ਉੱਤਰਾਖੰਡ ਸਰਕਾਰ ਨੇ ਸਿੱਖਾਂ ਦੀ ਸਾਲਾਂ ਪੁਰਾਣੀ ਮੰਗ ਕੀਤੀ ਪੂਰੀ, ਲਾਗੂ ਕੀਤਾ ਆਨੰਦ ਕਾਰਜ ਐਕਟ
ਦੇਹਰਾਦੂਨ: ਉੱਤਰਾਖੰਡ ਦੇ ਸਿੱਖਾਂ ਦੀ ਕਈ ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਸੂਬਾ ਸਰਕਾਰ ਨੇ ਆਨੰਦ ਮੈਰਿਜ ਐਕਟ ਨੂੰ ਸੂਬੇ ’ਚ ਲਾਗੂ ਕਰ ਦਿਤਾ ਹੈ।
ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਿਹਾ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕੀਤੇ ਗਏ ਵਿਆਹ ਨੂੰ ਵੀ ਸਰਕਾਰ ਨੇ ਮਾਨਤਾ ਦੇ ਦਿਤੀ ਹੈ ਅਤੇ ਇਸ ਨਾਲ ਵਿਆਹ ਰਜਿਸਟਰੇਸ਼ਨ ’ਚ ਆਸਾਨੀ ਹੋਵੇਗੀ। ਵਿਆਹ ਤੋਂ ਬਾਅਦ ਸਿੱਖ ਔਰਤਾਂ ਦੇ ਹਿਤਾਂ ਦੀ ਵੀ ਰਾਖੀ ਹੋ ਸਕੇਗੀ।
ਦਸੰਬਰ 2022 ’ਚ ਕੌਮੀ ਘੱਟਗਿਣਤੀ ਕਮਿਸ਼ਨ ਦੇ ਮੁਖੀ ਸ. ਇਕਬਾਲ ਸਿੰਘ ਲਾਲਪੁਰਾ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਆਨੰਦ ਕਾਰਜ ਐਕਟ ਦੇ ਨਿਯਮ ਨਿਰਧਾਰਤ ਕਰਨ ਕੇ ਸੂਬੇ ’ਚ ਲਾਗੂ ਕਰਨ ਲਈ ਅਪੀਲ ਕੀਤੀ ਸੀ। ਸਾਲ 2022 ’ਚ ਉੱਤਰਾਖੰਡ ਹਾਈ ਕੋਰਟ ਨੇ ਵੀ ਸੂਬਾ ਸਰਕਾਰ ਨੂੰ ਆਨੰਦ ਕਾਰਜ ਐਕਟ ਲਾਗੂ ਕਰਨ ਦੇ ਹੁਕਮ ਦਿਤੇ ਸਨ।
ਬੀ.ਜੇ.ਪੀ. ਸ਼ਾਸਤ ਅਸਮ ਅਤੇ ਉੱਤਰਾਖੰਡ ’ਚ ਇਕ ਹੀ ਦਿਨ 3 ਅਗੱਸਤ, 2023 ਨੂੰ ਇਕੱਠਿਆਂ ਇਸ ਐਕਟ ਨੂੰ ਆਪੋ-ਅਪਣੇ ਸੂਬੇ ਦੀ ਕੈਬਿਨੇਟ ’ਚ ਪਾਸ ਕੀਤਾ ਗਿਆ ਹੈ।