ਯੂਟਾਹ ‘ਚ ਟਰੰਪ ਸਮਰਥਕ ਨੇ ਰਾਸ਼ਟਰਪਤੀ ਬਿਡੇਨ ਨੂੰ ਦਿੱਤੀ ਮਾਰਨ ਦੀ ਧਮਕੀ, FBI ਦੇ ਮੁਕਾਬਲੇ ਵਿਚ ਹੋਈ ਮੌਤ
ਵਸ਼ਿੰਗਟਨ – ਅਮਰੀਕਾ ਵਿਚ ਰਾਸ਼ਟਰਪਤੀ ਜੋ ਬਾਈਡਨ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਐਫਬੀਆਈ ਦੀ ਕਾਰਵਾਈ ਵਿਚ ਮਾਰਿਆ ਗਿਆ ਹੈ। ਦੱਸ ਦਈਏ ਕਿ ਦੋਸ਼ੀ ਵਿਅਕਤੀ ਅਮਰੀਕਾ ਦੇ ਉਟਾਹ ਦਾ ਰਹਿਣ ਵਾਲਾ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਵੀ ਉਟਾਹ ਦਾ ਦੌਰਾ ਕਰਨ ਤੋਂ ਕੁਝ ਘੰਟੇ ਪਹਿਲਾਂ, ਐਫਬੀਆਈ ਨੇ ਮੁਲਜ਼ਮਾਂ ਦੇ ਛੁਪਣਗਾਹ ‘ਤੇ ਛਾਪਾ ਮਾਰਿਆ ਅਤੇ ਸੁਰੱਖਿਆ ਏਜੰਸੀ ਦੀ ਕਾਰਵਾਈ ਵਿਚ ਵਿਅਕਤੀ ਮਾਰਿਆ ਗਿਆ।
ਐਫਬੀਆਈ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਫਬੀਆਈ ਨੇ ਕਿਹਾ ਕਿ ਉਹਨਾਂ ਦੇ ਵਿਸ਼ੇਸ਼ ਏਜੰਟਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਵੱਲੋਂ ਅਪਣਾਏ ਗਏ ਹਮਲਾਵਰ ਰਵੱਈਏ ਕਾਰਨ ਉਹ ਕਾਰਵਾਈ ਵਿਚ ਮਾਰਿਆ ਗਿਆ। ਸੁਰੱਖਿਆ ਏਜੰਸੀ ਵੱਲੋਂ ਮੁਲਜ਼ਮ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਉਟਾਹ ਦੇ ਸੰਘੀ ਸਰਕਾਰੀ ਵਕੀਲ ਵੱਲੋਂ ਦਾਇਰ ਸ਼ਿਕਾਇਤ ਵਿਚ ਮੁਲਜ਼ਮ ਦਾ ਨਾਂ ਕ੍ਰੇਗ ਰੌਬਰਟਸਨ ਦੱਸਿਆ ਗਿਆ ਹੈ।
ਮੁਲਜ਼ਮਾਂ ਨੇ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਅਮਰੀਕੀ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਵੀ ਧਮਕੀ ਦਿੱਤੀ, ਜਿਨ੍ਹਾਂ ਨੇ ਡੋਨਾਲਡ ਟਰੰਪ ਖ਼ਿਲਾਫ਼ ਦੋਸ਼ ਲਾਏ ਸਨ। ਦੋਸ਼ੀ ਰੌਬਰਟਸਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਥਿਆਰਾਂ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ, ਜਿਸ ਵਿਚ ਇਕ ਅਰਧ-ਆਟੋਮੈਟਿਕ ਰਾਈਫਲ ਵੀ ਸ਼ਾਮਲ ਹੈ, ਜਿਸ ਨੂੰ ਦੋਸ਼ੀ ਨੇ ‘ਡੈਮੋਕ੍ਰੇਟ ਇਰਾਡੀਕੇਟਰ’ ਦਾ ਨਾਂ ਦਿੱਤਾ ਹੈ।