ਪੰਜਾਬ

ਪੰਜਾਬ ਦੇ ਕਿਸਾਨ ਭਾਈਚਾਰੇ ਨੇ ‘ਆਪ’ ਸਰਕਾਰ ਤੋਂ ਸਾਰੀਆਂ ਉਮੀਦਾਂ ਗਵਾ ਦਿੱਤੀਆਂ ਹਨ: ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਤੜਾਂ, ਪਟਿਆਲਾ ਦੇ ਪਿੰਡ ਸੇਲਵਾਲਾ ਦਾ ਦੌਰਾ ਕੀਤਾ ਅਤੇ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਫਸਲਾਂ ਦੇ ਨੁਕਸਾਨ ਅਤੇ ਵਧ ਰਹੇ ਕਰਜ਼ੇ ਕਾਰਨ ਤਣਾਅ ਵਿੱਚ ਖੁਦਕੁਸ਼ੀ ਕਰ ਗਏ ਪਰਮਿੰਦਰ ਦੇ ਦੁਖੀ ਪਰਿਵਾਰ ਨੂੰ ਆਪਣੀ ਤਨਖਾਹ ਵਿੱਚੋਂ 50,000 ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ।

ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨ ਭਾਈਚਾਰੇ ਪ੍ਰਤੀ ਅੱਖਾਂ ਬੰਦ ਕਰਨ ਦੀ ਨਿਖੇਧੀ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕਿਸੇ ਵੀ ਪਰਿਵਾਰ ਨੂੰ ਮੁੜ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਵੜਿੰਗ ਨੇ ਕਿਹਾ ਕਿ ਗਿਰਦਾਵਰੀ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਕਿਸਾਨਾਂ ਨੂੰ ਰਾਹਤ ਦੇਣ ਦੇ ਹੁਕਮ ਦੇਣ ਦੀ ਬਜਾਏ ਮੁੱਖ ਮੰਤਰੀ ਇਸ਼ਤਿਹਾਰਬਾਜ਼ੀ ਗਤੀਵਿਧੀਆਂ ਅਤੇ ਸਵੈ-ਪ੍ਰਚਾਰ ਵਿੱਚ ਸਮਾਂ ਖਰਾਬ ਕਰ ਰਹੇ ਹਨ। ਹੁਣ ਤੱਕ, ਉਸ ਨੂੰ ਉਨ੍ਹਾਂ ਲੋਕਾਂ ਨੂੰ ਮੁਆਵਜ਼ੇ ਦਾ ਐਲਾਨ ਕਰ ਦੇਣਾ ਚਾਹੀਦਾ ਸੀ, ਜਿਨ੍ਹਾਂ ਨੇ ਹਾਲੀਆ ਹੜ੍ਹਾਂ ਵਿੱਚ ਲਗਭਗ ਸਭ ਕੁਝ ਗੁਆ ਦਿੱਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਪਰਮਿੰਦਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ। ਉਹ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਸੀ ਅਤੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਉਸ ਨੂੰ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।

ਉਸਦੀ ਲਗਭਗ 14-15 ਏਕੜ ਫਸਲ ਦੋ ਵਾਰ ਖ਼ਰਾਬ ਹੋ ਗਈ ਵੜਿੰਗ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਸੂਬੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੀ ਅਣਦੇਖੀ ਅਤੇ ਅਸਮਰੱਥਾ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ ਅਤੇ ਸੂਬੇ ਵਿੱਚ ਖੁਦਕੁਸ਼ੀਆਂ ਦੇ ਮਾਮਲਿਆਂ ਵਿੱਚ ਵਾਧਾ ਕੀਤਾ ਹੈ।

ਆਪ ਲੀਡਰਸ਼ਿਪ ‘ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਨਾ ਤਾਂ ‘ਆਪ’ ਆਗੂ ਅਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਰਮਿੰਦਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਗਿਆ, ਜਿਸ ਨੇ ਆਪਣਾ ਇਕਲੌਤਾ ਰੋਟੀ ਕਮਾਉਣ ਵਾਲਾ ਪੁੱਤ ਗਵਾ ਦਿੱਤਾ ਹੈ।

‘ਆਪ’ ਲੀਡਰਸ਼ਿਪ ਦੀ ਅਸੰਵੇਦਨਸ਼ੀਲਤਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ, ਜੋ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਆਪਣੇ ਝੂਠੇ ਦਾਅਵਿਆਂ ਬਾਰੇ ਸ਼ੇਖੀ ਮਾਰਨ ਕਦੇ ਪਿੱਛੇ ਨਹੀਂ ਰਹੀ ਪਰ ਉਸਨੇ ਨੇ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇੱਕ ਵੀ ਸੁਨੇਹਾ ਨਹੀਂ ਦਿੱਤਾ। ਸੱਤਾ ‘ਤੇ ਕਾਬਜ਼ ਸਰਕਾਰ ਦਾ ਸੰਦੇਸ਼ ਸਾਫ਼ ਸੀ ਕਿ ਲੋਕ ਇਸ ਦੀ ਤਰਜੀਹੀ ਸੂਚੀ ‘ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸੱਤਾ ਹਥਿਆਉਣਾ ਚਾਹੁੰਦੇ ਸਨ ਅਤੇ ਹੁਣ ਕੀਮਤੀ ਜਾਨਾਂ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀਆਂ।

ਵੜਿੰਗ ਨੇ ਕਿਹਾ ਕਿ ਇਸ ਘਟਨਾ ਨੇ ਉਸ ਨੂੰ ਦਰਦ ਅਤੇ ਸਦਮੇ ਵਿੱਚ ਛੱਡ ਦਿੱਤਾ ਹੈ। ਇਹ ਦੁਖਦਾਈ ਹੈ, ਖਾਸ ਤੌਰ ‘ਤੇ ਪਰਮਿੰਦਰ ਦੇ ਚਾਰ ਸਾਲ ਦੇ ਬੇਟੇ ਲਈ, ਜਿਸ ਨੇ ਆਪਣੇ ਪਿਤਾ ਨੂੰ ਪੱਖੇ ਨਾਲ ਲਟਕਦੇ ਦੇਖਿਆ ਪਰ ਉਹ ਇਸ ਤੱਥ ਤੋਂ ਅਣਜਾਣ ਸੀ ਕਿ ਉਸਦੇ ਪਿਤਾ ਨਾਲ ਕੀ ਹੋਇਆ ਹੈ। ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਦੁਖੀ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਹੈ ਤਾਂ ਜੋ ਉਹ ਕੁਝ ਸਮੇਂ ਲਈ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰ ਸਕਣ।

ਸੂਬਾ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ ਅਤੇ ਅਸੀਂ ਸਰਕਾਰ ਨੂੰ ਪੀੜਤ ਕਿਸਾਨਾਂ ਅਤੇ ਹਾਲ ਹੀ ਵਿੱਚ ਆਏ ਹੜ੍ਹਾਂ ਵਿੱਚ ਜਾਨਾਂ ਗੁਆਉਣ ਵਾਲਿਆਂ ਲਈ ਮੁਆਵਜ਼ੇ ਦਾ ਐਲਾਨ ਕਰਨ ਲਈ ਮਜ਼ਬੂਰ ਕਰਾਂਗੇ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਰਾਜ ਸਰਕਾਰ ਨੂੰ ਦੁਖੀ ਪਰਿਵਾਰ ਦੇ ਮੈਂਬਰਾਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਹਾਇਤਾ ਦਾ ਐਲਾਨ ਕਰਨ ਦੀ ਵੀ ਅਪੀਲ ਕੀਤੀ

ਇਸ ਖ਼ਬਰ ਬਾਰੇ ਕੁਮੈਂਟ ਕਰੋ-