ਮੌਨਸੂਨ ਸੈਸ਼ਨ : ਲੋਕ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਮੁਲਤਵੀ
ਨਵੀਂ ਦਿੱਲੀ: ਲੋਕ ਸਭਾ ਦੀ ਬੈਠਕ ਸ਼ੁਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿਤੀ ਗਈ। ਮਨੀਪੁਰ ਮੁੱਦੇ ਸਮੇਤ ਕੁਝ ਹੋਰ ਵਿਸ਼ਿਆਂ ’ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਮੌਨਸੂਨ ਸੈਸ਼ਨ ਦੌਰਾਨ ਕੰਮਕਾਜ ’ਚ ਰੁਕਾਵਟ ਰਹੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੇਠਲੇ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦੇ ਐਲਾਨ ਤੋਂ ਪਹਿਲਾਂ ਦਸਿਆ ਕਿ ਸੈਸ਼ਨ ਦੌਰਾਨ 17 ਬੈਠਕਾਂ ਹੋਈਆਂ ਜਿਨ੍ਹਾਂ ’ਚੋਂ 44 ਘੰਟੇ 13 ਮਿੰਟ ਕੰਮਕਾਜ ਹੋਇਆ।
ਉਨ੍ਹਾਂ ਕਿਹਾ ਕਿ ਮੌਨਸੂਨ ਇਜਲਾਸ ’ਚ ਲੋਕ ਸਭਾ ਦਾ ਕੰਮਕਾਜ ਉਤਪਾਦਕਤਾ ਦਾ ਕਰੀਬ 46 ਫ਼ੀ ਸਦੀ ਰਿਹਾ। ਬਿਰਲਾ ਨੇ ਕਿਹਾ ਕਿ ਸੈਸ਼ਨ ਦੌਰਾਨ ਲੋਕ ਸਭਾ ’ਚ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਸਰਕਾਰ ਵਿਰੁਧ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਅਤੇ ਇਸ ’ਤੇ 19 ਘੰਟੇ 59 ਮਿੰਟ ਚਰਚਾ ਹੋਈ ਅਤੇ 60 ਮੈਂਬਰਾਂ ਨੇ ਇਸ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਮਤਾ ਨਾਮਨਜ਼ੂਰ ਹੋ ਗਿਆ। ਇਸ ’ਤੇ ਚਰਚਾ 8 ਅਗੱਸਤ, 9 ਅਗੱਸਤ ਅਤੇ 10 ਅਗੱਸਤ ਨੂੰ ਹੋਈ।
ਉਨ੍ਹਾਂ ਕਿਹਾ ਕਿ ਇਸ ’ਚ 50 ਵਾਧੂ ਸਵਾਲਾਂ ਦੇ ਮੂੰਹ ਜ਼ੁਬਾਨੀ ਜਵਾਬ ਦਿਤੇ ਗਏ ਅਤੇ ਬਾਕੀ ਸਵਾਲਾਂ ਦੇ ਜਵਾਬ ਲਿਖਤੀ ਰੂਪ ’ਚ ਦਿਤੇ ਗਏ। 9 ਅਗੱਸਤ ਨੂੰ ਸਾਰੇ ਸਵਾਲਾਂ ਦੇ ਜਵਾਬ ਮੂੰਹ ਜ਼ੁਬਾਨੀ ਦਿਤੇ ਗਏ। ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਸ਼ੁਰੂ ਹੋਇਆ ਸੀ। ਸੈਸ਼ਨ ਦੌਰਾਨ ਗ਼ੈਰ-ਸਰਕਾਰੀ ਮੈਂਬਰ ਕਾਰਜ ਬਾਬਤ 4 ਅਗੱਸਤ (ਸ਼ੁਕਰਵਾਰ) ਨੂੰ ਗ਼ੈਰ-ਸਰਕਾਰੀ ਮੈਂਬਰਾਂ ਵਲੋਂ ਵੱਖੋ-ਵੱਖ ਵਿਸ਼ਿਆਂ ਨਾਲ ਸਬੰਘਤ ਕੁਲ 134 ਬਿਲ ਪੇਸ਼ ਕੀਤੇ ਗਏ।
ਸਦਨ ’ਚ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰ ਸਰਕਾਰ ਦੇ ਕਈ ਹੋਰ ਮੰਤਰੀ ਮੌਜੂਦ ਸਨ। ਵਿਰੋਧੀ ਪਾਰਟੀਆਂ ਦੇ ਜ਼ਿਆਦਾਤਰ ਮੈਂਬਰ ਸਦਨ ’ਚ ਮੌਜੂਦ ਨਹੀਂ ਸਨ।