ਪੰਜਾਬਫੀਚਰਜ਼

ਅੰਮ੍ਰਿਤਸਰ ਕੇਂਦਰੀ ਜੇਲ ‘ਚ ਹੋਈ ਗੈਂਗਵਾਰ, ਪੁਰਾਣੀ ਰੰਜਿਸ਼ ਨੂੰ ਲੈ ਕੇ 2 ਗੁੱਟਾਂ ‘ਚ ਹੋਇਆ ਟਕਰਾਅ

ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿਚ ਦੋ ਧੜਿਆਂ ਵਿਚ ਆਪਸ ਵਿਚ ਲੜਾਈ ਹੋ ਗਈ। ਸ਼ੁੱਕਰਵਾਰ ਰਾਤ ਨੂੰ ਸੁਰੱਖਿਆ ਗਾਰਡਾਂ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਹਟਾਇਆ। ਇਸ ਘਟਨਾ ‘ਚ ਕਰੀਬ 6 ਕੈਦੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਥੋਂ ਰਾਤ ਸਮੇਂ 3 ਹੋਰ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜੇਲ ਪ੍ਰਸ਼ਾਸਨ ਇਸ ਪੂਰੇ ਮਾਮਲੇ ‘ਚ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਗੁੱਟਾਂ ਵਿਚ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਰਾਤ ਸਮੇਂ ਦੋਵਾਂ ਨੇ ਜੇਲ੍ਹ ਵਿਚ ਮੌਜੂਦ ਸਮੱਗਰੀ ਤੋਂ ਹਥਿਆਰ ਤਿਆਰ ਕੀਤੇ ਅਤੇ ਇਕ ਦੂਜੇ ਉੱਤੇ ਹਮਲਾ ਕਰ ਦਿਤਾ। ਜੇਲ ‘ਚ ਹੰਗਾਮਾ ਹੋਣ ਤੋਂ ਬਾਅਦ ਸੁਰੱਖਿਆ ਗਾਰਡ ਹਰਕਤ ‘ਚ ਆ ਗਏ ਅਤੇ ਦੋਹਾਂ ਧੜਿਆਂ ਨੂੰ ਇਕ ਦੂਜੇ ਤੋਂ ਵੱਖ ਕਰ ਦਿਤਾ।

ਪੁਲਿਸ ਦਾ ਕਹਿਣਾ ਹੈ ਕਿ ਜੇਲ ਪ੍ਰਸ਼ਾਸਨ ਤੋਂ ਮਿਲੀ ਸ਼ਿਕਾਇਤ ਅਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜ਼ਖ਼ਮੀਆਂ ਦਾ ਗੁਰੂ ਨਾਨਕ ਦੇਵ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਲਤ ਸਥਿਰ ਹੋਣ ‘ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਜ਼ਖ਼ਮੀਆਂ ਦੀ ਪਛਾਣ ਗੁਰਬੇਜ ਸਿੰਘ ਉਰਫ਼ ਭੀਜਾ ਵਾਸੀ ਚੌਟਾਲਾ ਥਾਣਾ ਸਦਰ ਤਰਨਤਾਰਨ, ਰਾਹੁਲ ਅਤੇ ਭਰਤ ਵਾਸੀ ਪਿੰਡ ਚਵਿੰਡਾ ਦੇਵੀ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਵਲੋਂ ਕਰੀਬ ਇੱਕ ਹਫ਼ਤਾ ਪਹਿਲਾਂ ਜੇਲ੍ਹਾਂ ਅੰਦਰ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪੁਲਿਸ ਨੂੰ ਅੰਮ੍ਰਿਤਸਰ ਤੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਪਰ ਇੱਕ ਹਫ਼ਤੇ ਦੇ ਅੰਦਰ ਹੀ ਜੇਲ ਵਿਚ ਗੈਂਗ ਵਾਰ ਸਾਹਮਣੇ ਆਈ ਅਤੇ ਜੇਲ ਵਿਚ ਤਿਆਰ ਹਥਿਆਰ ਵੀ ਇਸ ਵਿਚ ਵਰਤੇ ਗਏ।

ਇਸ ਖ਼ਬਰ ਬਾਰੇ ਕੁਮੈਂਟ ਕਰੋ-