਭਰੋਸਗੀ ਮਤੇ ਦੀ ਲੋੜ ਪਈ। ਸੰਸਦੀ ਜਮਹੂਰੀਅਤ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਇਸ ਸਦਨ ਵਿਚ ਕੋਈ ਚਰਚਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਮਨੀਪੁਰ ‘ਤੇ ਸਦਨ ‘ਚ ਬੇਭਰੋਸਗੀ ਮਤਾ ਲਿਆ ਕੇ ਚਰਚਾ ਕੀਤੀ ਜਾ ਰਹੀ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਸਰਕਾਰ ਦੇ ਪਿਛਲੇ 9 ਸਾਲਾਂ ਵਿਚ ਸਭ ਤੋਂ ਘੱਟ ਬੈਠਕਾਂ ਹੋਈਆਂ ਹਨ।
ਹਰਸਿਮਰਤ ਕੌਰ ਨੇ ਕਿਹਾ ਕਿ ਮਨੀਪੁਰ ਦੀਆਂ ਔਰਤਾਂ ਨੂੰ ਇਸ ਸਰਕਾਰ ਵਿਚ ਭਰੋਸਾ ਨਹੀਂ ਰਿਹਾ। ਮਨੀਪੁਰ ਵਿਚ ਜੋ ਵਾਪਰਿਆ, ਉਹ ਮਨੁੱਖਤਾ ’ਤੇ ਕਲੰਕ ਹੈ। ਸਰਕਾਰ ਦਾ ਘੱਟ ਗਿਣਤੀ ਕਮਿਸ਼ਨ ਕੀ ਕਰ ਰਿਹਾ ਹੈ? ਉਨ੍ਹਾਂ ਕੋਲ ਧਾਰਮਕ ਮਸਲਿਆਂ ਵਿਚ ਦਖਲਅੰਦਾਜ਼ੀ ਦਾ ਸਮਾਂ ਹੈ ਪਰ ਮਨੀਪੁਰ ਅਤੇ ਨੂਹ ਜਾਣ ਦਾ ਸਮਾਂ ਨਹੀਂ। ਮੇਰੀ ਅਪੀਲ ਹੈ ਕਿ ਚੋਣਾਂ ਤੋਂ ਪਹਿਲਾਂ ਧਰਮ ਦੇ ਨਾਂਅ ’ਤੇ ਜ਼ਹਿਰ ਨਾ ਘੋਲਿਆ ਜਾਵੇ। ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਅਤੇ ਕਾਂਗਰਸ ‘ਤੇ ਸਿੱਧਾ ਨਿਸ਼ਾਨਾ ਸਾਧਿਆ।