ਮੇਰਾ ਦੇਸ਼ ਮੇਰੀ ਮਾਟੀ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਵੱਲੋਂ ਲਗਾਏ ਪੱਥਰਾਂ ਨਾਲ ਛੇੜਛਾੜ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਆਨ
ਚੰਡੀਗੜ੍ਹ – ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਪ ਸਰਕਾਰ ਵੱਲੋਂ ਮੇਰਾ ਦੇਸ਼ ਮੇਰੀ ਮਾਟੀ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਵਲੋਂ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਿਆਂ ਦੇ ਪਿੰਡਾਂ ਵਿਚ ਮਹਾਨ ਸ਼ਹੀਦਾਂ ਦੇ ਸਨਮਾਨ ਵਿਚ ਲਗਾਏ ਜਾ ਰਹੇ ਯਾਦਗਾਰੀ ਪੱਥਰਾਂ ਨਾਲ ਛੇੜਛਾੜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਸੁਨੀਲ ਜਾਖੜ ਨੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੀ ਕੁਰਬਾਨੀ ਤੋਂ ਅਗਲੀਆਂ ਪੀੜ੍ਹੀਆਂ ਸੇਧ ਲੈ ਸਕਣ ਇਸ ਲਈ ਦੇਸ਼ ਲਈ ਆਪਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਭਾਰਤ ਸਰਕਾਰ ਵੱਲੋਂ ਪਿੰਡਾਂ ਵਿਚ ਯਾਦਗਾਰੀ ਪੱਥਰ ਲਗਾਏ ਜਾਣ ਲਈ ਭੇਜੇ ਗਏ ਸਨ ਪਰ ਹਰ ਵਾਰ ਦੀ ਤਰਾਂ ਨੀਂਵੇਂ ਪੱਧਰ ਦੀ ਰਾਜਨੀਤੀ ਕਰਨ ਦੀ ਆਦੀ ਹੋਈ ਆਪ ਸਰਕਾਰ ਨੇ ਇੰਨ੍ਹਾਂ ਪੱਥਰਾਂ ਤੇ ਲਿਖੀ ਇਬਾਰਤ ਨੂੰ ਮਿਟਾ ਕੇ ਉਸਤੇ ਆਪਣੇ ਸਟੀਕਰ ਲਗਾਉਣ ਦੀ ਕੋਝੀ ਹਰਕਤ ਕੀਤੀ ਹੈ।
ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾਇਆ ਕਿ ਉਹ ਨਿੱਤ ਦਿਨ ਸ਼ਹੀਦਾਂ ਦੇ ਨਾਂਅ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਹਨ, ਚੰਗਾ ਹੁੰਦਾ ਜੇਕਰ ਉਹ ਸ਼ਹੀਦਾਂ ਦੀ ਸੋਚ ਦਾ ਕੁਝ ਹਿੱਸਾ ਆਪਣੇ ਕੰਮ ਕਾਰ ਅਤੇ ਆਪਣੀ ਸੋਚ ਵਿਚ ਵੀ ਸ਼ਾਮਿਲ ਕਰਦੇ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਵੱਲੋਂ ਲਗਾਏ ਜਾ ਰਹੇ ਯਾਦਗਾਰੀ ਪੱਥਰਾਂ ਨਾਲ ਛੇੜਛਾੜ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਤਰਾਂ ਕਰਕੇ ਪੰਜਾਬ ਦੀ ਆਪ ਸਰਕਾਰ ਨੇ ਆਪਣੀ ਨਿੱਕੀ ਸੋਚ ਦਾ ਹੀ ਪ੍ਰਗਟਾਵਾ ਕੀਤਾ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਦੀਆਂ ਨੀਵੇਂ ਪੱਧਰ ਦੀਆਂ ਹਰਕਤਾਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਤੁਰੰਤ ਯਾਦਗਾਰੀ ਪੱਥਰਾਂ ਨਾਲ ਕੀਤੀ ਜਾ ਰਹੀ ਛੇੜਛਾੜ ਬੰਦ ਕਰਨ ਦੇ ਹੁਕਮ ਦੇਣ ਨਹੀਂ ਤਾਂ ਇਸ ਛੇੜਛਾੜ ਰਾਹੀਂ ਲਗਾਏ ਜਾ ਰਹੇ ਸਟੀਕਰ ਅਸਲ ਵਿਚ ਉਨ੍ਹਾਂ ਦੇ ਸਿਆਸੀ ਕੈਰੀਅਰ ਤੇ ਹੀ ਦਾਗ ਬਣਕੇ ਚਮਕਣਗੇ।