ਚਮਕੌਰ ਸਾਹਿਬ: ਭਾਰੀ ਮੀਂਹ ਉਪਰੰਤ ਹੜ੍ਹਾਂ ਕਾਰਨ ਇਲਾਕੇ ਅੰਦਰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਰਤ ਸਰਕਾਰ ਦੀ 7 ਮੈਂਬਰੀ ਕੇਂਦਰੀ ਅੰਤਰ-ਮੰਤਰਾਲਾ ਟੀਮ ਨੇ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਦੀ ਅਗਵਾਈ ਹੇਠਲੀ ਇਸ ਕੇਂਦਰੀ ਟੀਮ ਨੇ ਨਜ਼ਦੀਕੀ ਪਿੰਡ ਬੰਦੇ ਮਾਹਲਾਂ ਵਿਖੇ ਪਾੜ ਦਾ ਦੌਰਾ ਕੀਤਾ। ਟੀਮ ਵੱਲੋਂ ਵਿਸਥਾਰ ਨਾਲ ਤਕਨੀਕੀ ਪੱਧਰ ਉਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਟੀਮ ਵਲੋਂ ਪਿੰਡ ਬੰਦੇ ਮਾਹਲਾਂ ਵਿਚ ਹੋਏ ਘਰਾਂ ਦੇ ਨੁਕਸਾਨ ਨੂੰ ਵੀ ਜਾਕੇ ਦੇਖਿਆ ਗਿਆ। ਪਿੰਡ ਵਾਸੀਆਂ ਵੱਲੋਂ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਨਵੇਂ ਹਾਈਵੇਅ ਦੇ ਨਿਰਮਾਣ ਹੋਣ ਕਾਰਨ ਸਾਰਾ ਬਰਸਾਤੀ ਪਾਣੀ ਸਿਸਵਾਂ ਨਦੀ ਵਿਚ ਜਾਣ ਦੀ ਬਜਾਏ ਉਨ੍ਹਾਂ ਦੇ ਪਿੰਡ ਵਿੱਚ ਆ ਗਿਆ, ਜਿਸ ਕਰਕੇ ਇਹ ਵਿਆਪਕ ਪੱਧਰ ਉੱਤੇ ਨੁਕਸਾਨ ਹੋਇਆ ਹੈ । ਲੋਕਾਂ ਵੱਲੋਂ ਪਿੰਡ ਨੂੰ ਰੂਪਨਗਰ ਨਾਲ ਮੁੜ ਤੋਂ ਜੋੜਨ ਲਈ ਆਰਜ਼ੀ ਪ੍ਰਬੰਧ ਕਰਨ ਲਈ ਵੀ ਅਪੀਲ ਕੀਤੀ। ਇਸ ਤੋਂ ਬਾਅਦ ਕੇਂਦਰੀ ਟੀਮ ਵੱਲੋਂ ਨੇੜਲੇ ਪਿੰਡ ਕਮਾਲਪੁਰ ਵਿਖੇ ਸਿਸਵਾਂ ਨਦੀ ਵਿਚ ਪਏ ਪਾੜ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਾੜ ਪੈਣ ਨਾਲ ਇਹ ਪਾਣੀ ਸਰਹਿੰਦ ਨਹਿਰ ਵਿੱਚ ਮੁੜ ਗਿਆ, ਜਿਸ ਕਰਕੇ ਇਹ ਨਹਿਰ ਦਾ ਵਹਾਅ ਪੂਰੀ ਸਮਰਥਾ ਵਾਲਾ ਹੋ ਗਿਆ ਸੀ। ਇਸ ਉਪਰੰਤ ਕੇਂਦਰੀ ਟੀਮ ਨੇ ਪਿੰਡ ਚੌਂਤਾ ਦਾ ਦੌਰਾ ਕੀਤਾ ਅਤੇ ਹੜ੍ਹਾਂ ਦੇ ਪਾਣੀ ਨਾਲ ਹੋਏ ਖੇਤਾਂ ਅਤੇ ਵੱਡੀ ਗਿਣਤੀ ਵਿੱਚ ਹੜ੍ਹੇ ਦਰਖਤਾਂ ਦੇ ਨੁਕਸਾਨ ਦੀ ਸਮੀਖਿਆ ਕੀਤੀ। ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਅਤੇ ਕਿਸਾਨਾਂ ਨਾਲ ਹੋਏ ਨੁਕਸਾਨ ਬਾਰੇ ਗੱਲਬਾਤ ਵੀ ਕੀਤੀ। ਐੱਨਡੀਐੱਮਏ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ ਨੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਹੜ੍ਹਾਂ ਕਰਕੇ ਹੋਏ ਹਰ ਤਰ੍ਹਾਂ ਦੀ ਤਬਾਹੀ ਤੇ ਨੁਕਸਾਨ ਬਾਰੇ ਬਾਰੀਕੀ ਨਾਲ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਟੀਮ ਆਪਣੇ ਜਾਇਜ਼ੇ ਮੁਤਾਬਕ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੇਗੀ। ਉਨ੍ਹਾਂ ਦੱਸਿਆ ਕਿ ਕੁਦਰਤੀ ਆਫ਼ਤਾਂ ਲਈ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਵੱਲੋਂ ਬਣਾਏ ਨੇਮਾਂ ਮੁਤਾਬਕ ਹੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਨੀ ਨੁਕਸਾਨ, ਫ਼ਸਲਾਂ, ਘਰਾਂ ਸਮੇਤ ਹੋਰ ਮਾਲੀ ਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਨਿਰਧਾਰਤ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੇਂਦਰੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਹੋਏ ਨੁਕਸਾਨ ਤੇ ਪ੍ਰਭਾਵਿਤ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ। ਇਸ ਟੀਮ ਵਿੱਚ ਡਾਇਰੈਕਟਰ ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਨਵੀਂ ਦਿੱਲੀ ਬੀ.ਕੇ. ਸ਼੍ਰੀਵਾਸਤਵਾ, ਹੈੱਡ ਫਲੱਡ ਮੈਪਿੰਗ ਅਤੇ ਸਾਇੰਸਟਿਕ -ਇੰਜੀਨੀਅਰ ਐਸ ਜੀ ਹਜ਼ਾਰਦ ,ਅਸੈਂਸਮੈਂਟ ਡਿਵੀਜ਼ਨ ਡਾ. ਏ.ਵੀ. ਸੁਰੇਸ਼ ਬਾਬੂ, ਸੈਕਟਰੀ ਰੂਰਲ ਡਿਵੈਲਪਮੈਂਟ ਕੈਲਾਸ਼ ਕੁਮਾਰ, ਡਾਇਰੈਕਟਰ ਐਮ.ਏ.ਸੈਂਟਰਲ ਵਾਟਰ ਕਮਿਸ਼ਨ ਅਸ਼ੋਕ ਕੁਮਾਰ ਜੇਫ, ਅਸਿਸਟੈਂਟ ਡਾਇਰੈਕਟਰ (ਪੀ.ਐੱਫ.ਐਸ.) ਐਕਸਪੈਂਡਚਿਰ ਵਿੱਤੀ ਵਿਭਾਗ ਅੰਜਲੀ ਮੌਰਿਆ, ਐਸ.ਈ.ਆਰ.ਈ. ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇ ਨਵੀਨ ਕੁਮਾਰ ਚੌਰਸਿਆ , ਡਿਵੀਜ਼ਨਲ ਕਮਿਸ਼ਨਰ ਰੂਪਨਗਰ ਮੰਡਲ ਇੰਦੂ ਮਲਹੋਤਰਾ, ਡਿਵੀਜ਼ਨਲ ਕਮਿਸ਼ਨਰ ਜਲੰਧਰ ਗੁਰਪ੍ਰੀਤ ਕੌਰ ਸਪਰਾ, ਐਸਐਸਪੀ. ਵਿਵੇਕਸ਼ੀਲ ਸੋਨੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਇਸ਼ਾ ਸਿੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਸਿੰਘ ਗੁਜਰਾਲ ਸਮੇਤ ਹੋਰ ਵੀ ਅਧਿਕਾਰੀ ਆਦਿ ਹਾਜਰ ਸਨ ।