ਰੇਲ ਗੱਡੀ ਗੋਲੀਬਾਰੀ ਕਾਂਡ ’ਚ ਮਾਰੇ ਗਏ ਮੁਸਾਫ਼ਰ ਦਾ ਪੁੱਤ ਬੋਲਿਆ, ‘ਮੈਂ ਭਾਰਤ ’ਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ’
ਮੁੰਬਈ: ਮਹਾਰਾਸ਼ਟਰ ’ਚ ਚਲਦੀ ਰੇਲ ਗੱਡੀ ਅੰਦਰ ਹੋਈ ਗੋਲੀਬਾਰੀ ’ਚ ਮਾਰੇ ਗਏ ਇਕ ਮੁਸਾਫ਼ਰ ਦੇ ਪੁੱਤਰ ਦਾ ਕਹਿਣਾ ਹੈ ਕਿ ਉਹ ਭਾਰਤ ’ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਕਿਸੇ ਹੋਰ ਦੇਸ਼ ’ਚ ਜਾਣ ਦੀ ਯੋਜਨਾ ਬਣਾ ਰਿਹਾ ਹੈ। ਮੁੰਬਈ ਦੀ ਇਕ ਅਦਾਲਤ ਨੇ ਪਿੱਛੇ ਜਿਹੇ ਮਹਾਰਾਸ਼ਟਰ ’ਚ ਚਲਦੀ ਰੇਲ ਗੱਡੀ ਅੰਦਰ ਅਪਣੇ ਸੀਨੀਅਰ ਅਤੇ ਤਿੰਨ ਮੁਸਾਫ਼ਰਾਂ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਇਲਜ਼ਾਮ ’ਚ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ਼.) ਦੇ ਕਾਂਸਟੇਬਲ ਚੇਨਤ ਸਿੰਘ ਨੂੰ ਸ਼ੁਕਰਵਾਰ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ’ਚ ਭੇਜ ਦਿਤਾ।
ਪੀੜਤ ਦੇ ਪੁੱਤਰ ਨੇ ਕਿਹਾ ਕਿ ਉਹ ਕਈ ਵਾਰੀ ਮੁੰਬਈ ਦੇ ਪੁਲਿਸ ਥਾਣੇ ’ਚ ਗਿਆ ਅਤੇ ਜਾਂਚ ਅਧਿਕਾਰੀ ਨੂੰ ਮਿਲਿਆ, ਪਰ ਉਸ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਉਸ ਨੇ ਕਿਹਾ ਕਿ ਉਹ ਇਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਦੂਜੇ ਦੇਸ਼ ’ਚ ਜਾਣ ਦੀ ਯੋਜਨਾ ਬਣਾ ਰਿਹਾ ਹੈ। ਪੀੜਤ ਦੇ ਪੁੱਤਰ ਨੇ ਕਿਹਾ, ‘‘ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਅਸੀਂ ਇੱਥੇ ਕਿਉਂ ਰਹਾਂਗੇ? ਸਾਡਾ ਘਰ ਤਾਂ ਇਥੇ (ਭਾਰਤ ’ਚ) ਹੀ ਰਹੇਗਾ ਅਤੇ ਅਸੀਂ ਕੁਝ ਦਿਨਾਂ ਲਈ ਆਇਆ ਕਰਾਂਗੇ।’’
ਘਟਨਾਂ 31 ਜੁਲਾਈ ਨੂੰ ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਕੋਲ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈੱਸ ’ਚ ਵਾਪਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਚੇਤਨ ਸਿੰਘ (34) ਨੇ ਅਪਣੇ ਸੀਨੀਅਰ, ਆਰ.ਪੀ.ਐਫ਼. ਸਹਾਇਕ ਉਪ-ਇੰਸਪੈਕਟਰ ਟੀਕਰਾਮ ਮੀਣਾ ਅਤੇ ਰੇਲਗੱਡੀ ’ਚ ਸਵਾਰ ਤਿੰਨ ਮੁਸਾਫ਼ਰਾਂ ਦਾ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿਤਾ। ਮੁਸਾਫ਼ਰਾਂ ਨੇ ਮੀਰਾ ਰੋਡ ਸਟੇਸ਼ਨ (ਮੁੰਬਈ ਉਪਨਗਰੀ ਨੈੱਟਵਰਕ ’ਤੇ) ਨੇੜੇ ਰੇਲ ਗੱਡੀ ਦੀ ਚੇਨ ਖਿੱਚ ਕੇ ਉਸ ਨੂੰ ਰੋਕਿਆ, ਜਿਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰ ਰਹੇ ਚੇਤਨ ਸਿੰਘ ਨੂੰ ਫੜ ਲਿਆ ਗਿਆ ਅਤੇ ਉਸ ਦਾ ਹਥਿਆਰ ਵੀ ਜ਼ਬਤ ਕਰ ਲਿਆ ਗਿਆ।