ਤਰਨਤਾਰਨ ‘ਚ ਪੁਲਿਸ ਅਤੇ ਨਸ਼ਾ ਤਸਕਰਾਂ ਦਰਮਿਆਨ ਹੋਈ ਮੁਠਭੇੜ, ਇਕ ਨਸ਼ਾ ਤਸਕਰ ਢੇਰ
ਤਰਨਤਾਰਨ : ਤਰਨਤਾਰਨ ਦੇ ਪਿੰਡ ਕੈਰੋਂ ਨਜ਼ਦੀਕ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ਅਤੇ ਨਸ਼ਾ ਤਸਕਰਾਂ ਦਰਮਿਆਨ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਇਕ ਨਸ਼ਾ ਤਸਕਰ ਦੀ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਕੋਟ ਈਸੇ ਖ਼ਾਂ ਵਾਸੀ ਜੋਰਾ ਸਿੰਘ ਵਜੋਂ ਹੋਈ ਹੈ। ਜਦਕਿ ਦੂਸਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਦੋਨੋਂ ਨਸ਼ਾ ਤਸਕਰ ਵਰਨਾ ਕਾਰ ’ਤੇ ਸਵਾਰ ਹੋ ਕੇ ਕੋਟ ਈਸੇ ਖਾਂ ਤੋਂ ਅੰਮ੍ਰਿਤਸਰ ਜਾ ਰਹੇ ਸਨ। ਤਰਨਤਾਰਨ ਦੀ ਥਾਣਾ ਚੋਹਲਾ ਸਾਹਿਬ ਪੁਲਿਸ ਵਲੋਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ’ਤੇ ਪਿੰਡ ਗੰਡੀਵਿੰਡ ਧੱਤਲ ਨੇੜੇ ਨਾਕਾ ਲਗਾਇਆ ਸੀ।
ਪੁਲਿਸ ਵਲੋਂ ਨਾਕੇ ’ਤੇ ਰੋਕੇ ਜਾਣ ’ਤੇ ਤਸਕਰਾਂ ਵਲੋਂ ਗੱਡੀ ਭਜਾ ਲਈ ਗਈ ਤੇ ਫਾਇਰਿੰਗ ਸ਼ੁਰੂ ਕਰ ਦਿਤੀ। ਇਸ ਦੌਰਾਨ ਥਾਣਾ ਚੋਹਲਾ ਸਾਹਿਬ, ਸਦਰ ਤਰਨਤਾਰਨ ਦੀ ਪੁਲਸ ਅਤੇ ਹੋਰ ਪੁਲਸ ਪਾਰਟੀਆਂ ਵੱਲੋਂ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਇਸ ਦੌਰਾਨ ਫਾਇਰਿੰਗ ਕਰਨ ’ਤੇ ਇੱਕ ਨਸ਼ਾ ਤਸਕਰ ਦੀ ਮੌਤ ਹੋ ਗਈ ਹੈ। ਜਦਕਿ ਦੂਸਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੁੱਠਭੇੜ ਦੌਰਾਨ ਨਸ਼ਾ ਤਸਕਰਾਂ ਦੀ ਕਾਰ ’ਚੋਂ ਕਿਹੜਾ ਨਸ਼ੀਲਾ ਪਦਾਰਥ ਅਤੇ ਹਥਿਆਰ ਬਰਾਮਦ ਹੋਏ ਹਨ, ਇਸ ਦੀ ਪੁਲਿਸ ਵਲੋਂ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।