ਗੁਰਦਾਸਪੁਰ:  ਥਾਣਾ ਘੁਮਾਣ ਅਧੀਨ ਪਿੰਡ ਮੀਕੇ ਵਿੱਚ ਪਤੀ-ਪਤਨੀ ਦਾ ਭੇਤਭਰੀ ਹਾਲਤ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਜੋੜੇ ਦੀਆਂ ਲਾਸ਼ਾਂ ਕਤਲ ਤੋਂ ਦੋ ਦਿਨ ਮਗਰੋਂ ਉਨ੍ਹਾਂ ਦੇ ਆਪਣੇ ਬੰਦ ਘਰ ਅੰਦਰੋਂ ਮਿਲੀਆਂ। ਮ੍ਰਿਤਕ ਲਸ਼ਕਰ ਸਿੰਘ (55) ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਅਤੇ ਚਾਚੀ ਅਮਰੀਕ ਕੌਰ (52) ਘਰ ਵਿੱਚ ਇਕੱਲੇ ਰਹਿੰਦੇ ਸਨ। ਉਨ੍ਹਾਂ ਦਾ ਬੇਟਾ ਦੁਬਈ ਵਿੱਚ ਹੈ, ਜਿਸ ਨੇ 9 ਅਗਸਤ ਨੂੰ ਫ਼ੋਨ ਕੀਤਾ ਸੀ ਕਿ ਉਹ ਆਪਣੇ ਮਾਤਾ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ ਉਨ੍ਹਾਂ ਦਾ ਨੰਬਰ ਬੰਦ ਆ ਰਿਹਾ ਹੈ। ਜ਼ੋਰਾਵਰ ਸਿੰਘ ਨੇ ਦੱਸਿਆ ਕਿ ਜਦ ਉਹ ਚਾਚੇ ਦੇ ਘਰ ਆਇਆ ਤਾਂ ਬਾਹਰੋਂ ਤਾਲਾ ਲਗਾ ਹੋਇਆ ਸੀ। ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪਤਾ ਕਰਨ ਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ। ਇਸ ਸਬੰਧੀ 10 ਅਗਸਤ ਨੂੰ ਥਾਣਾ ਘੁਮਾਣ ਵਿੱਚ ਸੂਚਨਾ ਦਰਜ ਕਰਵਾਈ ਗਈ। ਥਾਣਾ ਮੁਖੀ ਪਰਮਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਜਦੋਂ ਘਰ ਅੰਦਰ ਦਾਖਲ ਹੋ ਕੇ ਵੇਖਿਆ ਤਾਂ ਦੋਹਾਂ ਜੀਆਂ ਦਾ ਕਤਲ ਹੋ ਚੁੱਕਾ ਸੀ। ਲਸ਼ਕਰ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਡੂੰਘਾ ਜਖ਼ਮ ਸੀ, ਜਦਕਿ ਉਸ ਦੀ ਪਤਨੀ ਅਮਰੀਕ ਕੌਰ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ। ਕਾਤਲ ਜਾਂਦੇ ਵਕਤ ਡੀਵੀਆਰ ਅਤੇ ਮੋਬਾਈਲ ਨਾਲ ਗਏ ਸਨ। ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਬਟਾਲਾ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ । ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।