ਨਸ਼ਾ ਤਸਕਰ ਕੰਗਨ ਸਿੰਘ ਦਾ ਘਰ ਸੀਲ, ਘਰ ਬਾਹਰ ਲਗਾਇਆ ਨੋਟਿਸ
ਪਟਿਆਲਾ: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਟਿਆਲਾ ਪੁਲਿਸ ਨੇ ਪਿੰਡ ਹਿਰਦਾਪੁਰ ਵਿੱਚ ਨਸ਼ਾ ਤਸਕਰ ਕੰਗਨ ਸਿੰਘ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਦੱਸ ਦਈਏ ਕਿ ਪਟਿਆਲਾ ਦੇ ਡੀਐਸਪੀ (ਦਿਹਾਤੀ) ਜਸਵਿੰਦਰ ਸਿੰਘ ਟਿਵਾਣਾ ਅਤੇ ਪਟਿਆਲਾ ਦੇ ਪੁਲਿਸ ਸੁਪਰਡੈਂਟ (ਐਸਪੀ) ਆਬੇ ਚੌਹਾਨ ਨੇ ਸ਼ੁੱਕਰਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਬਖਸ਼ੀਵਾਲ ਥਾਣੇ ਅਧੀਨ ਪੈਂਦੇ ਪਿੰਡ ਹਿਰਦਾਪੁਰ ਵਿਖੇ ਨਸ਼ਾ ਤਸਕਰ ਕੰਗਨ ਸਿੰਘ ਦੇ ਘਰ ਦਾ ਦੌਰਾ ਕੀਤਾ ਅਤੇ ਉਸ ਦੇ ਘਰ ਨੂੰ ਸੀਲ ਕਰ ਦਿੱਤਾ।
ਇਹ ਕਾਰਵਾਈ ਅਦਾਲਤ ਦੇ ਆਦੇਸ਼ ਤੋਂ ਬਾਅਦ ਕੀਤੀ ਗਈ ਹੈ। ਕੰਗਨ ਸਿੰਘ ਖਿਲਾਫ਼ ਨਸ਼ਾ ਤਸਕਰੀ ਦੇ ਕੁੱਲ 7 ਤੋਂ 8 ਮਾਮਲੇ ਦਰਜ ਕੀਤੇ ਗਏ ਸਨ, ਜਿਸ ਤੋਂ ਬਾਅਦ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਅੱਜ ਇਸ ਨੂੰ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਵੇਂ ਜਿਵੇਂ ਹੋਰ ਨਸ਼ਾ ਤਸਕਰਾਂ ਦਾ ਪਤਾ ਲੱਗਦਾ ਰਹੇਗਾ ਤੇ ਜੇ ਜਾਂਚ ਵਿਚ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਬਾਰੇ ਪਤਾ ਲੱਗੇਗਾ ਤਾਂ ਉਸ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ।