ਮੈਗਜ਼ੀਨ

ਰੋਜ਼ਾਨਾ 5,000 ਕਦਮ ਚੱਲਣ ਨਾਲ ਸਰੀਰ ਹੁੰਦੈ ਫਿੱਟ, ਕਈ ਬੀਮਾਰੀਆਂ ਹੋ ਜਾਣਗੀਆਂ ਛੂ-ਮੰਤਰ

ਸੈਰ ਕਰਨੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਸੈਰ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇੱਕ ਤਾਜ਼ਾ ਅਧਿਐਨ ਦੇ ਨਤੀਜੇ ਅਨੁਸਾਰ ਜੇਕਰ ਤੁਸੀਂ ਰੋਜ਼ਾਨਾ 5,000 ਕਦਮ ਚੱਲਦੇ ਹੋ ਤਾਂ ਸਰੀਰ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। 4,000 ਕਦਮ ਤੁਰਨ ਨਾਲ ਛੋਟੀ ਉਮਰ ਦੇ ਲੋਕ ਵੀ ਤੰਦਰੁਸਤ ਹੋ ਜਾਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 2300 ਕਦਮ ਤੁਰਨ ਨਾਲ ਸਿਰਫ਼ ਭਾਰ ਘੱਟ ਹੀ ਨਹੀਂ ਹੁੰਦਾ ਸਗੋਂ ਦਿਲ, ਦਿਮਾਗ, ਸਰੀਰ ਅਤੇ ਨਾੜੀਆਂ ਵੀ ਮਜ਼ਬੂਤ ਹੁੰਦੀਆਂ ਹਨ। ਖੋਜ ਅਧਿਐਨ ਅਨੁਸਾਰ ਰੋਜ਼ਾਨਾ ਸੈਰ ਕਰਨ ਨਾਲ ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦਾਂ ਤੋਂ ਨਿਜ਼ਾਤ, ਗੋਡਿਆਂ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਹੈ।

60 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਚ ਵਿਖਾਈ ਦਿੱਤਾ ਅਸਰ
ਨਵੇਂ ਅਧਿਐਨ ‘ਚ ਸਾਹਮਣੇ ਆਏ ਨਤੀਜਿਆਂ ‘ਚ ਸਭ ਤੋਂ ਵੱਡਾ ਫ਼ਰਕ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਚ ਦੇਖਿਆ ਗਿਆ ਹੈ। ਖੋਜਕਰਤਾਵਾਂ ਨੇ ਕਿਹਾ ਕਿ ਲੋਕ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਲਈ ਦਵਾਈਆਂ ‘ਤੇ ਭਰੋਸਾ ਕਰ ਰਹੇ ਹਨ। ਜਦਕਿ ਦਵਾਈਆਂ ਤੋਂ ਇਲਾਵਾ ਚੰਗੀ ਖੁਰਾਕ, ਕਸਰਤ, ਸੈਰ ਕਰਨ ਅਤੇ ਜੀਵਨ ਸ਼ੈਲੀ ਨੂੰ ਬਦਲਣ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਰੋਜ਼ਾਨਾ 2300 ਕਦਮ ਤੁਰਨ ਨਾਲ ਸਰੀਰ ‘ਚ ਚੁਸਤੀ ਆਉਂਦੀ ਹੈ।

ਘੱਟ ਸਰੀਰਕ ਗਤੀਵਿਧੀ ਦੇ ਕਾਰਨ ਹੁੰਦੀਆਂ ਨੇ ਲੱਖਾਂ ਮੌਤਾਂ
ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਹਰ ਸਾਲ 3.2 ਲੱਖ ਮੌਤਾਂ ਘੱਟ ਫ਼ੀ ਸਰੀਰਕ ਗਤੀਵਿਧੀ ਦੇ ਕਾਰਨ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕਾਫ਼ੀ ਦੇਰ ਤੱਕ ਬੈਠਣ ਨਾਲ ਵੀ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ। ਖ਼ਾਸ ਤੌਰ ‘ਤੇ ਜਿਹੜੇ ਲੋਕ ਦਫ਼ਤਰੀ ਕੰਮ ਕਰਦੇ ਹਨ, ਉਨ੍ਹਾਂ ਨੂੰ ਸਾਰਾ ਦਿਨ ਇਕ ਹੀ ਸਥਿਤੀ ਵਿੱਚ ਬੈਠਣਾ ਪੈਂਦਾ ਹੈ, ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੁਝ ਦੇਰ ਖੜ੍ਹੇ ਰਹਿਣ, ਸਰੀਰਕ ਗਤੀਵਿਧੀ ਕਰਨ ਅਤੇ ਸੈਰ ਕਰਦੇ ਰਹਿਣ ਨਾਲ ਸਰੀਰ ਫਿੱਟ ਰਹਿੰਦਾ ਹੈ।

5,000 ਕਦਮ ਚੱਲਣ ਨਾਲ ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਖੋਜਕਰਤਾਵਾਂ ਅਨੁਸਾਰ ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਰੋਜ਼ਾਨਾ ਕਸਰਤ ਅਤੇ ਸੈਰ ਕਰਨੀ ਚਾਹੀਦੀ ਹੈ। ਰੋਜ਼ਾਨਾ 5,000 ਕਦਮ ਚੱਲਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ, ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਨਾਲ ਤੁਹਾਡਾ ਐਨਰਜੀ ਲੈਵਲ ਵੱਧ ਜਾਂਦਾ ਹੈ। ਤੁਸੀਂ ਚੰਗੀ ਖੁਰਾਕ ਦਾ ਸੇਵਨ ਕਰਕੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ, ਜਿਸ ਨਾਲ ਸਰੀਰ ਫਿੱਟ ਰਹਿੰਦਾ ਹੈ। ਇਸ ਤੋਂ ਇਲਾਵਾ ਤੁਹਾਡੀ ਮਾਨਸਿਕ ਸਿਹਤ ਵੀ ਚੰਗੀ ਰਹਿੰਦੀ ਹੈ।

ਕਿਵੇਂ ਪਾਈਏ ਪੈਦਲ ਚੱਲਣ ਦੀ ਆਦਤ?

. ਰੋਜ਼ਾਨਾ ਪੈਦਲ ਚੱਲਣ ਦੀ ਆਦਤ ਪਾਉਣ ਲਈ ਤੁਸੀਂ ਬੱਸ ਜਾਂ ਕਾਰ ਦੀ ਥਾਂ ਪੈਦਲ ਜਾਣਾ ਸ਼ੁਰੂ ਕਰ ਸਕਦੇ ਹੋ। ਨੇੜੇ ਕਿਸੇ ਥਾਂ ‘ਤੇ ਜਾਣ ਲਈ ਤੁਸੀਂ ਪੈਦਲ ਜਾ ਸਕਦੇ ਹੋ।
. ਜੇਕਰ ਤੁਸੀਂ ਕਿਸੇ ਦਫ਼ਤਰ ਵਿੱਚ ਕੰਮ ਕਰਦੇ ਹੋ, ਤਾਂ ਉੱਠਣ ਤੋਂ ਬਾਅਦ ਸੈਰ ਕਰਨ ਦਾ ਇਕ ਸਹੀ ਸਮਾਂ ਨਿਸ਼ਚਿਤ ਕਰੋ।
. ਸੈਰ ਕਰਨ ਲਈ ਤੁਸੀਂ ਬੱਚਿਆਂ ਨਾਲ ਪਾਰਕ ਜਾ ਸਕਦੇ ਹੋ, ਜਿਥੇ ਤੁਸੀਂ ਬੱਚਿਆਂ ਦੇ ਨਾਲ ਸੈਰ ਕਰ ਸਕਦੇ ਹੋ।
. ਜੇਕਰ ਤੁਹਾਡੇ ਘਰ ‘ਚ ਕੁੱਤਾ ਹੈ ਤਾਂ ਉਸ ਨੂੰ ਘੁਮਾਉਣ ਦੇ ਚੱਕਰ ਵਿੱਚ ਸੈਰ ਕਰ ਸਕਦੇ ਹੋ।
. ਜੇਕਰ ਤੁਸੀਂ ਕਿਸੇ ਨਾਲ ਫੋਨ ‘ਤੇ ਗੱਲਬਾਤ ਕਰ ਰਹੇ ਹੋ ਤਾਂ ਸੈਰ ਕਰਦੇ ਹੋਏ ਕਰੋ।

ਇਸ ਖ਼ਬਰ ਬਾਰੇ ਕੁਮੈਂਟ ਕਰੋ-