ਮੈਂ ਭੱਜਦੀ-ਭੱਜਦੀ ਡਿੱਗ ਗਈ ਤੇ ਕੁਝ ਆਦਮੀਆਂ ਨੇ ਫੜ ਕੇ ਮੇਰੇ ਨਾਲ ਬਲਾਤਕਾਰ ਕੀਤਾ- ਮਨੀਪੁਰ ਗੈਂਗਰੇਪ ਪੀੜਤਾ
ਮਨੀਪੁਰ ਵਿਚ ਮਈ ਦੇ ਸ਼ੁਰੂ ਵਿਚ ਨਸਲੀ ਝੜਪਾਂ ਦੌਰਾਨ ਜਿਨਸੀ ਸ਼ੋਸ਼ਣ ਦੇ ਇਕ ਹੋਰ ਭਿਆਨਕ ਮਾਮਲੇ ਵਿਚ, ਇਕ ਰਾਹਤ ਕੈਂਪ ਵਿਚ ਰਹਿ ਰਹੀ ਇਕ ਪੀੜਤ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਮਨੀਪੁਰ ਵਿਚ ਵੱਧ ਤੋਂ ਵੱਧ ਔਰਤਾਂ ਪੁਲਿਸ ਅੱਗੇ ਆ ਰਹੀਆਂ ਹਨ ਅਤੇ ਆਪਣੇ ਹੈਰਾਨ ਕਰਨ ਵਾਲੇ ਜ਼ੁਲਮਾਂ ਅਤੇ ਬੇਰਹਿਮੀ ਬਾਰੇ ਦੱਸ ਰਹੀਆਂ ਹਨ ਕਿਉਂਕਿ ਅਧਿਕਾਰੀ ਹੁਣ ਉਨ੍ਹਾਂ ਨੂੰ ਬੋਲਣ ਲਈ ਉਤਸ਼ਾਹਿਤ ਕਰ ਰਹੇ ਹਨ।
ਤਾਜ਼ਾ ਮਾਮਲੇ ‘ਚ ਮਨੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਦੀ 37 ਸਾਲਾ ਵਿਆਹੁਤਾ ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ ਕੁਝ ਆਦਮੀਆਂ ਨੇ ਫੜ ਲਿਆ ਹੈ। ਉਹ ਆਪਣੇ ਦੋ ਪੁੱਤਰਾਂ, ਭਤੀਜੀ ਅਤੇ ਭਰਜਾਈ ਨਾਲ ਆਪਣੇ ਸੜਦੇ ਘਰ ਤੋਂ ਭੱਜ ਕੇ ਬਾਹਰ ਜਾ ਰਹੀ ਸੀ ਇਸ ਦੌਰਾਨ ਕੁਝ ਆਦਮੀਆਂ ਨੇ ਉਸ ਨੂੰ ਫੜ ਲਿਆ ਅਤੇ 3 ਮਈ ਨੂੰ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।
ਔਰਤ ਨੇ ਕਿਹਾ ਕਿ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਚਾਉਣ ਅਤੇ ਸਮਾਜਿਕ ਬਦਨਾਮੀ ਤੋਂ ਬਚਣ ਲਈ ਇਸ ਘਟਨਾ ਦਾ ਖੁਲਾਸਾ ਨਹੀਂ ਕੀਤਾ। ਇਹ ਸ਼ਿਕਾਇਤ ਦਰਜ ਕਰਨ ਵਿਚ ਦੇਰੀ ਸਮਾਜਿਕ ਕਲੰਕ ਕਾਰਨ ਹੋਈ ਸੀ। ਮੈਂ ਖੁਦ ਨੂੰ ਵੀ ਮਾਰਨਾ ਚਾਹੁੰਦੀ ਸੀ।” ਉਸ ਦਾ ਬਿਆਨ ਬੁੱਧਵਾਰ ਨੂੰ ਬਿਸ਼ਨੂਪੁਰ ਪੁਲਿਸ ਸਟੇਸ਼ਨ ‘ਚ ਦਰਜ ‘ਜ਼ੀਰੋ ਐੱਫ.ਆਈ.ਆਰ.’ ਨਾਲ ਨੱਥੀ ਹੈ। ਉਹ ਹੁਣ ਵਿਸਥਾਪਿਤ ਲੋਕਾਂ ਲਈ ਰਾਹਤ ਕੈਂਪ ਵਿਚ ਰਹਿ ਰਹੀ ਹੈ। ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 376ਡੀ, 354, 120ਬੀ ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ।