ਮੈਗਜ਼ੀਨ

ਕੀ ਤੁਹਾਨੂੰ ਵੀ ਹੈ ਵਾਰ-ਵਾਰ ਫੋਨ ਚੈੱਕ ਕਰਨ ਦੀ ਆਦਤ? ਜਾਣ ਲਓ ਇਸ ਦੇ ਮਾੜੇ ਨਤੀਜੇ

ਅੱਜ ਦੇ ਲਾਈਫਸਟਾਈਲ ਨੇ ਲੋਕਾਂ ਦੀ ਜ਼ਿੰਦਗੀ ’ਤੇ ਮਾੜਾ ਅਸਰ ਪਾਇਆ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਲੋਕ ਕਈ ਅਜਿਹੀਆਂ ਗਲਤ ਗਤੀਵਿਧੀਆਂ ’ਚ ਸ਼ਾਮਲ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਦਿਮਾਗ ਤੇ ਸਰੀਰ ਪ੍ਰਭਾਵਿਤ ਹੁੰਦਾ ਹੈ। ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਗਲਤ ਗਤੀਵਿਧੀਆਂ ’ਚੋਂ ਇਕ ਹੈ ਫੋਨ ਦੀ ਆਦਤ। ਲੋਕ ਆਪਣੇ ਮੋਬਾਇਲ ਫੋਨਜ਼ ਨਾਲ ਇੰਨੇ ਜੁੜੇ ਹੋਏ ਹਨ ਕਿ ਉਨ੍ਹਾਂ ਨੂੰ ਸਵੇਰੇ ਸਭ ਤੋਂ ਪਹਿਲਾਂ ਆਪਣਾ ਫੋਨ ਚੈੱਕ ਕਰਨਾ ਪੈਂਦਾ ਹੈ। ਫੋਨ ਨੂੰ ਵਾਰ-ਵਾਰ ਚੈੱਕ ਕਰਨ ਦੀ ਆਦਤ ਉਨ੍ਹਾਂ ਦੇ ਦਿਮਾਗ ’ਤੇ ਮਾੜਾ ਅਸਰ ਪਾ ਸਕਦੀ ਹੈ। ਇਕ ਖੋਜ ਮੁਤਾਬਕ ਹਰ ਉਮਰ ਦੇ ਲੋਕਾਂ ਦਾ ਸਕ੍ਰੀਨ ਟਾਈਮ ਵੱਧ ਰਿਹਾ ਹੈ ਤੇ ਫੋਨ ਨੂੰ ਵਾਰ-ਵਾਰ ਚੈੱਕ ਕਰਨਾ ਵੀ ਓਨਾ ਹੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ।

ਬ੍ਰਿਟਿਸ਼ ਜਰਨਲ ਆਫ ਸਾਈਕੋਲੋਜੀ ’ਚ ਪ੍ਰਕਾਸ਼ਿਤ ਇਕ ਖੋਜ ਰਿਪੋਰਟ ਅਨੁਸਾਰ, ‘‘ਵਾਰ-ਵਾਰ ਫੋਨ ਨੂੰ ਚੈੱਕ ਕਰਨ ਨਾਲ ਰੋਜ਼ਾਨਾ ਜੀਵਨ ’ਚ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਘੱਟ ਹੋ ਸਕਦੀ ਹੈ। ਫੋਨ ਚੈੱਕ ਕਰਨ ਦੀ ਆਦਤ ਕਾਰਨ ਸਮੱਸਿਆ ਹੱਲ ਕਰਨ ਦਾ ਰਵੱਈਆ ਕਮਜ਼ੋਰ ਹੋ ਸਕਦਾ ਹੈ।’’

ਸਮਾਰਟਫੋਨ ਨੂੰ ਲਗਾਤਾਰ ਚੈੱਕ ਕਰਨ ਨਾਲ ਧਿਆਨ ਲਗਾਉਣ ’ਚ ਹੁੰਦੀ ਹੈ ਮੁਸ਼ਕਿਲ
ਅਧਿਐਨ ’ਚ ਪਾਇਆ ਗਿਆ ਕਿ ਲੋਕ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਫੋਨ ਦੀ ਵਰਤੋਂ ਕਰਨ ਲੱਗ ਪਏ ਹਨ। ਭਾਵੇਂ ਉਹ ਬੋਰੀਅਤ ਨੂੰ ਘੱਟ ਕਰਨਾ ਚਾਹੁੰਦੇ ਹੋਣ ਜਾਂ ਟਾਈਮ ਪਾਸ ਕਰਨਾ ਚਾਹੁੰਦੇ ਹੋਣ, ਉਹ ਆਪਣੇ ਸਮਾਰਟਫੋਨ ’ਚ ਰੁੱਝ ਜਾਂਦੇ ਹਨ। ਇਸ ਕਾਰਨ ਉਨ੍ਹਾਂ ਦਾ ਦਿਮਾਗ ’ਤੇ ਕੰਟਰੋਲ ਘਟਦਾ ਜਾ ਰਿਹਾ ਹੈ ਤੇ ਕੰਮ ਅਧੂਰਾ ਛੱਡ ਕੇ ਧਿਆਨ ਭਟਕਾਉਣ ਵਰਗੀ ਸਥਿਤੀ ਵਧਣ ਲੱਗੀ ਹੈ। ਸਮਾਰਟਫੋਨ ਦੀ ਵਰਤੋਂ ਕਰਨ ਦੀ ਆਦਤ ਕਾਰਨ ਲੋਕ ਗੱਲ ਕਰਦੇ ਸਮੇਂ ਸ਼ਬਦ ਭੁੱਲਣ ਲੱਗਦੇ ਹਨ।

ਗੱਲ ਕਰਦੇ ਸਮੇਂ ਸ਼ਬਦ ਭੁੱਲ ਜਾਂਦੇ ਹਨ
ਇਸ ਖੋਜ ਦੇ ਮੁੱਖ ਖੋਜਕਰਤਾ ਆਂਦਰੇ ਹਾਰਟੈਂਟੋ ਮੁਤਾਬਕ ਭਾਵੇਂ ਸਮਾਰਟਫੋਨ ਨੇ ਕੁਝ ਕੰਮ ਆਸਾਨ ਕਰ ਦਿੱਤੇ ਹਨ ਪਰ ਹੁਣ ਲੋਕ ਅਣਜਾਣੇ ’ਚ ਬਿਨਾਂ ਲੋੜ ਤੋਂ ਵੀ ਸਮਾਰਟਫੋਨ ਚੈੱਕ ਕਰਨ ਦੇ ਆਦੀ ਹੋ ਗਏ ਹਨ। ਯੂਨੀਵਰਸਿਟੀ ਨੇ ਅਧਿਐਨ ਲਈ ਆਈਫੋਨ ਯੂਜ਼ਰਸ ਦੀ ਚੋਣ ਕੀਤੀ। ਮੋਬਾਇਲ ਦੀ ਵਰਤੋਂ ਕਰਨ ਦੇ ਢੰਗ, ਸਮਾਂ ਤੇ ਇਹ ਲੋਕ ਕਿੰਨੀ ਵਾਰ ਮੋਬਾਇਲ ਦੀ ਵਰਤੋਂ ਕਰਦੇ ਹਨ, ਦੀ ਜਾਂਚ ਕੀਤੀ ਗਈ। ਐਪ ਰਾਹੀਂ ਉਨ੍ਹਾਂ ਦੇ ਮੋਬਾਇਲ ’ਤੇ ਇਕ ਹਫ਼ਤੇ ਤੱਕ ਨਜ਼ਰ ਰੱਖੀ ਗਈ ਤੇ ਪਤਾ ਲੱਗਾ ਕਿ ਉਨ੍ਹਾਂ ਦੇ ਫੋਨ ਵਾਰ-ਵਾਰ ਚੈੱਕ ਕਰਨ ਵਾਲੇ ਲੋਕਾਂ ਦੇ ਕਈ ਕੰਮ ਅਧੂਰੇ ਰਹਿ ਜਾਂਦੇ ਹਨ। ਇਸ ਦਾ ਕਾਰਨ ਉਨ੍ਹਾਂ ਦੇ ਧਿਆਨ ਦੀ ਕਮੀ ਹੈ। ਅਜਿਹੇ ਲੋਕ ਗੱਲਬਾਤ ਦੌਰਾਨ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕਰ ਪਾਉਂਦੇ ਕਿਉਂਕਿ ਉਹ ਗੱਲ ਕਰਦੇ ਸਮੇਂ ਸ਼ਬਦਾਂ ਨੂੰ ਭੁੱਲ ਜਾਂਦੇ ਹਨ।

ਬੱਚਿਆਂ ਦੀ ਨਜ਼ਰ ਹੁੰਦੀ ਹੈ ਕਮਜ਼ੋਰ
ਇਸ ਤੋਂ ਇਲਾਵਾ ਸਮਾਰਟਫੋਨ ਦੀ ਵਰਤੋਂ ਨਾਲ ਵੀ ਬੱਚਿਆਂ ’ਚ ਮਾਇਓਪੀਆ (ਨਜ਼ਰ ਕਮਜ਼ੋਰ) ਦਾ ਖ਼ਤਰਾ ਵੱਧ ਜਾਂਦਾ ਹੈ। ਜਰਨਲ ਆਫ਼ ਮੈਡੀਕਲ ਇੰਟਰਨੈੱਟ ਰਿਸਰਚ ’ਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਦੁਨੀਆ ਭਰ ’ਚ 5 ਤੋਂ 8 ਸਾਲ ਦੀ ਉਮਰ ਦੇ 49.8 ਫ਼ੀਸਦੀ ਬੱਚੇ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਾਰਨ ਕਮਜ਼ੋਰ ਨਜ਼ਰ ਦੇ ਸ਼ਿਕਾਰ ਹੋ ਸਕਦੇ ਹਨ। ਸਮਾਰਟਫੋਨ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਦੀ ਕਮੀ ਤੇ ਅੱਖਾਂ ਕਮਜ਼ੋਰ ਹੋਣ ਵਰਗੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-