ਫ਼ੁਟਕਲ

ਹਰ ਰੋਜ਼ ‘ਸ਼ੂਗਰ ਡਰਿੰਕ’ ਪੀਣ ਨਾਲ ਔਰਤਾਂ ’ਚ ਲੀਵਰ ਕੈਂਸਰ ਹੋਣ ਦਾ ਖ਼ਤਰਾ ਵੱਧ

ਨਵੀਂ ਦਿੱਲੀ : ਅਮਰੀਕੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੋ ਔਰਤਾਂ ਰੋਜ਼ ਮਿੱਠੇ ਪੀਣਯੋਗ ਪਦਾਰਥ (ਸ਼ੂਗਰ ਡਰਿੰਕ) ਪੀ ਰਹੀਆਂ ਹਨ ਉਨ੍ਹਾਂ ’ਚ ਲੀਵਰ ਦਾ ਕੈਂਸਰ ਹੋਣ ਅਤੇ ਲੰਮੇ ਸਮੇਂ ਤਕ ਲੀਵਰ ਦੀ ਬਿਮਾਰੀ ਕਾਰਨ ਮੌਤ ਦਰ ਵਧਣ ਦਾ ਖ਼ਤਰਾ ਵੱਧ ਹੈ।

ਅਮਰੀਕਾ ਦੇ ਬਰਮਿੰਘਮ ਐਂਡ ਵੁਮੈਂਜ਼ ਹਸਪਤਾਲ ਦੇ ਖੋਜੀਆਂ ਦੀ ਅਗਵਾਈ ’ਚ ਹੋਏ ਅਧਿਐਨ ’ਚ 98,786 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਜੋ ਰਜੋਨਿਵਰਿਤ ਹੋ ਚੁਕੀਆਂ ਹਨ। ਇਨ੍ਹਾਂ ਔਰਤਾਂ ’ਤੇ 20 ਸਾਲਾਂ ਤਕ ਅਧਿਐਨ ਕੀਤਾ ਗਿਆ।

ਇਸ ਸਮੂਹ ’ਚ ਰੋਜ਼ ਇਕ ਜਾਂ ਉਸ ਤੋਂ ਵੱਧ ਸ਼ੂਗਰ ਡਰਿੰਕ ਪੀਣ ਵਾਲੀਆਂ 6.8 ਫ਼ੀ ਸਦੀ ਔਰਤਾਂ ’ਚ ਲੀਵਰ ਦੇ ਕੈਂਸਰ ਦਾ 85 ਫ਼ੀ ਸਦੀ ਵੱਧ ਜੋਖਮ ਅਤੇ ਲੰਮੇ ਸਮੇਂ ਤਕ ਲੀਵਰ ਦੀ ਬੀਮਾਰੀ (ਕਰੋਨਿਕ ਲੀਵਰ ਡਿਸੀਜ਼) ਕਾਰਨ ਮੌਤ ਹੋਣ ਦਾ ਖ਼ਤਰਾ 68 ਫ਼ੀ ਸਦੀ ਪਾਇਆ ਗਿਆ।

‘ਜਰਨਲ ਆਫ਼ ਅਮਰੀਕਨ ਮੈਡੀਕਲ ਐਸੋਸੀਏਸ਼ਨ ਨੈੱਟਵਰਕ ਓਪਨ’ ’ਚ ਪ੍ਰਕਾਸ਼ਿਤ ਅਧਿਐਨ ਦੇ ਪਹਿਲੇ ਲੇਖਕ ਲੋਗਾਂਗ ਝਾਉ ਨੇ ਕਿਹਾ, ‘‘ਸਾਡੀ ਜਾਣਕਾਰੀ ਮੁਤਾਬਕ ਮਿੱਠੇ ਪੀਣਯੋਗ ਪਦਾਰਥ ਪੀਣ ਅਤੇ ਲੰਮੇ ਸਮੇਂ ਤਕ ਲੀਡਰ ਦੀ ਬੀਮਾਰੀ ਕਾਰਨ ਮੌਤ ਹੋਣ ਵਿਚਕਾਰ ਸਬੰਧ ਦਾ ਪਤਾ ਲਾਉਣ ਵਾਲਾ ਇਹ ਪਹਿਲਾ ਅਧਿਐਨ ਹੈ।’’

ਝਾਉ ਨੇ ਕਿਹਾ, ‘‘ਜੇ ਸਾਡੇ ਨਿਚੋੜ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਸ ਨਾਲ ਵੱਡੇ ਅਤੇ ਭੁਗੌਲਿਕ ਰੂਪ ’ਚ ਵੰਨ-ਸੁਵੰਨੇ ਸਮੂਹ ਦੇ ਅੰਕੜਿਆਂ ਦੇ ਆਧਾਰ ’ਤੇ ਲੀਵਰ ਦੀ ਬੀਮਾਰੀ ਦੇ ਖ਼ਤਰੇ ਨੂੰ ਘੱਟ ਕਰਨ ਲਈ ਲੋਕਾਂ ਦੀ ਸਿਹਤ ਰਣਨੀਤੀ ਬਣਾਉਣ ਦਾ ਰਾਹ ਪੱਧਰਾ ਹੋ ਸਕਦਾ ਹੈ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-