ਫ਼ੁਟਕਲ

ਦੋਸਤ ਹੀ ਨਿਕਲੇ ਪੰਜਾਬੀ ਭਰਾਵਾਂ ਦੇ ਕਾਤਲ, ਇਕ ਕਾਬੂ ਅਤੇ 2 ਅਜੇ ਵੀ ਫ਼ਰਾਰ

ਜਲੰਧਰ: ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ‘ਚ ਦੋ ਸਕੇ ਭਰਾਵਾਂ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ 2 ਦੋਸ਼ੀ ਅਜੇ ਫਰਾਰ ਹਨ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਰੁਣ ਅਤੇ ਕੁਨਾਲ ਦੇ ਦੋਸਤ ਹੀ ਉਨ੍ਹਾਂ ਦੇ ਕਾਤਲ ਹਨ। ਦੋਵਾਂ ਭਰਾਵਾਂ ਦਾ ਅਪਣੇ ਦੋਸਤਾਂ ਨਾਲ ਕੁੱਝ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਦੋਸਤਾਂ ਨੇ ਨਾਲਾਗੜ੍ਹ ਜਾ ਕੇ ਉਨ੍ਹਾਂ ਦਾ ਕਤਲ ਕਰ ਦਿਤਾ।

ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਉਰਫ ਛਿੰਦਾ ਵਾਸੀ ਖੀਵਾ ਨਕੋਦਰ (ਜਲੰਧਰ) ਵਜੋਂ ਹੋਈ ਹੈ। ਇੰਦਰਜੀਤ ਨੂੰ ਪੁਲਿਸ ਨੇ ਲੋਹੀਆਂ ਤੋਂ ਗ੍ਰਿਫਤਾਰ ਕੀਤਾ ਹੈ। ਜਦਕਿ ਗੌਰਵ ਗਿੱਲ ਅਤੇ ਇਕ ਹੋਰ ਦੋਸਤ ਅਜੇ ਫਰਾਰ ਹਨ। ਮੁੱਖ ਦੋਸ਼ੀ ਗੌਰਵ ਗਿੱਲ ਅਤੇ ਉਸ ਦੇ ਸਾਥੀ ਨੂੰ ਫੜਨ ਲਈ ਹਿਮਾਚਲ ਪੁਲਿਸ ਪੰਜਾਬ ਪੁਲਿਸ ਦੀ ਮਦਦ ਨਾਲ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਵਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਦੱਸ ਦੇਈਏ ਕਿ ਇਸ ਦੋਹਰੇ ਕਤਲ ਦੀ ਵੀਡੀਉ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਸੜਕ ਦੇ ਕਿਨਾਰੇ ਦੋਹਾਂ ਭਰਾਵਾਂ ਨੂੰ ਚਾਕੂਆਂ ਨਾਲ ਮਾਰਿਆ ਅਤੇ ਲੋਕ ਉਥੋਂ ਲੰਘ ਰਹੇ ਸਨ ਪਰ ਕਿਸੇ ਨੇ ਵੀ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਕਤਲ ਦੀ ਇਸ ਘਟਨਾ ਨੂੰ ਮੌਕੇ ‘ਤੇ ਖੜ੍ਹੇ ਇਕ ਵਿਅਕਤੀ ਨੇ ਅਪਣੇ ਮੋਬਾਈਲ ਫੋਨ ‘ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿਤਾ। ਮ੍ਰਿਤਕ ਨੌਜਵਾਨਾਂ ਪ੍ਰਵਾਰ ਦਾ ਕਹਿਣ ਹੈ ਕਿ ਨਕੋਦਰ ਦਾ ਗੌਰਵ ਗਿੱਲ ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਜਲੰਧਰ ਬੁਲਾ ਰਿਹਾ ਸੀ ਪਰ ਜਦੋਂ ਉਹ ਨਾ ਆਇਆ ਤਾਂ ਉਹ ਅਪਣੇ ਦੋ ਦੋਸਤਾਂ ਨਾਲ ਨਾਲਾਗੜ੍ਹ ਆ ਗਿਆ, ਜਿਥੇ ਉਸ ਨੇ ਭਰਾਵਾਂ ਦਾ ਕਤਲ ਕਰ ਦਿਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-