ਜੇ ਜ਼ੁਲਮ ਵਿਰੁਧ ਮੂੰਹ ਨਾ ਖੋਲ੍ਹਿਆ ਤਾਂ ‘ਦੁਕਾਨ’ ਬੰਦ ਹੋ ਜਾਵੇਗੀ ਅਤੇ ‘ਚੌਕੀਦਾਰ’ ਬਦਲ ਜਾਵੇਗਾ: ਅਸਦੁਦੀਨ ਓਵੈਸੀ
ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਕ ਪਾਸੇ ‘ਚੌਕੀਦਾਰ’ ਹੈ ਅਤੇ ਦੂਜੇ ਪਾਸੇ ‘ਦੁਕਾਨਦਾਰ’ ਪਰ ਜਦੋਂ ਘੱਟ ਗਿਣਤੀਆਂ ‘ਤੇ ਜ਼ੁਲਮ ਹੁੰਦੇ ਹਨ ਤਾਂ ਕਿਸੇ ਦਾ ਮੂੰਹ ਨਹੀਂ ਖੁੱਲ੍ਹਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਅਸਿੱਧੇ ਤੌਰ ‘ਤੇ ਜ਼ਿਕਰ ਕਰਦੇ ਹੋਏ ਓਵੈਸੀ ਨੇ ਕਿਹਾ, ”ਇਸ ਦੇਸ਼ ‘ਚ ਦੋ ਮੋਰਚੇ ਹਨ। ਇਕ ਚੌਕੀਦਾਰ ਹੈ ਅਤੇ ਇਕ ਦੁਕਾਨਦਾਰ ਹੈ। ਸਾਡੇ ‘ਤੇ ਜ਼ੁਲਮ ਹੋਣ ‘ਤੇ ਕੋਈ ਮੂੰਹ ਨਹੀਂ ਖੋਲ੍ਹਦਾ। ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਯੂ.ਏ.ਪੀ.ਏ. ਕਾਨੂੰਨ ਲਿਆਂਦਾ ਸੀ ਤਾਂ ਇਨ੍ਹਾਂ ਦੁਕਾਨਦਾਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ।”
ਉਨ੍ਹਾਂ ਕਿਹਾ, ”ਇਸ ਸਰਕਾਰ ਦੀ ਜ਼ਮੀਰ ਕਿਥੇ ਸੀ ਜਦੋਂ ਨੂਹ ‘ਚ ਸੈਂਕੜੇ ਇਮਾਰਤਾਂ ਨੂੰ ਢਾਹ ਦਿਤਾ ਗਿਆ ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ…ਭਾਰਤ ‘ਚ ਨਫ਼ਰਤ ਦਾ ਮਾਹੌਲ ਬਣਾਇਆ ਗਿਆ ਹੈ।” ਉਨ੍ਹਾਂ ਕਿਹਾ ਕਿ ਕੀ ਬਿਲਕੀਸ ਬਾਨੋ ਇਸ ਦੇਸ਼ ਦੀ ਧੀ ਨਹੀਂ ਹੈ? .. ਕਾਤਲਾਂ ਨੂੰ ਰਿਹਾਅ ਕਰ ਦਿਤਾ ਗਿਆ। ਕੀ ਇਹ ਤੁਹਾਡੀ ਜ਼ਮੀਰ ਹੈ?” ਯੂਨੀਫਾਰਮ ਸਿਵਲ ਕੋਡ ‘ਤੇ ਬਹਿਸ ‘ਤੇ ਉਨ੍ਹਾਂ ਕਿਹਾ, ”ਭਾਰਤ ਇਕ ਗੁਲਦਸਤਾ ਹੈ। ਦੇਸ਼ ਵਿਚ ਇਕ ਧਰਮ, ਇਕ ਸੱਭਿਆਚਾਰ, ਇਕ ਭਾਸ਼ਾ ਦੀ ਗੱਲ ਹੁੰਦੀ ਹੈ। ਅਜਿਹਾ ਤਾਨਾਸ਼ਾਹੀ ‘ਚ ਹੁੰਦਾ ਹੈ।” ਓਵੈਸੀ ਨੇ ਕਿਹਾ ਕਿ ਭਾਜਪਾ ਮੁਸਲਮਾਨਾਂ ਦੀ ਗੱਲ ਕਰਦੀ ਹੈ, ਪਰ ਇਸ ਸਰਕਾਰ ‘ਚ ਇਕ ਵੀ ਮੁਸਲਿਮ ਮੰਤਰੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਵਿਚ ਘੱਟ ਗਿਣਤੀ ਭਲਾਈ ਦੇ ਬਜਟ ਵਿਚ 40 ਫ਼ੀ ਸਦੀ ਦੀ ਕਟੌਤੀ ਕੀਤੀ ਗਈ ਹੈ।